Microsoft ਦੀ ਰਾਹ ‘ਤੇ Canva, 6 ਮਹੀਨਿਆਂ ਦੀ ਤਨਖਾਹ ਤੇ MacBook ਦੇ ਕੇ 1,271 ਕਰਮਚਾਰੀਆਂ ਨੂੰ ਕਿਹਾ ਅਲਵਿਦਾ!
Canva Layoffs: Canva ਵੱਲੋਂ ਵੱਡੇ ਬਦਲਾਅ ਦੀ ਤਿਆਰੀ, 1,271 ਕਰਮਚਾਰੀਆਂ ਦੀ ਛਾਂਟੀ; ਪ੍ਰਭਾਵਿਤ ਲੋਕਾਂ ਨੂੰ ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ, MacBook ਅਤੇ LinkedIn Premium ਦੇ ਨਾਲ ਨਵੀਂ ਨੌਕਰੀ ਲੱਭਣ ਵਿੱਚ ਵੀ ਮਿਲੇਗੀ ਮਦਦ।
Canva ਨੇ 1,271 ਕਰਮਚਾਰੀਆਂ ਦੀ ਕੀਤੀ ਛਾਂਟੀ
ਨੌਕਰੀ ਜਾਣਾ ਕਿਸੇ ਵੀ ਵਿਅਕਤੀ ਲਈ ਵੱਡਾ ਝਟਕਾ ਹੁੰਦਾ ਹੈ। ਅਚਾਨਕ ਰੋਜ਼ਾਨਾ ਦਾ ਕੰਮ ਛੁੱਟ ਜਾਂਦਾ ਹੈ ਅਤੇ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰਨੀ ਪੈਂਦੀ ਹੈ। ਪਰ ਆਸਟ੍ਰੇਲੀਆ ਦੀ ਡਿਜ਼ਾਈਨਿੰਗ ਕੰਪਨੀ Canva ਨੇ ਛਾਂਟੀ ਦੌਰਾਨ ਆਪਣੇ ਕਰਮਚਾਰੀਆਂ ਲਈ ਅਜਿਹਾ ਰਾਹਤ ਪੈਕੇਜ ਤਿਆਰ ਕੀਤਾ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਕੰਪਨੀ ਨੇ 1,271 ਲੋਕਾਂ ਨੂੰ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ MacBook ਆਪਣੇ ਕੋਲ ਰੱਖਣ, ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ ਲੈਣ ਅਤੇ ਇੱਕ ਸਾਲ ਤੱਕ LinkedIn Premium ਵਰਤਣ ਦੀ ਸਹੂਲਤ ਵੀ ਦਿੱਤੀ ਜਾਵੇਗੀ।
Canva ਆਪਣੇ ਕੁੱਲ ਕਰਮਚਾਰੀਆਂ ਵਿੱਚੋਂ 22 ਫ਼ੀਸਦੀ ਦੀ ਕਟੌਤੀ ਕਰ ਰਹੀ ਹੈ। ਕੰਪਨੀ ਦੀ CEO ਮੇਲਾਨੀ ਪਰਕਿਨਜ਼ ਨੇ ਇਸ ਫ਼ੈਸਲੇ ਨੂੰ ਕੰਪਨੀ ਲਈ ਬੇਹੱਦ ਮੁਸ਼ਕਲ ਦੱਸਦਿਆਂ ਪ੍ਰਭਾਵਿਤ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਹੈ।
37 ਦੇਸ਼ਾਂ ਵਿੱਚ 1,271 ਕਰਮਚਾਰੀਆਂ ਦੀ ਗਈ ਨੌਕਰੀ
Canva ਵਿੱਚ 37 ਦੇਸ਼ਾਂ ਵਿੱਚ 5,700 ਤੋਂ ਵੱਧ ਲੋਕ ਕੰਮ ਕਰਦੇ ਹਨ। ਇਨ੍ਹਾਂ ਵਿੱਚ ਭਾਰਤ ਦੇ ਕਰਮਚਾਰੀ ਵੀ ਸ਼ਾਮਲ ਹਨ। ਹਾਲਾਂਕਿ, ਕੰਪਨੀ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸ ਦੇਸ਼ ਜਾਂ ਟੀਮ ‘ਤੇ ਛਾਂਟੀ ਦਾ ਸਭ ਤੋਂ ਵੱਧ ਅਸਰ ਪਿਆ ਹੈ।
ਮੇਲਾਨੀ ਪਰਕਿਨਜ਼ ਨੇ ਕਰਮਚਾਰੀਆਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਕਿ ਇਸ ਫ਼ੈਸਲੇ ਕਾਰਨ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੌਕਰੀ ਤੋਂ ਹਟਾਏ ਜਾਣ ਦਾ ਮਤਲਬ ਕਰਮਚਾਰੀਆਂ ਦੀ ਯੋਗਤਾ ਜਾਂ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਘੱਟ ਹੋਣਾ ਨਹੀਂ ਹੈ।
ਨੌਕਰੀ ਜਾਣ ਤੋਂ ਬਾਅਦ ਮਿਲਣਗੀਆਂ ਇਹ ਸਹੂਲਤਾਂ
Canva ਪ੍ਰਭਾਵਿਤ ਕਰਮਚਾਰੀਆਂ ਨੂੰ ਕੰਪਨੀ ਦਾ MacBook ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਇੱਕ ਸਾਲ ਦਾ LinkedIn Premium ਸਬਸਕ੍ਰਿਪਸ਼ਨ ਵੀ ਮਿਲੇਗਾ।
ਇਹ ਵੀ ਪੜ੍ਹੋ
ਨਵੀਂ ਨੌਕਰੀ ਲੱਭਣ ਵਿੱਚ ਮਦਦ ਲਈ ਕਰੀਅਰ ਕੋਚਿੰਗ, ਇੰਟਰਵਿਊ ਦੀ ਤਿਆਰੀ ਅਤੇ ਰਿਜ਼ਿਊਮੇ ਵਿੱਚ ਸੁਧਾਰ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਕੰਪਨੀ ਦੀ Talent Acquisition ਟੀਮ ਇਸ ