Google Maps ਦੀ ਟੈਨਸ਼ਨ ਵਧਾਉਣ ਆ ਗਿਆ Apple ਦਾ ਨਵਾਂ ਅਪਡੇਟ; ਭਾਰਤ ਵਿੱਚ ਮਿਲਣਗੀਆਂ ਕਮਾਲ ਦੀਆਂ ਸਹੂਲਤਾਂ
ਦਿੱਗਜ ਟੈੱਕ ਕੰਪਨੀ ਐਪਲ ਭਾਰਤ ਵਿੱਚ ਆਪਣੇ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰ ਰਹੀ ਹੈ। ਇਸੇ ਕੜੀ ਤਹਿਤ ਹੁਣ ਆਈਫੋਨ ਯੂਜ਼ਰਸ ਨੂੰ ਇੱਕ ਬੇਹੱਦ ਕੰਮ ਦਾ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਕੰਪਨੀ ਨੇ ਭਾਰਤ ਵਿੱਚ ਆਪਣੀ ਮੈਪ ਸਰਵਿਸ 'ਐਪਲ ਮੈਪਸ' ਵਿੱਚ ਕਈ ਵੱਡੇ ਅਤੇ ਆਧੁਨਿਕ ਬਦਲਾਅ ਕੀਤੇ ਹਨ।
ਦਿੱਗਜ ਟੈੱਕ ਕੰਪਨੀ ਐਪਲ ਭਾਰਤ ਵਿੱਚ ਆਪਣੇ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰ ਰਹੀ ਹੈ। ਇਸੇ ਕੜੀ ਤਹਿਤ ਹੁਣ ਆਈਫੋਨ ਯੂਜ਼ਰਸ ਨੂੰ ਇੱਕ ਬੇਹੱਦ ਕੰਮ ਦਾ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਕੰਪਨੀ ਨੇ ਭਾਰਤ ਵਿੱਚ ਆਪਣੀ ਮੈਪ ਸਰਵਿਸ ‘ਐਪਲ ਮੈਪਸ’ ਵਿੱਚ ਕਈ ਵੱਡੇ ਅਤੇ ਆਧੁਨਿਕ ਬਦਲਾਅ ਕੀਤੇ ਹਨ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਨੇਵੀਗੇਸ਼ਨ, 3D ਲੈਂਡਮਾਰਕ ਅਤੇ ਸੜਕਾਂ ਦੀਆਂ ਤਸਵੀਰਾਂ ਰਾਹੀਂ ਕਿਸੇ ਵੀ ਜਗ੍ਹਾ ਨੂੰ ਨੇੜਿਓਂ ਦੇਖਣ ਦੀ ਸਹੂਲਤ ਮਿਲੇਗੀ। ਐਪਲ ਨੇ ਭਾਰਤੀ ਯੂਜ਼ਰਸ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਇਸ ਵਿੱਚ ਸਥਾਨਕ ਭਾਸ਼ਾਵਾਂ ਵਿੱਚ ਥਾਵਾਂ ਦੇ ਨਾਮ, ਬਿਹਤਰ ਵੌਇਸ ਗਾਈਡੈਂਸ ਅਤੇ ਔਗਮੈਂਟੇਡ ਰਿਐਲਿਟੀ (AR) ਰਾਹੀਂ ਰਸਤਾ ਦੇਖਣ ਵਰਗੇ ਖ਼ਾਸ ਵਿਕਲਪ ਸ਼ਾਮਲ ਕੀਤੇ ਹਨ।
