ਪੰਜਾਬ ‘ਚ ਸ਼ੀਤ ਲਹਿਰ ਤੇ ਸੰਘਣੀ ਧੁੰਦ ਦਾ ਕਹਿਰ, 48 ਘੰਟਿਆਂ ਵਿੱਚ ਤਾਪਮਾਨ 3 ਡਿਗਰੀ ਢਿੱਗੀਆ
Punjab Chandigarh Weather Forecast: ਮੌਸਮ ਵਿਭਾਗ ਨੇ ਅੱਜ, 5 ਜਨਵਰੀ ਅਤੇ ਕੱਲ੍ਹ ਲਈ ਸੰਘਣੀ ਧੁੰਦ, ਸੀਤ ਲਹਿਰ ਅਤੇ ਕੋਲਡ ਡੇਅ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ 9 ਜਨਵਰੀ ਤੱਕ ਬਣੀ ਰਹੇਗੀ। ਇਸ ਸੰਘਣੀ ਧੁੰਦ ਕਾਰਨ ਕਈ ਟ੍ਰੇਨਾਂ ਦੇਰੀ ਨਾਲ ਚੱਲ ਰਹਿਆਂ ਹਨ ਅਤੇ ਉਡਾਣਾਂ ਰੱਦ ਹੋ ਗਈਆਂ ਹਨ।
ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਸ਼ੀਤ ਲਹਿਰ ਦੀ ਲਪੇਟ ਵਿੱਚ ਹਨ। ਮੌਸਮ ਵਿਭਾਗ ਨੇ ਅੱਜ, 5 ਜਨਵਰੀ ਅਤੇ ਕੱਲ੍ਹ ਲਈ ਸੰਘਣੀ ਧੁੰਦ, ਸੀਤ ਲਹਿਰ ਅਤੇ ਕੋਲਡ ਡੇਅ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ 9 ਜਨਵਰੀ ਤੱਕ ਬਣੀ ਰਹੇਗੀ। ਇਸ ਕਾਰਨ ਰਾਤ ਦੇ ਨਾਲ ਹੀ ਹੁਣ ਦਿਨ ਦਾ ਤਾਪਮਾਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 2.1 ਡਿਗਰੀ ਸੈਲਸੀਅਸ ਘਟਿਆ ਹੈ, ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ। ਹੁਸ਼ਿਆਰਪੁਰ ਸਭ ਤੋਂ ਠੰਡਾ ਰਿਹਾ। ਜਿੱਥੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਵਿੱਚ ਇੱਕ ਠੰਡਾ ਦਿਨ ਦਰਜ ਕੀਤਾ ਗਿਆ। ਅਗਲੇ ਦੋ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਘਟਣ ਦੀ ਉਮੀਦ ਹੈ।
ਕਈ ਥਾਵਾਂ ‘ਤੇ ਜ਼ੀਰੋ ਵਿਜ਼ੀਬਿਲਟੀ ਦਰਜ
ਐਤਵਾਰ ਨੂੰ ਚੰਡੀਗੜ੍ਹ ਅਤੇ ਪੰਜਾਬ ਵਿੱਚ ਸਾਰਾ ਦਿਨ ਧੁੰਦ ਛਾਈ ਰਹੀ। ਕਈ ਥਾਵਾਂ ‘ਤੇ ਸੂਰਜ ਵੀ ਨਹੀਂ ਚੜ੍ਹਿਆ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਮੀਟਰ, ਬੱਲੋਵਾਲ ਵਿੱਚ 50 ਮੀਟਰ ਅਤੇ ਗੁਰਦਾਸਪੁਰ ਵਿੱਚ 200 ਮੀਟਰ ਦਰਜ ਕੀਤੀ ਗਈ। ਇਸ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਕੁਝ ਇਲਾਕਿਆਂ ਵਿੱਚ ਤਾਪਮਾਨ 5 ਤੋਂ 10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
18 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ
ਮੌਸਮ ਵਿਭਾਗ ਮੁਤਾਬਕ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਅਤੇ ਮਲੇਰਕੋਟਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਪਠਾਨਕੋਟ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਦੇ ਇਕੱਲਿਆਂ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਦਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ‘ਚ ਸੀਤ ਲਹਿਰ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਵੀ ਠੰਡੇ ਦਿਨ ਰਹਿਣ ਦੀ ਉਮੀਦ ਹੈ। ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
ਮੌਸਮ ਦੇ ਅਜੇ ਸਾਫ਼ ਹੋਣ ਦੀ ਉਮੀਦ ਨਹੀਂ
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਅਗਲੇ ਸੱਤ ਤੋਂ ਅੱਠ ਦਿਨਾਂ ਤੱਕ ਮੌਸਮ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ। ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਬਣੀ ਰਹੇਗੀ। ਧੁੱਪ ਦੀ ਘਾਟ ਕਾਰਨ, ਠੰਡੇ ਦਿਨਾਂ ਦੀ ਸਥਿਤੀ ਵੀ ਹੋਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ, ਮਹਿੰਦਰਗੜ੍ਹ ਤੇ ਚੰਡੀਗੜ੍ਹ ਉਨ੍ਹਾਂ ਥਾਵਾਂ ਵਿੱਚੋਂ ਹਨ। ਜਿੱਥੇ ਤਾਪਮਾਨ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਘੱਟ ਗਿਆ ਹੈ। ਮੌਸਮ ਵਿੱਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ। ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ।


