ਭਾਰਤੀ ਬ੍ਰਿਟਿਸ਼ ਕਾਰੋਬਾਰੀ ਨੂੰ 5.9 ਕਰੋੜ ਰੁਪਏ ਦਾ ਬਕਾਇਆ ਟੈਕਸ ਜਮ੍ਹਾਂ ਕਰਾਉਣ ਦੇ ਹੁਕਮ
ਕਾਰੋਬਾਰੀ ਗੁਲਜ਼ਾਰ ਸਿੰਘ ਦੇ ਘਰ ਅਤੇ ਬੈਂਕ ਖਾਤਿਆਂ ਚੋਂ ਜਬਤ ਕੀਤੀ ਗਈ ਨਕਦੀ ਨੂੰ ਸਕੌਟਿਸ਼ ਕੰਸੋਲੀਡੇਟਿਡ ਫੰਡ ਵਿੱਚ ਜਮ੍ਹਾਂ ਕਰਾ ਦਿੱਤਾ ਗਿਆ ਹੈ ਜੋ ਸਕੌਟਿਸ਼ ਸਰਕਾਰ ਦੇ 'ਕੈਸ਼ਬੈਕ ਫ਼ਾਰ ਕਮੇਟੀਜ਼ ਪ੍ਰੋਗਰਾਮ' ਦੇ ਰਾਹੀਂ ਪੂਰੇ ਸਕੌਟਲੈਂਡ ਵਿੱਚ ਸਮੁਦਾਇਆਂ ਉੱਤੇ ਖਰਚ ਕਰਨ ਲਈ ਨਿਵੇਸ਼ ਕੀਤੀ ਜਾਂਦੀ ਹੈ
ਲੰਦਨ ਵਿੱਖੇ ਭਾਰਤੀ ਮੂਲ ਦੇ 44 ਸਾਲ ਦੇ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰ ਕੇ ਅਤੇ ਉਹਨਾਂ ਦੇ ਬੈਂਕ ਖਾਤਿਆਂ ਚੋਂ ਇੱਕ ਮਿਲੀਅਨ ਪੌਂਡ ਦੀ ਰਕਮ ਜ਼ਬਤ ਕੀਤੇ ਜਾਣ ਮਗਰੋਂ ਹੁਣ ਉਹਨਾਂ ਨੂੰ ਬਕਾਇਆ ਟੈਕਸ ਦੇ ਤੌਰ ਤੇ 6 ਲੱਖ ਪੌਂਡ ਯਾਨੀ 5.9 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਾਉਣ ਨੂੰ ਕਿਹਾ ਗਿਆ ਹੈ।
ਹੁਣ ਤੱਕ ਦਾ ਸਭ ਤੋਂ ਵੱਡਾ ‘ਟੈਕਸ ਸੈਟਲਮੈਂਟ ਕੇਸ’ :
ਦੱਸਿਆ ਜਾਂਦਾ ਹੈ ਕਿ ਸਕੋਟਲੈਂਡ ਦੇ ਹੁਣ ਤੱਕ ਦੇ ਇੱਕ ਸਭ ਤੋਂ ਵੱਡੇ ‘ਟੈਕਸ ਸੈਟਲਮੈਂਟ ਕੇਸ’ ਵਿੱਚ ਈਸਟ ਲੋਟਿਯਨ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ‘ਤੇ ਪੁਲਿਸ ਨੂੰ ਇਸ ਲਈ ਘੇਰਾ ਪਾਉਣਾ ਪਿਆ, ਕਿਉਂਕਿ ਉਹਨਾਂ ਦੇ ਕਈ ਬੈਂਕ ਖਾਤਿਆਂ ਵਿੱਚ ਵੱਡੀ ਗਿਣਤੀ ‘ਚ ਨਕਦੀ ਦੇ ਲੈਣ ਦੇਣ ਦਾ ਪਤਾ ਚੱਲਿਆ ਸੀ।
ਮਾਰਚ, 2021 ਵਿੱਚ ‘ਸਿਵਿਲ ਰਿਕਵਰੀ ਯੂਨਿਟ’- ਸੀਆਰਯੂ ਅਤੇ ਹਿਜ਼ ਮੈਜੇਸਟੀ ਰੈਵੇਨਿਊ ਐਂਡ ਕਸਟਮਸ- ਐਚਐਮਆਰਸੀ ਨੂੰ ਪਤਾ ਚੱਲਿਆ ਸੀ ਕਿ ਗੁਲਜ਼ਾਰ ਸਿੰਘ ਦੇ ਬੈਂਕ ਖਾਤਿਆਂ ਵਿੱਚ ਵੱਡੀ ਰਕਮ ਕੁਛ ਹਫਤਿਆਂ ਦੇ ਹੀ ਦੌਰਾਨ ਇੱਕੋ ਡਾਕ ਘਰ ਰਾਹੀਂ ਜਮ੍ਹਾ ਕੀਤੀ ਜਾ ਰਹੀ ਸੀ।
