ਡੋਡਾ ਤੋਂ ਕੁਪਵਾੜਾ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਹਫ਼ਤੇ ਦੇ ਅੰਦਰ 4 ਐਨਕਾਉਂਟਰ, ਅੱਤਵਾਦੀਆਂ ਨਾਲੋਂ ਫ਼ੌਜ ਦਾ ਜ਼ਿਆਦਾ ਨੁਕਸਾਨ
14 ਜੁਲਾਈ ਨੂੰ, ਭਾਰਤੀ ਫੌਜ ਨੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LOC) ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਦੌਰਾਨ ਉਸ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਅੱਤਵਾਦੀਆਂ ਨੇ ਕਠੂਆ ਜ਼ਿਲੇ ਚ ਇਕ ਪਹਾੜੀ ਸੜਕ ਤੇ ਫੌਜ ਦੇ ਕਾਫਲੇ ਤੇ ਹਮਲਾ ਕੀਤਾ ਸੀ, ਜਿਸ ਚ ਫੌਜ ਨੂੰ ਵੱਡਾ ਨੁਕਸਾਨ ਹੋਇਆ ਸੀ।
ਜੰਮੂ-ਕਸ਼ਮੀਰ ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਐਨਕਾਉਂਟਰ ਸੋਮਵਾਰ ਰਾਤ ਡੋਡਾ ਦੇ ਦੇਸਾ ਇਲਾਕੇ ਦੇ ਜੰਗਲ ਵਿੱਚ ਸ਼ੁਰੂ ਹੋਇਆ। ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਮੁਕਾਬਲੇ ਚ ਇਕ ਅਧਿਕਾਰੀ ਅਤੇ ਇਕ ਪੁਲਿਸ ਕਰਮਚਾਰੀ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਇਹ ਚੌਥੀ ਘਟਨਾ ਹੈ। ਅੱਤਵਾਦੀ ਘਟਨਾਵਾਂ ਵਧਣ ਕਾਰਨ ਸਿਆਸੀ ਤਾਪਮਾਨ ਵੀ ਵਧਿਆ ਹੈ।