ਸ਼ਾਪਿੰਗ ਮਾਲ ਢਹਿ ਗਿਆ, ਪਟੜੀ ਤੋਂ ਉਤਰੀ ਟਰੇਨ ਜਾਪਾਨ ‘ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 13 ਦੀ ਮੌਤ, ਕਈ ਲਾਪਤਾ

Published: 

29 Jul 2026 13:45 PM IST

Japan Earthquake: ਜਾਪਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ 7.1 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਇਸ ਦਾ ਸਭ ਤੋਂ ਵੱਧ ਅਸਰ ਕੁਮਾਮੋਟੋ ਖੇਤਰ ਵਿੱਚ ਦੇਖਣ ਨੂੰ ਮਿਲਿਆ। ਇਸ ਆਫ਼ਤ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਲਾਪਤਾ ਹਨ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ। ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।

ਸ਼ਾਪਿੰਗ ਮਾਲ ਢਹਿ ਗਿਆ, ਪਟੜੀ ਤੋਂ ਉਤਰੀ ਟਰੇਨ ਜਾਪਾਨ ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 13 ਦੀ ਮੌਤ, ਕਈ ਲਾਪਤਾ

ਜਾਪਾਨ 'ਚ 7.1 ਤੀਬਰਤਾ ਦਾ ਭੂਚਾਲ, 13 ਦੀ ਮੌਤ

ਜਾਪਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਮੰਗਲਵਾਰ (28) ਨੂੰ ਜ਼ਬਰਦਸਤ ਭੂਚਾਲ ਆਇਆ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ। ਭੂਚਾਲ ਕਾਰਨ ਖੇਤਰ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਇਸ ਆਫ਼ਤ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ (Sanae Takaichi) ਨੇ ਕਿਹਾ ਕਿ ਦੱਖਣ-ਪੱਛਮੀ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਭਿਆਨਕ ਗਰਮੀ ਦੇ ਵਿਚਕਾਰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

ਕਿਊਸ਼ੂ ਟਾਪੂ ਦੇ ਕੁਮਾਮੋਟੋ ਖੇਤਰ ਵਿੱਚ ਤਬਾਹੀ

ਭੂਚਾਲ ਦਾ ਸਭ ਤੋਂ ਵੱਧ ਅਸਰ ਕਿਊਸ਼ੂ ਟਾਪੂ ਦੇ ਕੁਮਾਮੋਟੋ ਖੇਤਰ ਵਿੱਚ ਦੇਖਣ ਨੂੰ ਮਿਲਿਆ। ਕਾਸ਼ਿਮਾ ਟਾਊਨ ਸਥਿਤ ਇੱਕ ਵੱਡੇ ਸ਼ਾਪਿੰਗ ਮਾਲ ਦੀ ਦੂਜੀ ਮੰਜ਼ਿਲ ਢਹਿ ਗਈ, ਜਿਸ ਕਾਰਨ ਕਈ ਲੋਕ ਮਲਬੇ ਹੇਠਾਂ ਫਸ ਗਏ। ਉੱਥੇ ਹੀ ਯਤਸੁਸ਼ਿਰੋ ਸਥਿਤ ਨਿਪਪੋਨ ਪੇਪਰ ਇੰਡਸਟਰੀਜ਼ ਦੇ ਕਾਰਖਾਨੇ ਦੀ ਚਿਮਨੀ ਡਿੱਗਣ ਕਾਰਨ ਵੀ ਕਈ ਲੋਕ ਉਸ ਦੇ ਹੇਠਾਂ ਦੱਬ ਗਏ। ਦੋਵੇਂ ਥਾਵਾਂ ‘ਤੇ ਰਾਹਤ ਦਲ ਲਗਾਤਾਰ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ।

ਜ਼ਖਮੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ

ਯਤਸੁਸ਼ਿਰੋ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲਗਭਗ 40 ਜ਼ਖਮੀ ਲੋਕਾਂ ਨੂੰ ਦਾਖਲ ਕਰਵਾਇਆ ਗਿਆ, ਜਦਕਿ ਕਰੀਬ 50 ਹੋਰ ਲੋਕਾਂ ਨੂੰ ਕੁਮਾਮੋਟੋ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਆਸੋ ਕੁਮਾਮੋਟੋ ਹਵਾਈ ਅੱਡੇ ਦੇ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਵਾਈ ਸੇਵਾਵਾਂ ਮੁੜ ਕਦੋਂ ਸ਼ੁਰੂ ਹੋਣਗੀਆਂ। ਇਸ ਦੌਰਾਨ ਯਤਸੁਸ਼ਿਰੋ ਸਟੇਸ਼ਨ ‘ਤੇ ਇੱਕ ਟਰੇਨ ਪਟੜੀ ਤੋਂ ਉਤਰ ਕੇ ਪਲਟ ਗਈ।

ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ 2.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕੁਮਾਮੋਟੋ ਪ੍ਰੀਫੈਕਚਰ ਦੇ ਹਨ। ਜਾਪਾਨ ਦੀ ਸੈਲਫ ਡਿਫੈਂਸ ਫੋਰਸ ਦੇ ਜਵਾਨ ਵੀ ਰਾਹਤ ਅਤੇ ਬਚਾਅ ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਸਥਾਨਕ ਬਚਾਅ ਦਲ ਅਤੇ ਫੌਜ ਮਿਲ ਕੇ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

Source:TV9Hindi.com

Loading...
Unable to load recommendations.
Follow Us