ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਟ ਡਾਇਵਰਟ, ਪਾਇਲਟ ਨੇ ਭੇਜਿਆ ਹਾਈਜੈਕ ਦਾ ਸਿਗਨਲ
Flydubai Dubai Tel Aviv Flight Emergency Signal : ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਐਮਰਜੈਂਸੀ ਸਿਗਨਲ ਨੇ ਦਹਿਸ਼ਤ ਫੈਲਾ ਦਿੱਤੀ ਹੈ। ਜਹਾਜ਼ ਨੂੰ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ ਹੈ। ਹਾਈਜੈਕ ਦੀ ਪੁਸ਼ਟੀ ਨਹੀਂ ਹੋਈ ਹੈ, ਅਤੇ ਜਾਂਚ ਜਾਰੀ ਹੈ।
ਬੁੱਧਵਾਰ ਸਵੇਰੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਸ਼ੱਕੀ ਗਤੀਵਿਧੀ ਦੀ ਰਿਪੋਰਟ ਮਿਲੀ ਸੀ। ਇਜ਼ਰਾਈਲ ਵਿੱਚ ਸੁਰੱਖਿਆ ਏਜੰਸੀਆਂ ਨੂੰ ਘਟਨਾ ਮਿਲਣ ‘ਤੇ ਅਲਰਟ ਕਰ ਦਿੱਤਾ ਗਿਆ ਸੀ। ਜਹਾਜ਼ ਨੇ ਕਥਿਤ ਤੌਰ ‘ਤੇ ਸੰਭਾਵੀ ਹਾਈਜੈਕਿੰਗ ਦੀ ਸਥਿਤੀ ਵਿੱਚ ਵਰਤੇ ਜਾਣ ਵਾਲੇ ਐਮਰਜੈਂਸੀ ਕੋਡ ਨੂੰ ਐਕਟਿਵ ਕੀਤਾ। ਜਹਾਜ਼ ਵੱਲੋਂ ਇੱਕ ਡਿਸਟਰੈਸ ਸਿਗਨਲ ਵੀ ਭੇਜਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਜ਼ਰਾਈਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਹਾਈਜੈਕਿੰਗ ਨਹੀਂ ਹੈ। ਜਹਾਜ਼ ਵਿੱਚ 180 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 100 ਤੋਂ ਵੱਧ ਇਜ਼ਰਾਈਲੀ ਨਾਗਰਿਕ ਸ਼ਾਮਲ ਸਨ।
ਏਵੀਏਸ਼ਨ ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸਾਊਦੀ ਅਰਬ ਵਿੱਚ ਲੈਂਡ ਕਰਵਾਇਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੇ ਅੰਦਰ ਅਸਲ ਵਿੱਚ ਕੀ ਹੋਇਆ ਸੀ, ਇਹ 100% ਨਿਸ਼ਚਤਤਾ ਨਾਲ ਕਹਿਣਾ ਅਸੰਭਵ ਹੈ। ਟਾਈਮਜ਼ ਆਫ਼ ਇਜ਼ਰਾਈਲ ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਬਈ-ਤੇਲ ਅਵੀਵ ਫਲਾਈਟ ਤੋਂ ਐਮਰਜੈਂਸੀ 7700 ਸਕੁਆਕ ਸਿਗਨਲ ਮਿਲਣ ਤੋਂ ਬਾਅਦ ਇਜ਼ਰਾਈਲੀ ਫੌਜੀ ਜੈੱਟਸ ਨੂੰ ਰਵਾਨਾ ਕੀਤਾ ਗਿਆ।
