ਈਰਾਨ ਨਾਲ ਜੰਗ ਵਿਚਕਾਰ ਟਰੰਪ ਨੂੰ ਮਿਲਿਆ ਅਮਰੀਕੀ ਸੰਸਦ ਮੈਂਬਰਾਂ ਦਾ ਸਾਥ, ਯੁੱਧ ਰੋਕਣ ਦਾ ਬਿੱਲ ਖ਼ਾਰਜ
ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਨੂੰ ਪੰਜ ਦਿਨਾਂ ਤੋਂ ਵੱਧ ਹੋ ਗਏ ਹਨ ਤੇ ਇਹ ਯੁੱਧ ਹੋਰ ਵੀ ਵਧਦਾ ਜਾ ਰਿਹਾ ਹੈ। ਅਮਰੀਕੀ ਸੈਨੇਟ ਨੇ ਫੌਜੀ ਸ਼ਕਤੀ ਨੂੰ ਸੀਮਤ ਕਰਨ ਵਾਲੇ 'ਵਾਰ ਪਾਵਰ ਰੈਜੋਲਿਊਸ਼ਨ' ਬਿੱਲ ਨੂੰ ਖ਼ਾਰਜ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਟਰੰਪ ਨੂੰ ਈਰਾਨ ਵਿਰੁੱਧ ਫੌਜੀ ਕਾਰਵਾਈ ਲਈ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ।
ਡੋਨਾਲਡ ਟਰੰਪ
ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਨੂੰ ਪੰਜ ਦਿਨਾਂ ਤੋਂ ਵੱਧ ਹੋ ਗਏ ਹਨ। ਪਰ, ਫਿਰ ਵੀ ਹਮਲੇ ਘੱਟਣ ਦੀ ਬਜਾਏ ਵਧ ਰਹੇ ਹਨ। ਇਸ ਦੌਰਾਨ, ਈਰਾਨ ‘ਚ ਜੰਗ ਨੂੰ ਸੀਮਤ ਕਰਨ ਲਈ ਪੇਸ਼ ਕੀਤੇ ਗਏ ਅਮਰੀਕੀ ਸੈਨੇਟ ਦੇ ‘ਵਾਰ ਪਾਵਰ ਰੈਜੋਲਿਊਸ਼ਨ’ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਸ ਬਿੱਲ ‘ਚ ਫੌਜੀ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਲਾਜ਼ਮੀ ਬਣਾਉਣ ਦੀ ਮੰਗ ਕੀਤੀ।
ਰਿਪਬਲਿਕਨ ਕਾਨੂੰਨਸਾਜ਼ਾਂ ਨੇ ਬਿੱਲ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਥ ਦਿੱਤਾ ਹੈ, ਇਸੇ ਕਰਕੇ ਜ਼ਿਆਦਾਤਰ ਕਾਨੂੰਨਸਾਜ਼ਾਂ ਨੇ ਟਰੰਪ ਦੇ ਹੱਕ ‘ਚ ਵੋਟ ਦਿੱਤੀ। ਇਸ ਮਤੇ ਨੂੰ 47 ਦੇ ਮੁਕਾਬਲੇ 53 ਵੋਟਾਂ ਨਾਲ ਖ਼ਾਰਜ ਕਰ ਦਿੱਤਾ ਗਿਆ। ਹਾਲਾਂਕਿ, ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਵੋਟਿੰਗ ਕਰਵਾਈ ਗਈ ਹੈ।
ਕੀ ਸੀ ਇਸ ਬਿੱਲ ਦਾ ਮਕਸਦ?
