ਡੋਨਾਲਡ ਟਰੰਪ ਨੇ ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਇਸ ਵਿਭਾਗ ਦੀ ਕਰਨਗੇ ਅਗਵਾਈ
ਡੋਨਾਲਡ ਟਰੰਪ ਨੇ ਟੇਸਲਾ ਦੇ ਮੁਖੀ ਐਲੋਨ ਮਸਕ ਅਤੇ ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ DOGE ਦੀ ਅਗਵਾਈ ਦਿੱਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਡੋਨਾਲਡ ਟਰੰਪ ਨੇ ਟੇਸਲਾ ਦੇ ਮੁਖੀ ਐਲੋਨ ਮਸਕ ਅਤੇ ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਮਸਕ ਅਤੇ ਰਾਮਾਸਵਾਮੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (DOGE) ਦੀ ਅਗਵਾਈ ਕਰਨਗੇ।
ਟਰੰਪ ਨੇ ਕੀ ਕਿਹਾ?
ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਲੋਨ ਮਸਕ ਅਤੇ ਰਾਮਾਸਵਾਮੀ ਮੇਰੇ ਪ੍ਰਸ਼ਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘਟਾਉਣ, ਫਜ਼ੂਲ ਖਰਚਿਆਂ ਵਿੱਚ ਕਟੌਤੀ ਅਤੇ ਸੰਘੀ ਏਜੰਸੀਆਂ ਦਾ ਪੁਨਰਗਠਨ ਕਰਨ ਦਾ ਰਾਹ ਪੱਧਰਾ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਮਸਕ ਨੇ ਇੱਕ ਸਰਕਾਰੀ ਕਾਰਜਕੁਸ਼ਲਤਾ ਵਿਭਾਗ ‘ਤੇ ਜ਼ੋਰ ਦਿੱਤਾ ਸੀ ਅਤੇ ਉਦੋਂ ਤੋਂ ਇਸ ਨੂੰ ਲਗਾਤਾਰ ਪ੍ਰਮੋਟ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਏਜੰਸੀ “ਸਮੁੱਚੀ ਫੈਡਰਲ ਸਰਕਾਰ ਦਾ ਪੂਰਾ ਵਿੱਤੀ ਅਤੇ ਪ੍ਰਦਰਸ਼ਨ ਆਡਿਟ ਕਰੇਗੀ, ਅਤੇ ਸਖ਼ਤ ਸੁਧਾਰਾਂ ਲਈ ਸਿਫਾਰਸ਼ਾਂ ਕਰੇਗੀ।”
ਮਸਕ ਨੇ ਹਾਲ ਹੀ ‘ਚ ਕਹੀ ਸੀ ਇਹ ਗੱਲ
ਪਿਛਲੇ ਮਹੀਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਸਕ ਨੇ ਸਰਕਾਰੀ ਖਰਚਿਆਂ ਨੂੰ 2 ਟ੍ਰਿਲੀਅਨ ਡਾਲਰ ਤੱਕ ਘਟਾਉਣ ਦਾ ਟੀਚਾ ਦੱਸਿਆ ਸੀ। ਵਿਹਾਰਕ ਤੌਰ ‘ਤੇ, ਮਾਹਰਾਂ ਦਾ ਕਹਿਣਾ ਹੈ ਕਿ ਲਾਗਤ ਵਿੱਚ ਕਟੌਤੀ ਦੇ ਨਤੀਜੇ ਵਜੋਂ ਨਿਯਮ ਅਤੇ ਨੀਤੀ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ ਜੋ ਸਿੱਧੇ ਤੌਰ ‘ਤੇ ਮਸਕ ਦੀਆਂ ਕੰਪਨੀਆਂ, ਖਾਸ ਤੌਰ ‘ਤੇ ਟੇਸਲਾ, ਸਪੇਸਐਕਸ, ਐਕਸ ਅਤੇ ਨਿਊਰਲਿੰਕ ਨੂੰ ਪ੍ਰਭਾਵਤ ਕਰਦੀਆਂ ਹਨ।
ਕੌਣ ਹਨ ਰਾਮਾਸਵਾਮੀ?
ਰਾਮਾਸਵਾਮੀ ਇੱਕ ਅਮੀਰ ਬਾਇਓਟੈਕ ਉਦਯੋਗਪਤੀ ਹੈ। ਉਹ ਪਿਛਲੇ ਸਾਲ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜ ਰਹੇ ਸਨ। ਉਨ੍ਹਾਂ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਏਬੀਸੀ ਨੂੰ ਦੱਸਿਆ ਸੀ ਕਿ ਉਹ ਟਰੰਪ ਦੀ ਕੈਬਨਿਟ ਵਿੱਚ ਸੰਭਾਵਿਤ ਭੂਮਿਕਾਵਾਂ ਬਾਰੇ ਚਰਚਾ ਕਰ ਰਹੇ ਸਨ। ਹਾਲਾਂਕਿ ਰਾਮਾਸਵਾਮੀ ਕੋਲ ਕੋਈ ਸਰਕਾਰੀ ਤਜਰਬਾ ਨਹੀਂ ਹੈ, ਪਰ ਉਨ੍ਹਾਂ ਨੇ ਕਾਰਪੋਰੇਟ ਸੈਕਟਰ ਵਿੱਚ ਲਾਗਤ ਵਿੱਚ ਕਟੌਤੀ ‘ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ
ਵਰਣਨਯੋਗ ਹੈ ਕਿ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕ੍ਰੇਟਿਕ ਵਿਰੋਧੀ ਕਮਲਾ ਹੈਰਿਸ ਨੂੰ 69 ਇਲੈਕਟੋਰਲ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਆਪਣੇ ਜਿੱਤ ਦੇ ਭਾਸ਼ਣ ਦੌਰਾਨ, ਟਰੰਪ ਨੇ ਮਸਕ ਦੀ ਤਾਰੀਫ ਕੀਤੀ ਸੀ ਅਤੇ ਉਨ੍ਹਾਂ ਨੂੰ ਇੱਕ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਵਿਅਕਤੀ ਦੱਸਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਰਬਪਤੀ ਨੇ ਫਿਲਾਡੇਲਫੀਆ ਅਤੇ ਪੈਨਸਿਲਵੇਨੀਆ ਵਿੱਚ ਉਨ੍ਹਾਂ ਦੇ ਨਾਲ ਪ੍ਰਚਾਰ ਕਰਨ ਲਈ ਦੋ ਹਫ਼ਤੇ ਬਿਤਾਏ।