6,90,000 ਪੌਂਡ ਤੋਂ ਵੀ ਵੱਧ ਨਕਦੀ ਸੂਟਕੇਸ ‘ਚ ਰੱਖੇ 3,000 ਲਿਫਾਫਿਆਂ ਵਿੱਚ ਮਿਲੀ :
ਪਿਛਲੇ ਸਾਲ ਮਈ ਵਿੱਚ ਪੁਲਿਸ ਵੱਲੋਂ ਗੁਲਜ਼ਾਰ ਸਿੰਘ ਦੇ ਘਰ ‘ਚ ਛਾਪੇ ਦੌਰਾਨ 6,90,000 ਪੌਂਡ ਤੋਂ ਵੀ ਵੱਧ ਨਕਦੀ ਇੱਕ ਸੂਟਕੇਸ ‘ਚ ਰੱਖੇ 3,000 ਲਿਫਾਫਿਆਂ ਵਿੱਚ ਮਿਲੀ ਸੀ। ਇਸ ਤੋਂ ਇਲਾਵਾ, ਕਾਰੋਬਾਰੀ ਗੁਲਜ਼ਾਰ ਸਿੰਘ ਦੇ ਹੀ ਕਈ ਬੈਂਕ ਖਾਤਿਆਂ ਵਿੱਚੋਂ ਇੱਕ ਮਿਲੀਅਨ ਪੌਂਡ ਦੀ ਰਕਮ ਮਿਲਣ ਦਾ ਵੀ ਪਤਾ ਚੱਲਿਆ ਸੀ। ਇਸ ਕਾਰੋਬਾਰੀ ਨੇ 6 ਲੱਖ ਪੌਂਡ ਦੀ ਰਕਮ ਛੱਡ ਦੇਣ ‘ਤੇ ਹੁਣ ਆਪਣੀ ਰਜ਼ਾਮੰਦੀ ਦੇ ਦਿੱਤੀ ਹੈ, ਜੋ ਉਨ੍ਹਾਂ ਤੋਂ ਵਸੂਲੀ ਜਾਵੇਗੀ।
ਸੀਆਰਯੂ ਦੀ ਪ੍ਰਮੁੱਖ ਐਨੀ ਲੂਈਸ ਹਾਉਜ਼ ਦਾ ਕਹਿਣਾ ਹੈ ਕਿ ਦਰਅਸਲ ਇਹ ਮਾਮਲਾ ਯੂਨਿਟ ਵੱਲੋਂ ਜਬਤ ਕੀਤੀ ਗਈ ਸਭ ਤੋਂ ਵੱਡੀ ਨਕਦੀ ਦੀ ਬਰਾਮਦਗੀ ਨਾਲ ਜੁੜਿਆ ਹੈ।
ਸਮੁਦਾਇਆਂ ‘ਤੇ ਖਰਚ ਕੀਤੀ ਜਾਂਦੀ ਹੈ ਜਬਤ ਕੀਤੀ ਰਕਮ :
ਸੀਆਰਯੂ ਦੀ ਪ੍ਰਮੁੱਖ ਐਨੀ ਲੂਈਸ ਹਾਉਜ਼ ਦੇ ਹੀ ਹਵਾਲੇ ਤੋਂ ਮਿਲੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਕਾਰੋਬਾਰੀ ਗੁਲਜ਼ਾਰ ਸਿੰਘ ਦੇ ਘਰ ਅਤੇ ਬੈਂਕ ਖਾਤਿਆਂ ਚੋਂ ਜਬਤ ਕੀਤੀ ਗਈ ਨਕਦੀ ਨੂੰ ਸਕੌਟਿਸ਼ ਕੰਸੋਲੀਡੇਟਿਡ ਫੰਡ ਵਿੱਚ ਜਮ੍ਹਾਂ ਕਰਾ ਦਿੱਤਾ ਗਿਆ ਹੈ ਜੋ ਸਕੌਟਿਸ਼ ਸਰਕਾਰ ਦੇ ‘ਕੈਸ਼ਬੈਕ ਫ਼ਾਰ ਕਮੇਟੀਜ਼ ਪ੍ਰੋਗਰਾਮ’ ਦੇ ਰਾਹੀਂ ਪੂਰੇ ਸਕੌਟਲੈਂਡ ਵਿੱਚ ਸਮੁਦਾਇਆਂ ਉੱਤੇ ਖਰਚ ਕੀਤੀ ਜਾਂਦੀ ਹੈ।