ਆਰਮੀ ਰੇਡੀਓ ਦੇ ਅਨੁਸਾਰ, ਜਹਾਜ਼ ਨੇ ਕਥਿਤ ਤੌਰ ‘ਤੇ ਹਾਈਜੈਕਿੰਗ ਦੀ ਕੋਸ਼ਿਸ਼ ਨਾਲ ਜੁੜੇ ਇੱਕ ਐਮਰਜੈਂਸੀ ਕੋਡ ਨੂੰ ਐਕਟਿਵੇਟ ਕੀਤਾ ਅਤੇ ਡਿਲਟਰੈਸ ਸਿਗਨਲ ਭੇਜਿਆ। ਇਸ ਤੋਂ ਬਾਅਦ, ਘਟਨਾ ਨੂੰ ਇੱਕ ਸੰਭਾਵੀ ਸੁਰੱਖਿਆ ਘਟਨਾ ਵਜੋਂ ਮੰਨਿਆ ਜਾ ਰਿਹਾ ਹੈ। ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਹਾਲਾਤ ਅਜੇ ਵੀ ਅਸਪਸ਼ਟ ਹਨ, ਅਤੇ ਅਧਿਕਾਰੀ ਇਹ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਹਾਜ਼ ਦੇ ਅੰਦਰ ਕੀ ਹੋਇਆ।
ਸਾਊਦੀ ਅਰਬ ਵਿੱਚ ਲੈਂਡਿੰਗ
ਅਧਿਕਾਰੀ ਦੇ ਅਨੁਸਾਰ, ਸਾਊਦੀ ਅਰਬ ਵਿੱਚ ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ। ਕਾਰਗੋ ਹੋਲਡ ਦੀ ਤਲਾਸ਼ੀ ਲਈ ਜਾਵੇਗੀ ਅਤੇ ਚਾਲਕ ਦਲ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਤਾਂ ਹੀ ਇਹ ਸਪੱਸ਼ਟ ਹੋਵੇਗਾ ਕਿ ਹਵਾ ਵਿੱਚ ਜਹਾਜ਼ ਨਾਲ ਅਸਲ ਵਿੱਚ ਕੀ ਹੋਇਆ ਸੀ। ਸੁਰੱਖਿਆ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਾਇਲਟ ਅਤੇ ਬਾਕੀ ਚਾਲਕ ਦਲ ਵਿਚਕਾਰ ਸੰਚਾਰ ਸੰਬੰਧੀ ਇਸ ਸਮੇਂ ਵੱਖ-ਵੱਖ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।
ਇਜ਼ਰਾਈਲੀ ਹਵਾਈ ਸੈਨਾ ਹਾਈ ਅਲਰਟ ‘ਤੇ
ਸੰਭਾਵੀ ਐਮਰਜੈਂਸੀ ਦੇ ਮੱਦੇਨਜ਼ਰ, ਇਜ਼ਰਾਈਲੀ ਹਵਾਈ ਸੈਨਾ ਨੇ ਆਪਣਾ ਅਲਰਟ ਪੱਧਰ ਵਧਾ ਦਿੱਤਾ ਹੈ ਅਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਹ ਲੜਾਕੂ ਜਹਾਜ਼ ਕਿਸੇ ਵੀ ਸੰਭਾਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਟੈਂਡਬਾਏ ‘ਤੇ ਹਨ। ਇਸ ਘਟਨਾ ਤੋਂ ਬਾਅਦ, ਇਜ਼ਰਾਈਲ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ
ਨੇਤਨਯਾਹੂ ਨੇ ਸੁਰੱਖਿਆ ਮੀਟਿੰਗ ਬੁਲਾਈ
ਇਸ ਦੌਰਾਨ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਧਿਕਾਰੀਆਂ ਨਾਲ ਸੁਰੱਖਿਆ ਮੀਟਿੰਗ ਬੁਲਾਈ ਹੈ। ਦ ਯਰੂਸ਼ਲਮ ਪੋਸਟ ਦੇ ਅਨੁਸਾਰ, ਮੀਟਿੰਗ ਵਿੱਚ ਜਹਾਜ਼ ਦੇ ਆਲੇ ਦੁਆਲੇ ਦੀ ਸਥਿਤੀ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਸੰਭਾਵੀ ਸੁਰੱਖਿਆ ਚੁਣੌਤੀਆਂ ਬਾਰੇ ਚਰਚਾ ਕੀਤੀ ਜਾ ਰਹੀ ਹੈ।


