ਅਮਰੀਕਾ ਅਤੇ ਕੈਨੇਡਾ ਵਿਚਾਲੇ ਆਖਰੀ ਸਮੇਂ ‘ਤੇ ਹੋਈ ਵੱਡੀ ਡੀਲ, ਟਰੰਪ ਨੇ ਟਾਲਿਆ 50% ਟੈਰਿਫ ਦਾ ਫੈਸਲਾ

Published: 

19 Aug 2026 11:46 AM IST

Trump Tariff: ਅਮਰੀਕਾ ਅਤੇ ਕੈਨੇਡਾ ਵਿਚਾਲੇ ਆਖਰੀ ਮੌਕੇ 'ਤੇ ਇੱAਕ ਬਹੁਤ ਵੱਡਾ ਵਪਾਰਕ ਸਮਝੌਤਾ ਹੋਇਆ ਹੈ। ਇਸ ਡੀਲ ਤੋਂ ਬਾਅਦ ਡੋਨਾਲਡ ਟਰੰਪ ਨੇ 20 ਅਰਬ ਡਾਲਰ ਦੇ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਭਾਰੀ ਟੈਰਿਫ ਨੂੰ ਫਿਲਹਾਲ ਟਾਲ ਦਿੱਤਾ ਹੈ।

ਅਮਰੀਕਾ ਅਤੇ ਕੈਨੇਡਾ ਵਿਚਾਲੇ ਆਖਰੀ ਸਮੇਂ ਤੇ ਹੋਈ ਵੱਡੀ ਡੀਲ, ਟਰੰਪ ਨੇ ਟਾਲਿਆ 50% ਟੈਰਿਫ ਦਾ ਫੈਸਲਾ

ਟਰੰਪ ਨੇ ਟਾਲਿਆ 50% ਟੈਰਿਫ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਵੱਡੀ ਰਾਹਤ ਦਿੰਦਿਆਂ ਉਸ ‘ਤੇ ਲੱਗਣ ਵਾਲੇ 50 ਫੀਸਦੀ ਟੈਰਿਫ (ਆਯਾਤ ਸ਼ੁਲਕ) ਨੂੰ ਫਿਲਹਾਲ ਟਾਲ ਦਿੱਤਾ ਹੈ। ਇਹ ਭਾਰੀ-ਭਰਕਮ ਟੈਕਸ 20 ਅਗਸਤ ਦੀ ਸਵੇਰ ਤੋਂ ਲਾਗੂ ਹੋਣ ਵਾਲਾ ਸੀ, ਪਰ ਆਖਰੀ ਸਮੇਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਇੱਕ ਮਹੱਤਵਪੂਰਨ ਵਪਾਰਕ ਸਮਝੌਤਾ ਹੋ ਗਿਆ ਹੈ। ਟਰੰਪ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੁਥ ਸੋਸ਼ਲ ‘ਤੇ ਇਸ ਡੀਲ ਦੀ ਪੁਸ਼ਟੀ ਕੀਤੀ ਹੈ।

ਆਖਰੀ ਮਿੰਟ ‘ਚ ਕਿਵੇਂ ਬਣੀ ਗੱਲ?

ਅਮਰੀਕਾ ਅਤੇ ਕੈਨੇਡਾ ਵਿਚਾਲੇ ਇਸ ਸਮਝੌਤੇ ਨੂੰ ਲੈ ਕੇ ਬੁੱਧਵਾਰ ਦੁਪਹਿਰ 12:01 ਵਜੇ ਦੀ ਡੈੱਡਲਾਈਨ ਤੈਅ ਕੀਤੀ ਗਈ ਸੀ। ਜੇਕਰ ਇਹ ਸਮਾਂ ਸੀਮਾ ਪਾਰ ਹੋ ਜਾਂਦੀ ਤਾਂ ਹਾਕੀ ਸਟਿਕ ਤੋਂ ਲੈ ਕੇ ਟੰਗ ਡਿਪ੍ਰੈਸਰ ਤੱਕ ਲਗਭਗ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ‘ਤੇ 50 ਫੀਸਦੀ ਟੈਕਸ ਲੱਗ ਜਾਂਦਾ। ਇਸ ਸਖ਼ਤ ਕਦਮ ਤੋਂ ਬਚਣ ਲਈ ਵਾਸ਼ਿੰਗਟਨ ਅਤੇ ਓਟਾਵਾ ਵਿਚਾਲੇ ਲਗਾਤਾਰ ਗੱਲਬਾਤ ਦਾ ਦੌਰ ਚੱਲਦਾ ਰਿਹਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਟਰੰਪ ਵਿਚਾਲੇ ਪਿਛਲੇ ਦੋ ਦਿਨਾਂ ਵਿੱਚ ਦੋ ਵਾਰ ਫੋਨ ‘ਤੇ ਲੰਬੀ ਗੱਲਬਾਤ ਹੋਈ। ਮੰਗਲਵਾਰ ਦੁਪਹਿਰ ਨੂੰ ਵੀ ਦੋਵਾਂ ਨੇਤਾਵਾਂ ਨੇ ਗੱਲ ਕੀਤੀ। ਸੋਮਵਾਰ ਨੂੰ ਹੀ ਪ੍ਰਧਾਨ ਮੰਤਰੀ ਕਾਰਨੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਗੱਲਬਾਤ ਬੇਹੱਦ ਨਾਜ਼ੁਕ ਦੌਰ ਵਿੱਚ ਹੈ ਅਤੇ ਫਿਲਹਾਲ ਜਨਤਕ ਤੌਰ ‘ਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਆਖਿਰਕਾਰ ਇਹ ਕੂਟਨੀਤਕ ਕੋਸ਼ਿਸ਼ ਸਫਲ ਰਹੀ। ਟਰੰਪ ਨੇ ਅਗਲੇ ਤਿੰਨ ਦਿਨਾਂ ਲਈ ਟੈਰਿਫ ‘ਤੇ ਰੋਕ ਲਗਾ ਦਿੱਤੀ ਹੈ, ਤਾਂ ਜੋ ਜ਼ਰੂਰੀ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।

ਇਸ ਨਵੀਂ ਡੀਲ ਵਿੱਚ ਕੀ ਹੈ ਖਾਸ

ਯੂਨਾਈਟਿਡ ਸਟੇਟਸ ਟ੍ਰੇਡ ਰਿਪ੍ਰਜ਼ੈਂਟੇਟਿਵ (USTR) ਮੁਤਾਬਕ, ਇਸ ਨਵੇਂ ਸਮਝੌਤੇ ਨਾਲ ਅਮਰੀਕੀ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। ਇਸ ਵਿੱਚ ਸਾਰੇ ਅਮਰੀਕੀ ਸਾਮਾਨ ਲਈ ਕੈਨੇਡਾ ਦੇ ਬਾਜ਼ਾਰ ਤੱਕ ਵਿਆਪਕ ਪਹੁੰਚ, ਆਰਥਿਕ ਸੁਰੱਖਿਆ ਅਤੇ ਡਿਜੀਟਲ ਟ੍ਰੇਡ ਵਰਗੇ ਮਹੱਤਵਪੂਰਨ ਬਿੰਦੂ ਸ਼ਾਮਲ ਕੀਤੇ ਗਏ ਹਨ। ਇਸ ਦਾ ਮੁੱਖ ਉਦੇਸ਼ ਅਮਰੀਕੀ ਬਾਜ਼ਾਰ, ਉੱਥੋਂ ਦੇ ਕਾਮਿਆਂ ਅਤੇ ਕੈਨੇਡੀਅਨ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉੱਥੇ ਹੀ, ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਨੂੰ ਵੀ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਨੂੰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਕਾਫ਼ੀ ਪਹਿਲਾਂ ਹੀ ਬੰਦ ਕਰਵਾ ਦਿੱਤਾ ਸੀ।

