ਫਰਾਂਸ ‘ਚ ਮੈਕਰੋਂ ਸਰਕਾਰ ਖ਼ਿਲਾਫ਼ 3.20 ਲੱਖ ਲੋਕ ਸੜਕਾਂ ‘ਤੇ ਉਤਰੇ, ਤਿੰਨ ਹਫ਼ਤਿਆਂ ਦੀ ਹਿੰਸਾ ‘ਚ 10 ਹਜ਼ਾਰ ਕਰੋੜ ਦਾ ਨੁਕਸਾਨ

Published: 

01 Nov 2026 08:07 AM IST

ਫਰਾਂਸ 'ਚ ਮਹਿੰਗਾਈ ਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਲਗਾਤਾਰ ਤੀਜੇ ਵੀਕੈਂਡ ਪ੍ਰਦਰਸ਼ਨ ਹੋਏ। ਸ਼ਨੀਵਾਰ ਨੂੰ ਦੇਸ਼ ਭਰ 'ਚ 3.20 ਲੱਖ ਲੋਕ ਸੜਕਾਂ 'ਤੇ ਉਤਰੇ। ਹੈਲੋਵੀਨ ਮੌਕੇ ਮਾਸਕ ਪਹਿਨ ਕੇ ਹਿੰਸਾ ਫੈਲਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਫਰਾਂਸ ਚ ਮੈਕਰੋਂ ਸਰਕਾਰ ਖ਼ਿਲਾਫ਼ 3.20 ਲੱਖ ਲੋਕ ਸੜਕਾਂ ਤੇ ਉਤਰੇ, ਤਿੰਨ ਹਫ਼ਤਿਆਂ ਦੀ ਹਿੰਸਾ ਚ 10 ਹਜ਼ਾਰ ਕਰੋੜ ਦਾ ਨੁਕਸਾਨ

ਫਰਾਂਸ ‘ਚ ਮਹਿੰਗਾਈ ਅਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਲਗਾਤਾਰ ਤੀਜੇ ਵੀਕੈਂਡ ਪ੍ਰਦਰਸ਼ਨ ਹੋਏ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ, ਸ਼ਨੀਵਾਰ ਨੂੰ ਦੇਸ਼ ਭਰ ‘ਚ ਲਗਭਗ 3.20 ਲੱਖ ਲੋਕ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਇਨ੍ਹਾਂ ‘ਚੋਂ 70 ਹਜ਼ਾਰ ਲੋਕ ਪੈਰਿਸ ‘ਚ ਸਨ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ 4.10 ਲੱਖ ਤੇ 17 ਅਕਤੂਬਰ ਨੂੰ 5.50 ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ।

ਸ਼ਨੀਵਾਰ ਨੂੰ ਪੈਰਿਸ ਸਮੇਤ ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਪੈਰਿਸ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਲਿਓਨ ਤੇ ਟੂਲੂਜ਼ ‘ਚ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਮਾਰਸੇਈ ‘ਚ ਵੀ ਤਣਾਅ ਦੇਖਣ ਨੂੰ ਮਿਲਿਆ।

ਪ੍ਰਦਰਸ਼ਨ ਦੁਪਹਿਰ ਤੱਕ ਸ਼ਾਂਤੀਪੂਰਨ ਰਹੇ, ਪਰ ਮਾਰਚ ਖ਼ਤਮ ਹੋਣ ਸਮੇਂ ਹਿੰਸਾ ਸ਼ੁਰੂ ਹੋ ਗਈ। ਅਧਿਕਾਰੀਆਂ ਨੂੰ ਡਰ ਸੀ ਕਿ ਕੁਝ ਲੋਕ ਹੈਲੋਵੀਨ ਦੇ ਜਸ਼ਨ ਦੌਰਾਨ ਹਿੰਸਾ ਕਰ ਸਕਦੇ ਸਨ। ਉਹ ਮਾਸਕ ਪਹਿਨ ਕੇ ਆਪਣੀ ਪਛਾਣ ਵੀ ਲੁਕਾ ਸਕਦੇ ਹਨ। ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਕਿਹਾ ਕਿ ਹੈਲੋਵੀਨ ਦੀ ਰਾਤ ਹਿੰਸਾ ਫੈਲਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠੇਗੀ।

