ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ ‘ਚ ਗੋਲਡੀ ਬਰਾੜ, 2.5 ਲੱਖ ਡਾਲਰ ਦਾ ਇਨਾਮ ਐਲਾਨਿਆ
ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਆਪਣੇ 25 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਿਆ ਹੈ। ਕੈਨੇਡਾ ਨੇ ਗੈਂਗਸਟਰ ਬਾਰੇ ਜਾਣਕਾਰੀ ਦੇਣ ਵਾਲੇ ਲਈ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਐਲਾਨਿਆ ਹੈ।
ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ 'ਚ ਗੋਲਡੀ ਬਰਾੜ
ਭਾਰਤ ‘ਚ ਕਈ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਗੋਲਡੀ ਬਰਾੜ ‘ਤੇ ਇਨਾਮ ਐਲਾਨਿਆ ਹੈ। ਕੈਨੇਡਾ ਦੇ ਬੋਲੋ ਪ੍ਰੋਗਰਾਮ ਤੇ ਵਿਨੀਪੈਗ ਪੁਲਿਸ ਨੇ ਉਸ ਨੂੰ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਨਵੀਂ ਸੂਚੀ ‘ਚ ਪਹਿਲੇ ਸਥਾਨ ‘ਤੇ ਰੱਖਿਆ ਹੈ। ਉਸ ਦੀ ਗ੍ਰਿਫ਼ਤਾਰੀ ‘ਚ ਮਦਦਗਾਰ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਹੈ।
ਇਹ ਮਾਮਲਾ ਸਤੰਬਰ 2023 ‘ਚ ਵਿਨੀਪੈਗ ‘ਚ ਹੋਏ 39 ਸਾਲਾ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦੇ ਕਤਲ ਨਾਲ ਜੁੜਿਆ ਹੋਇਆ ਹੈ। 20 ਸਤੰਬਰ 2023 ਨੂੰ ਹੇਜ਼ਲਟਨ ਡਰਾਈਵ ਇਲਾਕੇ ‘ਚ ਇੱਕ ਘਰ ‘ਤੇ ਗੋਲੀਬਾਰੀ ਹੋਈ ਸੀ, ਜਿਸ ‘ਚ ਸੁਖਦੂਲ ਸਿੰਘ ਦੀ ਮੌਤ ਹੋ ਗਈ ਸੀ।
ਕੈਨੇਡਾ ਪੁਲਿਸ ਅਨੁਸਾਰ, 23 ਫਰਵਰੀ 2026 ਨੂੰ ਇਸ ਮਾਮਲੇ ‘ਚ ਗੋਲਡੀ ਬਰਾੜ ਖ਼ਿਲਾਫ਼ ਫਸਟ ਡਿਗਰੀ ਕਤਲ ਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਭਾਲ ਅਜੇ ਵੀ ਜਾਰੀ ਹੈ।
ਕੈਨੇਡਾ ‘ਚ ਕਤਲ ਦੇ ਮਾਮਲੇ ‘ਚ ਗੋਲਡੀ ਬਰਾੜ ਦੀ ਭਾਲ
ਪੁਲਿਸ ਉਸ ਨੂੰ ਲਾਰੈਂਸ ਬਿਸ਼ਨੋਈ ਕ੍ਰਾਈਮ ਗਰੁੱਪ ਦਾ ਇੱਕ ਵੱਡਾ ਮੈਂਬਰ ਦੱਸਦੀ ਹੈ, ਜਿਸ ਨੂੰ ਪਿਛਲੇ ਸਾਲ ਕੈਨੇਡਾ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਬਰਾੜ 2022 ਦੇ ਇੱਕ ਕਤਲ ਦੇ ਸਬੰਧ ‘ਚ ਭਾਰਤ ‘ਚ ਵੀ ਲੋੜੀਂਦਾ ਹੈ ਤੇ ਅਪਰਾਧਿਕ ਨੈੱਟਵਰਕ ਚਲਾਉਣ ਲਈ ਅਮਰੀਕਾ ‘ਚ ਵੀ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਨਾਲ ਕਥਿਤ ਸਾਥੀ 26 ਸਾਲਾ ਕਰਨਬੀਰ ਸਿੰਘ ਖ਼ਿਲਾਫ਼ ਵੀ ਫਸਟ ਡਿਗਰੀ ਕਤਲ ਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਐਫਬੀਆਈ ਨੇ ਵੀ ਬਰਾੜ ਦੀ ਗ੍ਰਿਫ਼ਤਾਰੀ ‘ਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਜਦਕਿ ਬੋਲੋ ਪ੍ਰੋਗਰਾਮ ਕੈਨੇਡਾ ਜਾਂ ਅਮਰੀਕਾ ‘ਚ ਉਸ ਦੀ ਗ੍ਰਿਫ਼ਤਾਰੀ ‘ਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 2.5 ਲੱਖ ਡਾਲਰ ਤੱਕ ਦਾ ਇਨਾਮ ਦੇ ਰਿਹਾ ਹੈ।
ਇਹ ਵੀ ਪੜ੍ਹੋ
ਐਫਬੀਆਈ ਨੇ ਵੀ ਐਲਾਨਿਆ ਹੈ ਭਗੌੜਾ
ਵਿਨੀਪੈਗ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਕੈਮ ਮੈਕਿਡ ਨੇ ਬਰਾੜ ਨੂੰ ਬੇਹੱਦ ਖ਼ਤਰਨਾਕ ਵਿਅਕਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਜੁੜਿਆ ਕਥਿਤ ਨੁਕਸਾਨ ਕਿਸੇ ਇੱਕ ਭਾਈਚਾਰੇ, ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ।
ਸਤੰਬਰ ਤੋਂ ਹੀ ਗੋਲਡੀ ਬਰਾੜ ਐਫਬੀਆਈ ਦੀ ਟਾਪ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ‘ਚ ਸ਼ਾਮਲ ਹੈ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 2017 ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਹੁਣ ਕੈਨੇਡਾ ਤੇ ਅਮਰੀਕਾ ਦੀਆਂ ਪੁਲਿਸ ਏਜੰਸੀਆਂ ਗੋਲਡੀ ਬਰਾੜ ਦੀ ਭਾਲ ਕਰ ਰਹੀਆਂ ਹਨ। Source: TV9Hindi.com