ਦਹਾਕਿਆਂ ਪੁਰਾਣੇ ਵਿਵਾਦਾਂ ਦਾ ਕੀ ਹੋਵੇਗਾ

ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਰਿਸ਼ਤੇ ਹਮੇਸ਼ਾ ਤੋਂ ਹੀ ਗੁੰਝਲਦਾਰ ਰਹੇ ਹਨ। ਦੋਵੇਂ ਦੇਸ਼ ਦਹਾਕਿਆਂ ਤੋਂ ਸਾਫਟਵੁੱਡ ਲੱਕੜ ਦੇ ਆਯਾਤ ਤੋਂ ਲੈ ਕੇ ਕੈਨੇਡਾ ਦੇ ਸੁਰੱਖਿਅਤ ਡੇਅਰੀ ਬਾਜ਼ਾਰ ਵਿੱਚ ਅਮਰੀਕਾ ਦੀ ਪਹੁੰਚ ਵਰਗੇ ਮੁੱਦਿਆਂ ‘ਤੇ ਇੱਕ-ਦੂਜੇ ਨਾਲ ਉਲਝਦੇ ਰਹੇ ਹਨ। ਹਾਲਾਂਕਿ, ਇਨ੍ਹਾਂ ਮਤਭੇਦਾਂ ਦੇ ਬਾਵਜੂਦ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਕਾਫ਼ੀ ਮਜ਼ਬੂਤ ਹਨ। ਕਰੀਬ 5,525 ਮੀਲ ਲੰਬੀ ਬਿਨਾਂ ਕਿਸੇ ਪਹਿਰੇ ਵਾਲੀ ਸਰਹੱਦ ਰਾਹੀਂ ਹਰ ਰੋਜ਼ ਲਗਭਗ 3.30 ਲੱਖ ਲੋਕ ਅਤੇ 2 ਅਰਬ ਡਾਲਰ ਦਾ ਸਾਮਾਨ ਲੰਘਦਾ ਹੈ। ਇਸ ਤੋਂ ਇਲਾਵਾ 8 ਲੱਖ ਕੈਨੇਡੀਅਨ ਨਾਗਰਿਕ ਵੀ ਅਮਰੀਕਾ ਵਿੱਚ ਰਹਿੰਦੇ ਹਨ। ਟਰੰਪ ਲੰਬੇ ਸਮੇਂ ਤੋਂ ਮੈਨਿਊਫੈਕਚਰਿੰਗ ਨੂੰ ਵਾਪਸ ਅਮਰੀਕਾ ਲਿਆਉਣ ਲਈ ਟੈਰਿਫ ਨੂੰ ਹਥਿਆਰ ਵਜੋਂ ਵਰਤਦੇ ਰਹੇ ਹਨ। ਇੱਥੋਂ ਤੱਕ ਕਿ ਦਬਾਅ ਬਣਾਉਣ ਲਈ ਉਨ੍ਹਾਂ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਰਗੀਆਂ ਭੜਕਾਊ ਟਿੱਪਣੀਆਂ ਵੀ ਕੀਤੀਆਂ ਹਨ।

ਟਰੰਪ ਦੀ ਪੁਰਾਣੀ ਟੈਰਿਫ ਯੋਜਨਾ

ਆਪਣੇ ਦੂਜੇ ਕਾਰਜਕਾਲ ਵਿੱਚ ਡੋਨਾਲਡ ਟਰੰਪ ਨੇ ਟੈਰਿਫ ਨੂੰ ਆਪਣੀਆਂ ਆਰਥਿਕ ਨੀਤੀਆਂ ਦਾ ਮੁੱਖ ਕੇਂਦਰ ਬਣਾ ਲਿਆ ਹੈ। ਪਿਛਲੇ ਸਾਲ ਹੀ ਉਨ੍ਹਾਂ ਨੇ ਲੰਬੇ ਸਮੇਂ ਤੋਂ ਚੱਲ ਰਹੇ ਅਮਰੀਕੀ ਵਪਾਰ ਘਾਟੇ ਨੂੰ ਕੌਮੀ ਐਮਰਜੈਂਸੀ ਐਲਾਨਦਿਆਂ ਲਗਭਗ ਹਰ ਦੇਸ਼ ‘ਤੇ ਭਾਰੀ ਟੈਕਸ ਲਗਾ ਦਿੱਤਾ ਸੀ। ਹਾਲਾਂਕਿ, ਫਰਵਰੀ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਇਸ ਕਦਮ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਸੰਘੀ ਸਰਕਾਰ ਨੂੰ ਆਯਾਤਕਾਰਾਂ ਦੇ ਪੈਸੇ ਵਾਪਸ ਕਰਨੇ ਪਏ ਸਨ। ਪਰ ਟਰੰਪ ਇੱਥੇ ਨਹੀਂ ਰੁਕੇ। ਸਥਾਨਕ ਮੈਨਿਊਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੇ ਪਿਛਲੇ ਮਹੀਨੇ ਹੀ 59 ਦੇਸ਼ਾਂ ਸਮੇਤ ਯੂਰਪੀਅਨ ਯੂਨੀਅਨ ‘ਤੇ 10 ਤੋਂ 12.5 ਫੀਸਦੀ ਦਾ ਨਵਾਂ ਆਯਾਤ ਸ਼ੁਲਕ ਲਗਾ ਦਿੱਤਾ। ਇਹ ਅਮਰੀਕਾ ਦੇ ਕੁੱਲ ਆਯਾਤ ਦਾ 99 ਫੀਸਦੀ ਹਿੱਸਾ ਹੈ। ਟਰੰਪ ਦਾ ਤਰਕ ਸੀ ਕਿ ਇਹ ਦੇਸ਼ ਜ਼ਬਰਦਸਤੀ ਮਜ਼ਦੂਰੀ ਨਾਲ ਬਣੇ ਉਤਪਾਦਾਂ ਦੇ ਆਯਾਤ ‘ਤੇ ਰੋਕ ਲਗਾਉਣ ਵਿੱਚ ਅਸਫਲ ਰਹੇ ਹਨ।

Source:TV9Hindi.com

Loading...
Unable to load recommendations.
Follow Us