ਐਪਲ ਮੈਪਸ ਦੇ ਇਸ ਨਵੇਂ ਅਪਡੇਟ ਵਿੱਚ ਦੇਸ਼ ਭਰ ਦੇ 300 ਤੋਂ ਵੱਧ ਪ੍ਰਮੁੱਖ ਲੈਂਡਮਾਰਕਸ ਨੂੰ 3D ਰੂਪ ਵਿੱਚ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਸੜਕਾਂ, ਇਮਾਰਤਾਂ, ਪਾਰਕਾਂ ਅਤੇ ਸ਼ਾਪਿੰਗ ਸੈਂਟਰਾਂ ਦੀ ਜਾਣਕਾਰੀ ਨੂੰ ਵੀ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਅਤੇ ਵਿਸਤ੍ਰਿਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਮੰਨਣਾ ਹੈ ਕਿ ਇਸ ਅਪਡੇਟ ਨਾਲ ਯੂਜ਼ਰਸ ਨੂੰ ਅਣਜਾਣ ਥਾਵਾਂ ‘ਤੇ ਰਸਤਾ ਲੱਭਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ।
ਹੁਣ ਸਥਾਨਕ ਪਛਾਣ ਰਾਹੀਂ ਮਿਲੇਗਾ ਰਸਤਾ
ਐਪਲ ਮੈਪਸ ਦੇ ਨਵੇਂ ਅਪਡੇਟ ਵਿੱਚ ‘ਨੈਚੁਰਲ ਲੈਂਗੂਏਜ ਗਾਈਡੈਂਸ’ ਇੱਕ ਬੇਹੱਦ ਖ਼ਾਸ ਫੀਚਰ ਹੈ। ਇਸ ਰਾਹੀਂ ਯੂਜ਼ਰਸ ਨੂੰ ਰਸਤਾ ਦੱਸਣ ਲਈ ਸਿਰਫ਼ ਦੂਰੀ ਜਾਂ ਦਿਸ਼ਾ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ, ਸਗੋਂ ਆਲੇ-ਦੁਆਲੇ ਮੌਜੂਦ ਜਾਣੀਆਂ-ਪਛਾਣੀਆਂ ਥਾਵਾਂ ਦਾ ਹਵਾਲਾ ਵੀ ਦਿੱਤਾ ਜਾਵੇਗਾ। ਉਦਾਹਰਨ ਵਜੋਂ, ਕਿਸੇ ਮੋੜ ‘ਤੇ ਮੁੜਨ ਲਈ ਐਪ “ਪੈਟਰੋਲ ਪੰਪ ਤੋਂ ਅੱਗੇ ਸੱਜੇ ਮੁੜੋ” ਵਰਗੀ ਸੌਖੀ ਅਤੇ ਸਪੱਸ਼ਟ ਜਾਣਕਾਰੀ ਦੇਵੇਗਾ।
ਇਸ ਤੋਂ ਇਲਾਵਾ ਕੰਪਨੀ ਨੇ ਐਪਲ ਮੈਪਸ ਵਿੱਚ ‘ਲੇਨ ਗਾਈਡੈਂਸ’ ਫੀਚਰ ਵੀ ਜੋੜ ਦਿੱਤਾ ਹੈ। ਇਸ ਦੀ ਮਦਦ ਨਾਲ ਡਰਾਈਵਰ ਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਮੋੜ ਕੱਟਣ ਜਾਂ ਫਲਾਈਓਵਰ ‘ਤੇ ਚੜ੍ਹਨ ਲਈ ਕਿਹੜੀ ਲੇਨ ਵਿੱਚ ਰਹਿਣਾ ਸਹੀ ਹੋਵੇਗਾ। ਯੂਜ਼ਰਸ ਹੁਣ ਇੱਕੋ ਰੂਟ ਵਿੱਚ 15 ਥਾਵਾਂ ਤੱਕ ਦੇ ਸਟੌਪ ਜੋੜ ਕੇ ਆਪਣੀ ਯਾਤਰਾ ਦੀ ਪਲਾਨਿੰਗ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਮੈਕ (Mac) ਜਾਂ ਆਈਪੈਡ (iPad) ‘ਤੇ ਤਿਆਰ ਕੀਤੇ ਗਏ ਰੂਟ ਆਪਣੇ-ਆਪ ਆਈਫੋਨ ਨਾਲ ਸਿੰਕ ਹੋ ਜਾਣਗੇ।
