ਭਾਰਤੀ ਮੂਲ ਦੀ ਜੱਜ ਨੇ ਬਲਾਤਕਾਰ ਦੇ ਦੋਸ਼ੀ ਸਕਾਟਲੈਂਡ ਯਾਰਡ ਪੁਲਿਸ ਦੇ ਸਾਬਕਾ ਅਧਿਕਾਰੀ ਨੂੰ ਸੁਣਾਈ 30 ਸਾਲ ਦੀ ਸਜ਼ਾ
ਲੰਦਨ ਦੀ 'ਸਾਊਥ ਵਾਰਕ ਕਰਾਊਨ ਕੋਰਟ' ਵਿੱਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਪਰਮਜੀਤ ਕੌਰ 'ਬੌਬੀ' ਚੀਮਾਂ ਗ੍ਰਬ ਨੇ ਬਲਾਤਕਾਰ ਦੇ ਦੋਸ਼ੀ 48 ਸਾਲਾ ਡੇਵਿਡ ਕੈਰਿਕ ਨੂੰ ਸਜ਼ਾ ਸੁਣਾਉਂਦੇ ਕਿਹਾ ਕਿ ਪੈਰੋਲ ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ 30 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਹੋਵੇਗਾ।
ਲੰਦਨ: ਲੰਬੇ ਅਰਸੇ ਤੱਕ ਇੰਗਲੈਂਡ ਵਿੱਚ ਸੁਰਖੀਆਂ ਚ ਬਣੇ ਰਹੇ ਇਕ ਬੇਹੱਦ ਹੈਰਤਅੰਗੇਜ਼ ਮਾਮਲੇ ਵਿੱਚ ਭਾਰਤੀ ਮੂਲ ਦੀ ਇੱਕ ਜੱਜ ਨੇ ਉੱਥੇ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਇੱਕ ਪੁਲਿਸ ਅਫਸਰ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਦਿਆਂ ਉਸ ਨੂੰ 30 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਸ ਨੂੰ ਪਿਛਲੇ 17 ਸਾਲਾਂ ਦੌਰਾਨ ਬਤੌਰ ‘ਸੀਰੀਅਲ ਰੇਪਿਸਟ’ ਘੱਟੋ ਘੱਟ 12 ਔਰਤਾਂ ਨਾਲ ਹਿੰਸਾਤਮਕ ਅਤੇ ਬੇਹੱਦ ਯਾਤਨਾਕਾਰੀ ਸ਼ਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਉਦਿਆਂ ਸੁਣਾਈ ਗਈ।
ਉਸ ਨੂੰ 12 ਔਰਤਾਂ ਨਾਲ 24 ਵਾਰ ਬਲਾਤਕਾਰ ਕਰਨ ਅਤੇ ਉਹਨਾਂ ਨੂੰ ਫਰਜ਼ੀ ਮਾਮਲਿਆਂ ਵਿੱਚ ਫਸਾ ਦੇਣ ਦੀ ਧਮਕੀਆਂ ਦਿੰਦੇ ਹੋਏ ਉਨ੍ਹਾਂ ਦਾ ਸ਼ਰੀਰਿਕ ਸ਼ੋਸ਼ਣ ਕਰਨ ਸਮੇਤ 49 ਜੁਰਮਾਂ ਵਿੱਚ ਇਹ ਸਜ਼ਾ ਸੁਣਾਈ ਗਈ। ਪਹਿਲੀ ਵਾਰ ਉਸ ਦੇ ਖਿਲਾਫ਼ ਇਲਜਾਮ ਲਗਾਏ ਜਾਣ ਮਗਰੋਂ ਉਸ ਨੂੰ ਪਿਛਲੇ ਮਹੀਨੇ ਹੀ ਪੁਲਿਸ ਵਿਭਾਗ ਚੋਂ ਕੱਢ ਬਾਹਰ ਕੀਤਾ ਗਿਆ ਸੀ।
ਲੰਦਨ ਦੀ ‘ਸਾਊਥ ਵਾਰਕ ਕਰਾਊਨ ਕੋਰਟ’ ਵਿੱਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਪਰਮਜੀਤ ਕੌਰ ‘ਬੌਬੀ’ ਚੀਮਾਂ ਗ੍ਰਬ ਨੇ ਬਲਾਤਕਾਰ ਦੇ ਦੋਸ਼ੀ 48 ਸਾਲ ਦੇ ਡੇਵਿਡ ਕੈਰਿਕ ਨੂੰ ਸਜ਼ਾ ਸੁਣਾਉਂਦੇ ਕਿਹਾ ਕਿ ਉਸ ਦੀ ਪੈਰੋਲ ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ 30 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਹੋਵੇਗਾ।
ਜਸਟਿਸ ਪਰਮਜੀਤ ਕੌਰ ਨੇ ਇਸ ਪੁਲਿਸ ਅਧਿਕਾਰੀ ਨੂੰ ਨੈਤਿਕ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਲੰਘਦੇ ਹੋਏ ਬਲਾਤਕਾਰ ਵਰਗੇ ਸੰਗੀਨ ਜ਼ੁਰਮ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਪੀੜਤ ਔਰਤਾਂ ਨੇ ਇਸ ਦੇ ਖਿਲਾਫ ਸ਼ਿਕਾਇਤ ਦੇ ਕੇ ਬੜਾ ਚੰਗਾ ਕੰਮ ਕੀਤਾ।