ਇਹ ਮਤਾ, ਜਿਸ ਨੂੰ ਵਾਰ ਪਾਵਰਸ ਰੈਜੋਲਿਊਸ਼ਨ ਕਿਹਾ ਜਾਂਦਾ ਹੈ, ਪਾਸ ਨਹੀਂ ਹੋ ਸਕਿਆ। ਕੈਂਟਕੀ ਦੇ ਰਿਪਬਲਿਕਨ ਸੈਨੇਟਰ ਰੈਂਡ ਪਾਲ ਨੇ ਮਤੇ ਦੇ ਹੱਕ ‘ਚ ਵੋਟ ਦਿੱਤੀ। ਪੈਨਸਿਲਵੇਨੀਆ ਦੇ ਡੈਮੋਕ੍ਰੇਟਿਕ ਸੈਨੇਟਰ ਜੌਨ ਫੈਟਰਮੈਨ ਨੇ ਇਸ ਦੇ ਵਿਰੁੱਧ ਵੋਟ ਦਿੱਤੀ। ਬਾਕੀ ਵੋਟ ਪਾਰਟੀ ਲਾਈਨਾਂ ਦੇ ਅਨੁਸਾਰ ਹੋਈ।
ਇਸ ਪ੍ਰਸਤਾਵ, ਜਾਂ ਬਿੱਲ ਦੇ ਜ਼ਰੀਏ ਕੋਸ਼ਿਸ਼ ਕੀਤੀ ਗਈ ਕਿ ਈਰਾਨ ‘ਤੇ ਕਿਸੇ ਵੀ ਵੱਡੇ ਹਮਲੇ ਤੋਂ ਪਹਿਲਾਂ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ। ਹਾਲਾਂਕਿ, ਬਿੱਲ ਦੇ ਪਾਸ ਨਾ ਹੋਣ ਨੂੰ ਟਰੰਪ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਵੋਟਿੰਗ ਬਾਰੇ ਕਿਸ ਨੇ ਕੀ ਕਿਹਾ?
ਡੈਮੋਕ੍ਰੇਟਿਕ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਇਹ ਵੋਟ ਇਹ ਨਿਰਧਾਰਤ ਕਰੇਗੀ ਕਿ ਸੈਨੇਟਰ ਮੱਧ ਪੂਰਬ ‘ਚ ਬੇਅੰਤ ਯੁੱਧਾਂ ਤੋਂ ਥੱਕੇ ਹੋਏ ਅਮਰੀਕੀ ਲੋਕਾਂ ਦੇ ਨਾਲ ਖੜ੍ਹੇ ਹਨ, ਜਾਂ ਰਾਸ਼ਟਰਪਤੀ ਟਰੰਪ ਤੇ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਨਾਲ। ਰਿਪਬਲਿਕਨ ਨੇਤਾ ਜੌਨ ਬਾਰਾਸੋ ਨੇ ਕਿਹਾ ਕਿ ਡੈਮੋਕ੍ਰੇਟ ਰਾਸ਼ਟਰਪਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਕਿ ਅਸਲ ਮੁੱਦਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ ਸੀ।
ਇਹ ਵੀ ਪੜ੍ਹੋ
ਜੰਗ ਕਈ ਹੋਰ ਦਿਨਾਂ ਤੱਕ ਜਾਰੀ ਰਹਿ ਸਕਦੀ
ਸ਼ਨੀਵਾਰ, 28 ਫਰਵਰੀ ਨੂੰ, ਸੰਯੁਕਤ ਰਾਜ ਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਈਰਾਨ ‘ਤੇ ਹਮਲਾ ਕੀਤਾ। ਈਰਾਨ ਦੇ ਸੁਪਰੀਮ ਲੀਡਰ ਸਮੇਤ ਕਈ ਅਧਿਕਾਰੀ ਤੇ ਨੇਤਾ ਹਮਲਿਆਂ ‘ਚ ਮਾਰੇ ਗਏ ਸਨ। ਉਦੋਂ ਤੋਂ, ਟਰੰਪ ਪ੍ਰਸ਼ਾਸਨ ਸਰਗਰਮੀ ਨਾਲ ਕਾਂਗਰਸ ਦੀ ਸਹਾਇਤਾ ਦੀ ਮੰਗ ਕਰ ਰਹੇ ਹੈ। ਰੱਖਿਆ ਸਕੱਤਰ ਹੇਗਸੇਥ ਨੇ ਕਿਹਾ ਕਿ ਜੰਗ ਅੱਠ ਹਫ਼ਤੇ ਚੱਲ ਸਕਦੀ ਹੈ, ਜੋ ਪਹਿਲਾਂ ਦੱਸੀ ਗਈ ਰਿਪੋਰਟ ਨਾਲੋਂ ਵੱਧ ਹੈ।
ਸੰਯੁਕਤ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ ਕਿ ਅਮਰੀਕੀ ਫੌਜਾਂ ਖ਼ਤਰੇ ‘ਚ ਹਨ ਤੇ ਜੋਖਮ ਬਣਿਆ ਹੋਇਆ ਹੈ। ਇਸ ਹਫ਼ਤੇ ਕੁਵੈਤ ‘ਚ ਇੱਕ ਡਰੋਨ ਹਮਲੇ ‘ਚ ਛੇ ਅਮਰੀਕੀ ਸੈਨਿਕ ਮਾਰੇ ਗਏ ਸਨ।