ਪੰਜਾਬੀ ਸਮੇਤ 11 ਭਾਰਤੀ ਭਾਸ਼ਾਵਾਂ ਵਿੱਚ ਦਿਸਣਗੇ ਥਾਵਾਂ ਦੇ ਨਾਮ
ਐਪਲ ਨੇ ਮੈਪਸ ਵਿੱਚ ‘ਡਿਊਲ ਲੈਂਗੂਏਜ ਲੇਬਲ’ ਫੀਚਰ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਇਸ ਸਹੂਲਤ ਤਹਿਤ ਯੂਜ਼ਰਸ ਨੂੰ ਥਾਵਾਂ ਦੇ ਨਾਮ ਅੰਗਰੇਜ਼ੀ ਦੇ ਨਾਲ-ਨਾਲ ਸਥਾਨਕ ਭਾਸ਼ਾ ਵਿੱਚ ਵੀ ਦਿਖਾਈ ਦੇਣਗੇ। ਇਹ ਫੀਚਰ ਡਿਵਾਈਸ ਦੀ ਭਾਸ਼ਾ ਅਤੇ ਯੂਜ਼ਰ ਦੇ ਇਲਾਕੇ ਮੁਤਾਬਕ ਕੰਮ ਕਰੇਗਾ। ਇਸ ਸੂਚੀ ਵਿੱਚ ਪੰਜਾਬੀ, ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਾਮਿਲ, ਉੜੀਆ, ਤੇਲਗੂ ਅਤੇ ਉਰਦੂ ਭਾਸ਼ਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ
‘ਲੁੱਕ ਅਰਾਊਂਡ’ ਅਤੇ AR ਵਾਕਿੰਗ ਡਾਇਰੈਕਸ਼ਨਜ਼ ਦੀ ਸਹੂਲਤ
ਇਸ ਅਪਡੇਟ ਦੇ ਨਾਲ ਹੀ ਭਾਰਤ ਵਿੱਚ ਐਪਲ ਮੈਪਸ ‘ਤੇ ‘ਲੁੱਕ ਅਰਾਊਂਡ’ ਫੀਚਰ ਵੀ ਸ਼ੁਰੂ ਹੋ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਜਗ੍ਹਾ ਦੀਆਂ ਸੜਕ ਪੱਧਰ ਦੀਆਂ ਤਸਵੀਰਾਂ ਦੇਖ ਕੇ ਆਲੇ-ਦੁਆਲੇ ਦੇ ਇਲਾਕੇ ਦਾ ਜਾਇਜ਼ਾ ਲੈ ਸਕਣਗੇ। ਉੱਥੇ ਹੀ, ‘AR ਵਾਕਿੰਗ ਡਾਇਰੈਕਸ਼ਨਜ਼’ ਫੀਚਰ ਰਾਹੀਂ ਪੈਦਲ ਚੱਲਣ ਵਾਲੇ ਯੂਜ਼ਰਸ ਆਈਫੋਨ ਦੇ ਕੈਮਰੇ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਸਕੈਨ ਕਰਕੇ ਸਕ੍ਰੀਨ ‘ਤੇ ਹੀ ਸਹੀ ਦਿਸ਼ਾ ਅਤੇ ਰਸਤੇ ਦੇ ਵੇਰਵੇ ਹਾਸਲ ਕਰ ਸਕਦੇ ਹਨ।
ਪਬਲਿਕ ਟਰਾਂਸਪੋਰਟ, ਰੇਲਵੇ ਅਤੇ ਇਲੈਕਟ੍ਰਿਕ ਕਾਰਾਂ ਲਈ ਖ਼ਾਸ ਪ੍ਰਬੰਧ
ਕੰਪਨੀ ਨੇ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ ਅਤੇ ਪੁਣੇ ਵਿੱਚ ਪਬਲਿਕ ਟਰਾਂਸਪੋਰਟ ਨੇਵੀਗੇਸ਼ਨ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਯੂਜ਼ਰਸ ਭਾਰਤੀ ਰੇਲਵੇ ਰਾਹੀਂ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ, ਨੇੜਲੇ ਸਟੇਸ਼ਨ ਲੱਭ ਸਕਦੇ ਹਨ ਅਤੇ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਣ ‘ਤੇ ਨੋਟੀਫਿਕੇਸ਼ਨ ਵੀ ਪ੍ਰਾਪਤ ਕਰ ਸਕਦੇ ਹਨ।
ਇਸ ਦੇ ਨਾਲ ਹੀ ਸਪੋਰਟਿਡ ਇਲੈਕਟ੍ਰਿਕ ਕਾਰਾਂ ਦੇ ਡਰਾਈਵਰ ਹੁਣ ਚਾਰਜਿੰਗ ਸਟੌਪਸ ਦੇ ਹਿਸਾਬ ਨਾਲ ਆਪਣਾ ਸਫ਼ਰ ਪਲਾਨ ਕਰ ਸਕਣਗੇ। ਯੂਜ਼ਰਸ ‘ਸਿਰੀ’ (Siri) ਦੀ ਮਦਦ ਨਾਲ ਸੜਕ ‘ਤੇ ਹੋਏ ਹਾਦਸਿਆਂ ਅਤੇ ਹੋਰ ਖ਼ਤਰਿਆਂ ਦੀ ਰਿਪੋਰਟ ਵੀ ਕਰ ਸਕਦੇ ਹਨ, ਅਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਦਾ ਅੰਦਾਜ਼ਨ ਸਮਾਂ (ETA) ਦੂਜਿਆਂ ਨਾਲ ਸਾਂਝਾ ਕਰ ਸਕਦੇ ਹਨ।
ਕਿਹੜੇ ਡਿਵਾਈਸਾਂ ‘ਤੇ ਮਿਲੇਗਾ ਇਹ ਅਪਡੇਟ?
ਐਪਲ ਅਨੁਸਾਰ, ਡਿਊਲ ਲੈਂਗੂਏਜ ਲੇਬਲ ਅਤੇ ਐਡਵਾਂਸ ਨੈਚੁਰਲ ਲੈਂਗੂਏਜ ਗਾਈਡੈਂਸ ਵਰਗੇ ਫੀਚਰਾਂ ਦੀ ਵਰਤੋਂ ਕਰਨ ਲਈ ਯੂਜ਼ਰਸ ਕੋਲ iOS 27.2, iPadOS 27.2, watchOS 27.2 ਅਤੇ macOS 27.2 ਜਾਂ ਇਸ ਤੋਂ ਬਾਅਦ ਦਾ ਵਰਜ਼ਨ ਹੋਣਾ ਜ਼ਰੂਰੀ ਹੈ। ਐਪਲ ਮੈਪਸ ਵਿੱਚ ਇਨ੍ਹਾਂ ਸ਼ਾਨਦਾਰ ਅਤੇ ਆਧੁਨਿਕ ਫੀਚਰਾਂ ਦੇ ਆਉਣ ਨਾਲ ਭਾਰਤ ਵਿੱਚ ਗੂਗਲ ਮੈਪਸ (Google Maps) ਨੂੰ ਸਖ਼ਤ ਟੱਕਰ ਮਿਲਣ ਵਾਲੀ ਹੈ। ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਗੂਗਲ ਮੈਪਸ ਦੇ ਯੂਜ਼ਰਸ ਦੀ ਗਿਣਤੀ ਬਹੁਤ ਜ਼ਿਆਦਾ ਹੈ, ਅਜਿਹੇ ਵਿੱਚ ਐਪਲ ਮੈਪਸ ਦਾ ਇਹ ਵੱਡਾ ਅਪਡੇਟ ਗੂਗਲ ਮੈਪਸ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ।
