ਪਾਕਿਸਤਾਨ ‘ਚ ਬੇਅਦਬੀ ਦੇ ਅਰੋਪੀ ‘ਕੁਫ਼ਰ’ ਨੂੰ ਥਾਣੇ ਚੋਂ ਬਾਹਰ ਘਸੀਟ ਕੇ ਮਾਰ ਕੁਟਾਈ ਮਗਰੋਂ ਅੱਗ ਲਾ ਦਿੱਤੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਪੰਜਾਬ ਦੇ ਆਈਜੀਪੀ ਉਸਮਾਨ ਅਨਵਰ ਨੇ ਨਨਕਾਨਾ ਸਾਹਿਬ ਸਰਕਲ ਦੇ ਡੀਐਸਪੀ ਨਵਾਜ਼ ਵਿਰਕ ਅਤੇ ਵਰਬਰਟਨ ਥਾਣੇ ਦੇ ਐਸਐਚਓ ਫਿਰੋਜ਼ ਭੱਟੀ ਨੂੰ ਸਸਪੈਂਡ ਕਰ ਦਿੱਤਾ ਹੈ।
ਲਾਹੌਰ : ਇੱਥੋਂ ਕਰੀਬ 80 ਕਿਲੋਮੀਟਰ ਦੂਰ ਪੂਰਵੀ ਪਾਕਿਸਤਾਨ ਦੇ ਨਨਕਾਣਾ ਸਾਹਿਬ ‘ਚ ਪੈਂਦੇ ਥਾਣਾ ਵਰਬਰਟਨ ਦੇ ਅੰਦਰ ਜਬਰਦਸਤੀ ਘੁਸ ਕੇ ਗੁੱਸਾਈ ਭੀੜ ਨੇ ਬੇਅਦਬੀ ਯਾਨੀ ‘ਈਸ਼ ਨਿੰਦਾ’ (ਕੁਫ਼ਰ) ਦੇ ਅਰੋਪੀ ਨੂੰ ਬਾਹਰ ਘਸੀਟ ਕੇ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਅਤੇ ਬਾਅਦ ਵਿੱਚ ਉਸ ਨੂੰ ਅੱਗ ਲਾ ਦਿੱਤੀ। ਪੁਲਿਸ ਪ੍ਰਵਕਤਾ ਮੁਹੰਮਦ ਵਕਾਸ ਵੱਲੋਂ ਇਸ ਮਾਮਲੇ ‘ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੁਰਾਨ ਦੀ ਬੇਅਦਬੀ ਕਰਨ ਦੇ ਅਰੋਪੀ ਵਾਰਿਸ ਇੱਸਾ ਨੂੰ ਗੁੱਸਾਈ ਭੀੜ ਨੇ ਥਾਣੇ ਦਾ ਉੱਚਾ ਗੇਟ ਟੱਪ ਕੇ ਜਬਰਦਸਤੀ ਉਸ ਨੂੰ ਬਾਹਰ ਲਿਆਂਦਾ ਅਤੇ ਗਲੀਆਂ ਵਿੱਚ ਘਸੀਟਦੇ ਹੋਏ ਉਸਦੀ ਬੁਰੀ ਤਰ੍ਹਾਂ ਮਾਰਕੁਟਾਈ ਕਰਨ ਮਗਰੋਂ ਉਸ ਦੇ ਕੱਪੜੇ ਉਤਾਰ ਕੇ ਉਸਨੂੰ ਅੱਗ ਲਾ ਦਿੱਤੀ।
ਪੰਜਾਬ ਦੇ ਆਈਜੀਪੀ ਉਸਮਾਨ ਅਨਵਰ ਨੇ ਨਨਕਾਨਾ ਸਾਹਿਬ ਸਰਕਲ ਦੇ ਡੀਐਸਪੀ ਨਵਾਜ਼ ਵਿਰਕ ਅਤੇ ਵਰਬਰਟਨ ਥਾਣੇ ਦੇ ਐਸਐਚਓ ਫਿਰੋਜ਼ ਭੱਟੀ ਨੂੰ ਸਸਪੈਂਡ ਕਰ ਦਿੱਤਾ ਹੈ।
ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਇਲਾਕੇ ਵਿੱਚ ਰਹਿਣ ਵਾਲੇ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਵਾਰਿਸ ਇੱਸਾ ਦੋ ਸਾਲ ਜੇਲ ਦੀ ਸਜ਼ਾ ਕੱਟਣ ਤੋਂ ਬਾਅਦ ਵਾਪਿਸ ਆਇਆ ਸੀ, ਅਤੇ ਧਾਰਮਿਕ ਪੁਸਤਕ ਉੱਤੇ ਆਪਣੀ ਪਹਿਲੀ ਬੀਵੀ ਦੀ ਤਸਵੀਰਾਂ ਚਿਪਕਾ ਕੇ ਜਾਦੂ ਟੂਣੇ ਕਰਦਾ ਰਹਿੰਦਾ ਸੀ। ਇਸ ਦਰਿੰਦਗੀ ਭਰੀ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਪੁਸ਼ਟੀ ਪਾਕਿਸਤਾਨ ਪੁਲਿਸ ਵੱਲੋਂ ਵੀ ਕੀਤੀ ਜਾ ਰਹੀ ਹੈ, ਉਸ ਵਿੱਚ ਇੱਕ ਵੱਡੀ ਭੀੜ ਇਸ ਅਰੋਪੀ ਨੂੰ ਲੱਤਾਂ ਤੋਂ ਫੜ ਕੇ ਘਸੀਟਦੇ ਹੋਏ ਗਲੀਆਂ ਵਿੱਚ ਲੈ ਕੇ ਆਉਂਦੀ ਹੈ, ਉਸ ਦੇ ਕੱਪੜੇ ਉਤਾਰ ਦਿੰਦੀ ਹੈ ਅਤੇ ਲਾਠੀਆਂ ਅਤੇ ਰਾਡਾਂ ਨਾਲ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹੁਕਮ ਦਿੱਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਹਿੰਸਕ ਭੀੜ ਨੂੰ ਥਾਣੇ ਵਿੱਚ ਜਬਰਦਸਤੀ ਖੁਸਣ ਤੋਂ ਨਹੀਂ ਰੋਕੇ ਜਾਣ ਤੇ ਵੀ ਸਵਾਲ ਚੁੱਕਦੀਆਂ ਨਨਕਾਣਾ ਸਾਹਿਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਦੇ ਆਈਜੀਪੀ ਨੂੰ ਨਿਰਦੇਸ਼ ਦੇ ਦਿੱਤੇ ਹਨ। ਸ਼ਹਿਬਾਜ਼ ਸ਼ਰੀਫ ਵੱਲੋਂ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਅਤੇ ਕਾਨੂੰਨ ਦੀ ਰੱਖਿਆ ਹੋਣੀ ਚਾਹੀਦੀ ਹੈ।
ਅੰਤਰਰਾਸ਼ਟਰੀ ਮਾਨਵ ਅਧਿਕਾਰ ਸਮੂਹਾਂ ਨੇ ਕਿੱਤੀ ਅਲੋਚਨਾ
ਅੰਤਰਰਾਸ਼ਟਰੀ ਮਾਨਵ ਅਧਿਕਾਰ ਸਮੂਹਾਂ ਵੱਲੋਂ ਪਾਕਿਸਤਾਨ ਵਿੱਚ ਹਰ ਰੋਜ਼ ਵਾਪਰਦੀਆਂ ਅਜਿਹੀਆਂ ਬੇਅਦਬੀ ਦੀਆਂ ਵਾਰਦਾਤਾਂ ਦੇ ਅਰੋਪੀ ਨੂੰ ਜਾਨੋਂ ਮਾਰ ਦਿੱਤੇ ਜਾਣ ਦੀ ਵਾਰਦਾਤਾਂ ਨੂੰ ਰੋਕਣ ਲਈ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਨਹੀਂ ਕੀਤੇ ਜਾਣ ਦੀ ਕੜੀ ਅਲੋਚਨਾ ਕੀਤੀ ਜਾਂਦੀ ਰਹਿੰਦੀ ਹੈ।
ਸ੍ਰੀਲੰਕਾ ਦੇ ਰਹਿਣ ਵਾਲੇ ਵਿਅਕਤੀ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਸੀ
ਦਸੰਬਰ, 2021 ਨੂੰ ਪੰਜਾਬ ਦੇ ਸਿਆਲਕੋਟ ਸਿਟੀ ‘ਚ ਭੀੜ ਨੇ ਉਥੇ ਇੱਕ ਕਾਰਖਾਨੇ ‘ਚ ਕੰਮ ਕਰਦੇ ਸ੍ਰੀਲੰਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੀ ਬੇਅਦਬੀ ਦਾ ਅਰੋਪ ਲਾਉਂਦਿਆਂ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪਿਛਲੇ ਸਾਲ ਲਾਹੌਰ ਦੀ ‘ਐਂਟੀ ਟੈਰਰਿਜ਼ਮ ਕੋਰਟ’ ਵੱਲੋਂ ਸ੍ਰੀਲੰਕਾ ਦੇ ਰਹਿਣ ਵਾਲੇ ਪ੍ਰਿਯੰਥਾ ਕੁਮਾਰਾ ਦੀ ਕੁੱਟ-ਕੁੱਟ ਕੇ ਹੱਤਿਆ ਮਾਮਲੇ ਵਿੱਚ 88 ਹਮਲਾਵਰਾਂ ਨੂੰ ਸਜ਼ਾ ਸੁਣਾਈ ਗਈ ਸੀ, ਅਤੇ ਉਹਨਾਂ ਵਿਚੋਂ 6 ਨੂੰ ਸਜ਼ਾ-ਏ-ਮੌਤ ਦਿੱਤੀ ਗਈ।