ਫਰਾਂਸ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ, ਇੱਕ ਸਮੁੰਦਰ ਵਿੱਚ ਡੁੱਬਿਆ ਤੇ ਦੂਜੇ ਦੀ ਸ਼ੱਕੀ ਹਾਲਾਤਾਂ ਵਿੱਚ ਗਈ ਜਾਨ
France Punjabi Deaths: ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਤੂਬਰ ਮਹੀਨੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਸਰ ਦੇ 22 ਸਾਲਾ ਆਯੂਸ਼ ਵਰਮਾ ਅਤੇ ਜਲੰਧਰ ਦੇ 42 ਸਾਲਾ ਨਰਿੰਦਰ ਕੁਮਾਰ ਵਜੋਂ ਹੋਈ ਹੈ।
ਫਰਾਂਸ 'ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਤੂਬਰ ਮਹੀਨੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਸਰ ਦੇ 22 ਸਾਲਾ ਆਯੂਸ਼ ਵਰਮਾ ਅਤੇ ਜਲੰਧਰ ਦੇ 42 ਸਾਲਾ ਨਰਿੰਦਰ ਕੁਮਾਰ ਵਜੋਂ ਹੋਈ ਹੈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ (ਪੰਜਾਬ) ਲਿਆਉਣ ਲਈ ਇੱਕ ਸਮਾਜ ਸੇਵੀ ਸੰਸਥਾ ਅਤੇ ਪੀੜਤ ਪਰਿਵਾਰਾਂ ਵੱਲੋਂ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਪਹਿਲਾ ਮਾਮਲਾ: ਸਮੁੰਦਰ ਵਿੱਚ ਨਹਾਉਂਦੇ ਸਮੇਂ ਡੁੱਬਿਆ 22 ਸਾਲਾ ਆਯੂਸ਼ ਵਰਮਾ
ਅੰਮ੍ਰਿਤਸਰ ਦੇ ਕੋਟ ਖਾਲਸਾ (ਦਸ਼ਮੇਸ਼ ਨਗਰ) ਦਾ ਰਹਿਣ ਵਾਲਾ 22 ਸਾਲਾ ਆਯੂਸ਼ ਵਰਮਾ ਕੁਝ ਸਮਾਂ ਪਹਿਲਾਂ ਹੀ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਫਰਾਂਸ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ, ਆਯੂਸ਼ ਫਰਾਂਸ ਦੇ ਮਾਰਸੇ (Marseille) ਇਲਾਕੇ ਵਿੱਚ ਸਮੁੰਦਰ ਕੰਢੇ ਨਹਾਉਣ ਗਿਆ ਸੀ।
ਇਸ ਦੌਰਾਨ ਅਚਾਨਕ ਸਮੁੰਦਰ ਵਿੱਚ ਉੱਠੀਆਂ ਤੇਜ਼ ਲਹਿਰਾਂ ਦੇ ਵਹਾਅ ਵਿੱਚ ਆਉਣ ਕਾਰਨ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 25 ਅਕਤੂਬਰ ਨੂੰ ਉਸ ਨੇ ਦਮ ਤੋੜ ਦਿੱਤਾ। ਆਯੂਸ਼ ਦਾ ਪਰਿਵਾਰ ਬੇਹੱਦ ਗਰੀਬ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਵੱਡੀ ਰਕਮ ਦੀ ਲੋੜ ਹੈ।
ਦੂਜਾ ਮਾਮਲਾ: ਬੌਬਿਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਨਰਿੰਦਰ ਦੀ ਮੌਤ
ਦੂਜਾ ਮਾਮਲਾ ਜਲੰਧਰ ਦੇ ਰੁੜਕਾ ਕਲਾਂ ਨਾਲ ਸਬੰਧਤ ਹੈ। ਇੱਥੋਂ ਦੇ ਰਹਿਣ ਵਾਲੇ 42 ਸਾਲਾ ਨਰਿੰਦਰ ਕੁਮਾਰ ਦੀ ਪੈਰਿਸ ਨੇੜੇ ਬੌਬਿਨੀ (Bobigny) ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਹ ਘਟਨਾ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇਹਾਂ ਭਾਰਤ ਲਿਆਉਣ ਲਈ ਮਦਦ ਦੀ ਅਪੀਲ
ਦੋਵਾਂ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ (ਭਾਰਤ) ਵਿੱਚ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਸਮਾਜਿਕ ਸੰਸਥਾ ‘ਆਰਡਨ’ (Ordon) ਦੇ ਸੰਚਾਲਕ ਇਕਬਾਲ ਸਿੰਘ ਭੱਟੀ ਅਤੇ ਪੀੜਤ ਪਰਿਵਾਰ ਅੱਗੇ ਆਏ ਹਨ। ਸੰਸਥਾ ਵੱਲੋਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਅਤੇ ਦਾਨੀ ਸੱਜਣਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਜ਼ਰੂਰੀ ਕਾਗਜ਼ੀ ਕਾਰਵਾਈ ਅਤੇ ਮ੍ਰਿਤਕ ਦੇਹਾਂ ਦੀ ਢੋਆ-ਢੁਆਈ ਦਾ ਖਰਚਾ ਪੂਰਾ ਕੀਤਾ ਜਾ ਸਕੇ।