4 ਸ਼ਹਿਰਾਂ ‘ਚ ਲੁੱਟਮਾਰ ਦੀ ਕੋਸ਼ਿਸ਼

ਗ੍ਰਹਿ ਮੰਤਰਾਲੇ ਮੁਤਾਬਕ, ਬੋਰਦੋ, ਟੂਲੂਜ਼, ਲਿਓਨ ਤੇ ਮਾਰਸੇਈ ‘ਚ ਕੁਝ ਸਮੂਹਾਂ ਨੇ ਪ੍ਰਦਰਸ਼ਨ ਤੋਂ ਵੱਖ ਹੋ ਕੇ ਭੰਨਤੋੜ ਤੇ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਰੇਲਵੇ ਸਟੇਸ਼ਨਾਂ ਤੇ ਸੜਕਾਂ ‘ਤੇ ਜਾਂਚ ਦੌਰਾਨ ਕੁਝ ਲੋਕਾਂ ਕੋਲੋਂ ਅਜਿਹੀਆਂ ਚੀਜ਼ਾਂ ਮਿਲੀਆਂ, ਜਿਨ੍ਹਾਂ ਦੀ ਵਰਤੋਂ ਹਥਿਆਰਾਂ ਵਜੋਂ ਕੀਤੀ ਜਾ ਸਕਦੀ ਸੀ।

ਪ੍ਰਦਰਸ਼ਨ ‘ਚ ਵਿਦਿਆਰਥੀ, ਮਜ਼ਦੂਰ ਸੰਗਠਨਾਂ ਤੇ ਯੈਲੋ ਵੈਸਟ ਅੰਦੋਲਨ ਨਾਲ ਜੁੜੇ ਲੋਕ ਸ਼ਾਮਲ ਹੋਏ। ਉਹ ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਉੱਚੀਆਂ ਕੀਮਤਾਂ ਤੇ ਸਰਕਾਰੀ ਸੇਵਾਵਾਂ ‘ਚ ਸੁਧਾਰ ਦੀ ਮੰਗ ਕਰ ਰਹੇ ਹਨ। ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ’ਚ ਬਦਲਾਅ ਵੀ ਚਾਹੁੰਦੇ ਹਨ।

ਹੈਲੋਵੀਨ ਮੌਕੇ ਮਾਸਕ ਪਹਿਨ ਕੇ ਹਿੰਸਾ ਹੋਣ ਦਾ ਖ਼ਦਸ਼ਾ

17 ਅਕਤੂਬਰ ਨੂੰ ਹੋਈ ਹਿੰਸਾ ਤੇ ਲੁੱਟਮਾਰ ਦੌਰਾਨ ਦੁਕਾਨਾਂ, ਕਾਰੋਬਾਰੀ ਅਦਾਰਿਆਂ ਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਦੌਰਾਨ ਸੁਰੱਖਿਆ ਬਲ ਵੀ ਹਾਲਾਤ ਸੰਭਾਲਣ ‘ਚ ਨਾਕਾਮ ਰਹੇ ਸਨ। ਹੁਣ ਅਧਿਕਾਰੀਆਂ ਨੂੰ ਡਰ ਹੈ ਕਿ ਹਿੰਸਾ ਕਰਨ ਵਾਲੇ ਲੋਕ ਹੈਲੋਵੀਨ ਦੇ ਮਾਸਕ ਪਹਿਨ ਕੇ ਆਪਣੀ ਪਛਾਣ ਲੁਕਾ ਸਕਦੇ ਹਨ। ਗ੍ਰਹਿ ਮੰਤਰੀ ਨੂਨੇਜ਼ ਨੇ ਕਿਹਾ ਕਿ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਤਰਾ ਹੋਣ ‘ਤੇ ਪੁਲਿਸ ਵੱਲੋਂ ਚਿਹਰਾ ਢਕਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਪੈਰਿਸ ‘ਚ ਪ੍ਰਦਰਸ਼ਨ ਦੀ ਅਗਵਾਈ ਖੱਬੇ ਪੱਖੀ ਆਗੂ ਜਾਂ-ਲਿਊਕ ਮੇਲਾਂਸ਼ੋਂ ਨੇ ਕੀਤੀ। ਪ੍ਰਦਰਸ਼ਨਕਾਰੀ ਪਲਾਸ ਦ ਲਾ ਨੇਸ਼ਨ ਤੋਂ ਪਲਾਸ ਦ ਲਾ ਬਾਸਤੀਲ ਤੱਕ ਮਾਰਚ ਕੱਢਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਮੈਕਰੋਂ ਸਰਕਾਰ ‘ਤੇ ਵਧਿਆ ਆਰਥਿਕ ਦਬਾਅ

ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਮੈਕਰੋਂ ਦੀ ਸਰਕਾਰ ‘ਤੇ ਸਰਕਾਰੀ ਖਰਚੇ ਘਟਾਉਣ ਦਾ ਦਬਾਅ ਵਧ ਰਿਹਾ ਹੈ। ਰੇਟਿੰਗ ਏਜੰਸੀ ਫਿਚ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਕਰਜ਼ੇ ਬਾਰੇ ਆਪਣਾ ਨਜ਼ਰੀਆ ਬਦਲ ਕੇ ਨਕਾਰਾਤਮਕ ਕਰ ਦਿੱਤਾ ਹੈ। ਦੇਸ਼ ਦਾ ਜਨਤਕ ਕਰਜ਼ਾ ਉਸ ਦੀ ਅਰਥਵਿਵਸਥਾ ਦੇ ਆਕਾਰ ਦੇ ਲਗਭਗ 120 ਫੀਸਦੀ ਤੱਕ ਪਹੁੰਚ ਰਿਹਾ ਹੈ। ਕਰਜ਼ਾ ਲੈਣ ਦੀ ਲਾਗਤ ਵੀ ਵਧ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਤੀਜੀ ਤਿਮਾਹੀ ‘ਚ ਫਰਾਂਸ ਦੀ ਅਰਥਵਿਵਸਥਾ ‘ਚ ਗਿਰਾਵਟ ਆਈ।

ਇਹ ਅੰਦੋਲਨ ਸਤੰਬਰ ਦੇ ਆਖਰੀ ਹਫ਼ਤੇ ‘ਚ ਸ਼ੁਰੂ ਹੋਇਆ ਸੀ। ਸ਼ੁਰੂਆਤ ‘ਚ ਵਿਦਿਆਰਥੀ ਸਕੂਲਾਂ ਦੀਆਂ ਖ਼ਰਾਬ ਇਮਾਰਤਾਂ, ਕਲਾਸਾਂ ‘ਚ ਵੱਧ ਭੀੜ ਤੇ ਯੂਨੀਵਰਸਿਟੀਆਂ ‘ਚ ਦਾਖ਼ਲੇ ਦੀ ਵਿਵਸਥਾ ਖ਼ਿਲਾਫ਼ ਸੜਕਾਂ ‘ਤੇ ਉਤਰੇ ਸਨ। ਬਾਅਦ ਵਿੱਚ ਮਜ਼ਦੂਰ ਸੰਗਠਨ ਤੇ ਯੈਲੋ ਵੈਸਟ ਅੰਦੋਲਨ ਵੀ ਇਸ ‘ਚ ਸ਼ਾਮਲ ਹੋ ਗਏ।

ਸਰਕਾਰ ਨੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਤੇ ਈਂਧਨ ਦੀਆਂ ਕੀਮਤਾਂ ‘ਚ ਰਾਹਤ ਦੇਣ ਦਾ ਵਾਅਦਾ ਕੀਤਾ, ਪਰ ਪ੍ਰਦਰਸ਼ਨਕਾਰੀ ਸੰਤੁਸ਼ਟ ਨਹੀਂ ਹੋਏ। ਚੈਂਬਰ ਆਫ਼ ਕਾਮਰਸ ਮੁਤਾਬਕ, ਫਰਾਂਸ ‘ਚ ਤਿੰਨ ਹਫ਼ਤਿਆਂ ਦੀ ਹਿੰਸਾ ਕਾਰਨ ਦੁਕਾਨਦਾਰਾਂ ਨੂੰ 1 ਅਰਬ ਯੂਰੋ ਤੋਂ ਵੱਧ ਦਾ ਨੁਕਸਾਨ ਹੋਇਆ ਹੈ। Source: TV9Hindi.com

Loading...
Unable to load recommendations.
Follow Us