ਹਮਾਸ ਕਮਾਂਡਰ ਦੀ ਧਮਕੀ, ਇਜ਼ਰਾਈਲ ਤੋਂ ਬਾਅਦ ਪੂਰੀ ਦੁਨੀਆ ‘ਤੇ ਹੋਵਗਾ ਰਾਜ
Israel Palestine Conflict: ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਹਮਾਸ ਦੇ ਸੀਨੀਅਰ ਕਮਾਂਡਰ ਮਹਿਮੂਦ ਅਲ ਜਹਰ ਦਾ ਇੱਕ ਵੀਡੀਓ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਵੀਡੀਓ ਵਿੱਚ ਉਹ ਇਜ਼ਰਾਈਲ ਨੂੰ ਧਮਕੀ ਦੇ ਰਿਹਾ ਹੈ। ਉਸ ਦਾ ਨਿਸ਼ਾਨਾ ਸਿਰਫ਼ ਇਜ਼ਰਾਈਲ ਹੈ। ਗਾਜ਼ਾ 'ਚ ਅੱਤਵਾਦੀਆਂ ਨੇ ਲੱਗਭਗ 150 ਇਜ਼ਰਾਇਲੀ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹਮਾਸ ਨੇ ਪਿਛਲੇ 5 ਦਿਨਾਂ 'ਚ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਹਨ।
ਇਜ਼ਰਾਈਲ ਅਤੇ ਹਮਾਸ (Hamas) ਵਿਚਾਲੇ ਪਿਛਲੇ 6 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਲੜਾਈ ਦੇ ਵਿੱਚਕਾਰ ਹਮਾਸ ਕਮਾਂਡਰ ਮਹਿਮੂਦ ਅਲ ਜਹਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਸਦਾ ਨਿਸ਼ਾਨਾ ਸਿਰਫ਼ ਇਜ਼ਰਾਈਲ ਹੈ। ਇੱਕ ਦਿਨ ਸਾਰੀ ਦੁਨੀਆ ਸਾਡੇ ਕਾਨੂੰਨਾਂ ਦੇ ਅਧੀਨ ਹੋਵੇਗੀ। ਇਹ ਵੀਡੀਓ ਮੈਮੋਰੀ ਟੀਵੀ ‘ਤੇ ਪ੍ਰਸਾਰਿਤ ਕੀਤਾ ਗਿਆ ਹੈ। ਵੀਡੀਓ ਵਿੱਚ ਉਸ ਨੇ ਕਿਹਾ ਕਿ 510 ਮਿਲੀਅਨ ਵਰਗ ਕਿਲੋਮੀਟਰ ਦਾ ਇਲਾਕਾ ਇੱਕ ਅਜਿਹੀ ਪ੍ਰਣਾਲੀ ਦੇ ਅਧੀਨ ਆਵੇਗਾ ਜਿੱਥੇ ਕਿਸੇ ਨਾਲ ਜ਼ਬਰ ਨਹੀਂ ਹੋਵੇਗਾ। ਇਸ ਇਲਾਕੇ ‘ਚ ਕੋਈ ਬੇਇਨਸਾਫ਼ੀ, ਕੋਈ ਜ਼ੁਲਮ, ਕੋਈ ਕਤਲ ਅਤੇ ਕੋਈ ਅਪਰਾਧ ਨਹੀਂ ਹੋਵੇਗਾ ਜਿਵੇਂ ਕਿ ਫਲਿਸਤੀਨ ਅਤੇ ਅਰਬ ਦੇਸ਼ਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਦੇ ਇੰਟਰਨੈੱਟ ‘ਤੇ ਵਾਇਰਲ ਹੋਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਦਾ ਬਿਆਨ ਤੁਰੰਤ ਸਾਹਮਣੇ ਆਇਆ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਹਮਾਸ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਹਮਾਸ ਦੇ ਹਰ ਮੈਂਬਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ।
ਇਜ਼ਰਾਈਲ-ਹਮਾਸ ਜੰਗ ‘ਚ ਹੋਈ 2500 ਲੋਕਾਂ ਦੀ ਮੌਤ
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਇਲ ‘ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ‘ਤੇ ਤੇਜ਼ ਹਮਲੇ ਕੀਤੇ ਅਤੇ ਇਜ਼ਰਾਇਲੀ ਪੀਐਮ ਨੇ ਜੰਗ ਦਾ ਐਲਾਨ ਕਰ ਦਿੱਤਾ। ਇਸ ਜੰਗ ਵਿੱਚ ਹੁਣ ਤੱਕ ਕੁੱਲ੍ਹ ਮਿਲਾ ਕੇ 2500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ‘ਚ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਮਾਸ ਦੇ 1200 ਲੋਕ ਵੀ ਆਪਣੀ ਜਾਨ ਗੁਆ ਚੁੱਕੇ ਹਨ।
ਗਾਜ਼ਾ ਪੱਟੀ ‘ਚ ਹਵਾਈ ਹਮਲੇ ਜਾਰੀ
ਹਮਾਸ ਦੇ ਹਮਲੇ ਤੋਂ ਬਾਅਦ ਤੋਂ ਹੀ ਇਜ਼ਰਾਈਲ ਗਾਜ਼ਾ ਪੱਟੀ ਵਿੱਚ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ। ਬਹੁਤ ਸਾਰੇ ਇਲਾਕੇ ਮਲਬੇ ਵਿੱਚ ਤਬਦੀਲ ਹੋ ਚੁੱਕੇ ਹਨ। ਹਸਪਤਾਲਾਂ ‘ਚ ਜ਼ਰੂਰੀ ਦਵਾਈਆਂ ਖ਼ਤਮ ਹੋ ਰਹੀਆਂ ਹਨ। ਕਰੀਬ 20 ਲੱਖ ਲੋਕਾਂ ਦੇ ਘਰਾਂ ਵਿੱਚ ਬਿਜਲੀ ਬੰਦ ਹੈ। ਉਥੋਂ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਜ਼ਰਾਇਲੀ ਹਮਲੇ ਤੋਂ ਬਾਅਦ ਹਮਾਸ ਦੀ ਹਾਲਤ ਕਮਜ਼ੋਰ ਹੋ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਹਮਾਸ ਨੇ ਜੰਗ ਸ਼ੁਰੂ ਕੀਤੀ, ਪਰ ਅਸੀਂ ਇਸ ਨੂੰ ਖਤਮ ਕਰਾਂਗੇ।