ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਡਾਕੂਮੈਂਟਰੀ ਭਾਰਤ ਨੇ ਖਾਰਿਜ ਕਿੱਤੀ
ਬੀਬੀਸੀ ਦੀ ਦੋ ਕੜੀਆਂ ਵਾਲੀ ਡਾਕੂਮੈਂਟਰੀ ਇੰਡਿਆ: ਦ ਮੋਦੀ ਕਵੇਸ਼ਚਨ 2002 ਵਿੱਚ ਨਰਿੰਦਰ ਮੋਦੀ ਦੇ ਉਥੇ ਦੇ ਮੁੱਖ ਮੰਤਰੀ ਰਹਿੰਦੀਆਂ ਗੁਜਰਾਤ ਦੰਗਿਆਂ ਨਾਲ ਜੁੜੇ ਪਹਿਲੂਆਂ ਦੀ ਜਾਂਚ-ਪੜਤਾਲ ਕੀਤੇ ਜਾਣ ਦਾ ਦਾਅਵਾ ਕਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੁਜਰਾਤ ਦੰਗਿਆਂ ਨੂੰ ਲੈ ਕੇ ਬੀਬੀਸੀ ਦੀ ਡਾਕੂਮੈਂਟਰੀ ਤੋਂ ਪੈਦਾ ਹੋਏ ਵਿਵਾਦ ‘ਤੇ ਭਾਰਤ ਵੱਲੋਂ ਭਾਰਤ ਨੂੰ ਬਦਨਾਮ ਕਰਨ ਦੇ ‘ਦੁਸ਼੍ਪ੍ਰਚਾਰ ਦਾ ਹਿੱਸਾ ਦੱਸਦਿਆਂ ਇਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ।ਭਾਰਤ ਨੇ ਕਿਹਾ ਕਿ ਇਹ ਡਾਕੂਮੈਂਟਰੀ ਝੂਠਿਆਂ ਗੱਲਾਂ ਦੇ ਪ੍ਰਚਾਰ ਲਈ ਬਣਾਈ ਗਈ ਹੈ ‘ਤੇ ਇਸ ਵਿੱਚ ਬਸਤੀਵਾਦੀ ਮਾਨਸਿਕਤਾ ‘ਸਾਫ਼ ਨਜ਼ਰ ਆਉਂਦੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਡਾਕੂਮੈਂਟਰੀ ਨੂੰ ਝੂਠੇ ਪ੍ਰਚਾਰ ਲਈ ਘੜੀ ਗਈ ਬਸਤੀਵਾਦੀ ਮਾਨਸਿਕਤਾ ਕਰਾਰ
ਭਾਰਤੀ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਰਿੰਦਮ ਬਾਗਚੀ ਨੇ ਡਾਕੂਮੈਂਟਰੀ ਦੇ ਮੰਤਵ ਅਤੇ ਇਸ ਦੇ ਪੁਰਾਣੇ ਏਜੰਡੇ ‘ਤੇ ਵੀ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸਾਫ਼ ਤੌਰ ਤੇ ਉਹ ਅਜਿਹੀਆਂ ਦੁਸ਼੍ਪ੍ਰਚਾਰ ਸਬੰਧੀ ਗੱਲਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ। ਬੀਬੀਸੀ ਦੀ ਦੋ ਸੀਰੀਜ਼ ਵਾਲੀ ਇਹ ਡਾਕੂਮੈਂਟਰੀ ਇੰਡਿਆ: ਦ ਮੋਦੀ ਕਵੇਸ਼ਚਨ 2002 ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੀਆਂ ਗੁਜਰਾਤ ਦੰਗਿਆਂ ਦੇ ਪਹਿਲੂਆਂ ਦੀ ਜਾਂਚ-ਪੜਤਾਲ ਕੀਤੇ ਜਾਣ ਦਾ ਦਾਅਵਾ ਕਿੱਤਾ ਗਿਆ ਹੈ। ਬਾਗਚੀ ਨੇ ਕਿਹਾ, ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸਾਡਾ ਮੰਨਣਾ ਹੈ ਕਿ ਇਹ ਦੁਸ਼ਪ੍ਰਚਾਰ ਤੋਂ ਇਲਾਵਾ ਕੁਝ ਨਹੀਂ, ਜੋ ਝੂਠੀਆਂ ਗੱਲਾਂ ਦੇ ਪ੍ਰਚਾਰ ਲਈ ਬਣਾਈਆਂ ਗਈਆਂ ਹਨ। ਬਾਗਚੀ ਨੇ ਕਿਹਾ, ਇਹ ਡਾਕੂਮੈਂਟਰੀ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਵੀ ਦਰਸ਼ਾਉਂਦੀ ਹੈ। ਇਸ ਦਾ ਮੰਤਵ ਅਤੇ ਏਜੰਡਾ ਬੜਾ ਹੈਰਾਨ ਕਰਨ ਵਾਲਾ ਹੈ। ਅਸੀਂ ਅਜਿਹੀਆਂ ਗੱਲਾਂ ਨੂੰ ਤੂਲ ਨਹੀਂ ਦੇਣਾ ਚਾਹੁੰਦੇ। ਬਾਗਚੀ ਨੇ ਕਿਹਾ, ਉਹਨਾਂ ਲੋਕਾਂ ਵੱਲੋਂ ਇਸਤੇਮਾਲ ਕਿੱਤੇ ‘ਜਾਂਚ ‘ਤੇ ਪੜਤਾਲ’ ਵਰਗੇ ਸ਼ਬਦ ਮੈਂ ਸੁਣੇ ਹਨ ਜਦਕਿ ਅਸੀਂ ‘ਬਸਤੀਵਾਦੀ ਮਾਨਸਿਕਤਾ’ ਵਰਗਾ ਸ਼ਬਦ ਇਸਤੇਮਾਲ ਕੀਤਾ, ਇਸ ਦੀ ਵੀ ਇੱਕ ਵਜ੍ਹਾ ਹੈ। ਕਿਹੜੀ ਜਾਂਚ ਅਤੇ ਕਿਹੜੀ ਪੜਤਾਲ? ਉਹ ਇਥੇ ਡਿਪਲੋਮੈਟ ਹਨ ਕਿ ਉਹ ਇੱਥੇ ਰਾਜ ਕਰ ਰਹੇ ਹਨ? ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਇਸ ਗੱਲ ਦਾ ਵੀ ਕੜਾ ਸੰਗਿਆਨ ਲਿਆ ਹੈ ਕਿ ਭਾਰਤ ਵਿੱਚ ਇਹ ਡਾਕੂਮੈਂਟਰੀ ਅਜੇ ਤੱਕ ਨਹੀਂ ਵਿਖਾਈ ਗਈ ਜਦਕਿ ਇਸ ਡਾਕੂਮੈਂਟਰੀ ਨੂੰ ਵਰਚੁਅਲੀ ਨਿੱਜੀ ਨੈੱਟਵਰਕਾਂ ਤੇ ਵੇਖਿਆ ਜਾ ਸਕਦਾ ਹੈ।
ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਚਾਅ ਕੀਤਾ
ਲੰਦਨ:ਇਸ ਵਿਵਾਦ ਦੌਰਾਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਾਅ ਵਿੱਚ ਉਤਰ ਆਏ ਹਨ। ਡਾਕੂਮੈਂਟਰੀ ਵਿੱਚ ਦਾਅਵਾ ਕੀਤਾ ਗਿਆ ਕਿ ਯੂਕੇ ਸਰਕਾਰ 2002 ਦੇ ਗੁਜਰਾਤ ਦੰਗਿਆਂ ਵਿੱਚ ਮੋਦੀ ਦੀ ਕਥਿਤ ਭੂਮਿਕਾ ਬਾਰੇ ਜਾਣਦੀ ਸੀ। ਸੂਨਕ ਨੇ ਕਿਹਾ, ਡਾਕੂਮੈਂਟਰੀ ਵਿੱਚ ਪਾਕਿਸਤਾਨੀ ਮੂਲ ਦੇ ਇਮਰਾਨ ਹੁਸੈਨ, ਜੋ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਹਨ, ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਬਾਰੇ ਦਿੱਤੇ ਬਿਆਨ ਨਾਲ ਮੈਂ ਸਹਿਮਤ ਨਹੀਂ।