ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ ‘ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ ‘ਚ ਕੱਢਿਆ ਹੱਲ
ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ ਤਿੰਨ ਕੁੜੀਆਂ ਨੇ 500 ਚੋਂ 500 ਨੰਬਰ ਹਾਸਿਲ ਕੀਤੇ ਹਨ। ਪਰ ਫਿਰ ਵੀ ਉਹ ਫਰਸਟ, ਸੈਕੇਂਡ ਅਤੇ ਥਰਡ ਆਈਆਂ ਹਨ। ਜਿਸਨੂੰ ਲੈ ਕੇ ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਕੁੜੀਆਂ ਵਿੱਚ ਕਾਫੀ ਮਾਯੂਸੀ ਸੀ। ਸੀਐਮ ਮਾਨ ਨੇ ਜਦੋਂ ਇਨ੍ਹਾਂ ਹੋਨਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਤਾਂ ਕੁੜੀ ਨੇ ਆਪਣਾ ਗੁੱਸਾ ਸੀਐਮ ਮਾਨ ਅੱਗੇ ਕੱਢ ਦਿੱਤਾ।
PSEB Topper Question to CM Mann: ਪੰਜਾਬ ਸਰਕਾਰ ਨੇ 31 ਮਈ ਨੂੰ ਪੰਜਾਬ ਬੋਰਡ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਟਾਪਰਾਂ ਨੂੰ ਸਨਮਾਨਿਤ ਕਰਨ ਲਈ “ਸਿਤਾਰੇ ਜ਼ਮੀਨ ਪੇ” ਨਾਮਕ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਆਪਣੇ ਭਾਸ਼ਣ ਦੌਰਾਨ, ਸਿਸੋਦੀਆ ਨੇ ਵਿਦਿਆਰਥੀਆਂ ਤੋਂ ਕੁਝ ਸਵਾਲ ਪੁੱਛੇ। ਫਿਰ, ਅੰਮ੍ਰਿਤਸਰ ਦੇ ਇੱਕ ਵਿਦਿਆਰਥੀ ਨੇ ਖੜ੍ਹੇ ਹੋ ਕੇ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਕਰ ਦਿੱਤਾ। ਕੁੜੀ ਦੇ ਸਵਾਲ ਕਰਦਿਆਂ ਹੀ ਮੁੱਖ ਮੰਤਰੀ ਨੇ ਪਲਕ ਝਪਕਦਿਆਂ ਹੀ ਉਸਦਾ ਜਵਾਬ ਵੀ ਦੇ ਦਿੱਤਾ ਅਤੇ ਸਥਾਈ ਹੱਲ ਵੀ ਕੱਢ ਦਿੱਤਾ। ਕੁੜੀ ਨੇ ਕਿਹਾ ਕਿ ਉਨ੍ਹਾਂ ਨੇ ਬਰਾਬਰ ਮੇਹਨਤ ਕੀਤੀ ਹੈ ਅਤੇ ਬਰਾਬਰ ਨੰਬਰ ਲਿਆਈਆਂ ਹਨ, ਪਰ ਛੋਟੀ ਉਮਰ ਵਾਲੀ ਨੂੰ ਫਰਸਟ ਐਲਾਨ ਦਿੱਤਾ ਗਿਆ। ਇਹ ਬਾਕੀ ਦੋਵਾਂ ਨਾਲ ਨਾਇਨਸਾਫੀ ਹੈ। ਕੁੜੀ ਦੇ ਇਸ ਸ਼ਿਕਵੇਂ ਤੋਂ ਮੁੱਖ ਮੰਤਰੀ ਮਾਨ ਇੰਨੇ ਜਿਆਦਾ ਭਾਵੁਕ ਅਤੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬੋਰਡ ਦਾ ਨਿਯਮ ਤੁਰੰਤ ਬਦਲਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਨੇ ਬੋਰਡ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਹੁਣ ਤੋਂ ਬਰਾਬਰ ਨੰਬਰ ਲਿਆਉਣ ਵਾਲੇ ਸਾਰੇ ਵਿਦਿਆਰਥੀ ਫਰਸਟ ਮੰਨੇ ਜਾਣਗੇ, ਉਸਤੋਂ ਬਾਅਦ ਵਾਲਿਆਂ ਨੂੰ ਸੈਕੇਂਡ ਅਤੇ ਥਰਡ ਐਲਾਨਿਆ ਜਾਵੇ। ਤੁਸੀਂ ਵੀ ਵੇਖੋ ਇਹ ਦਿਲਚਸਮ ਗੱਲਬਾਤ ਦੀ ਵੀਡੀਓ…
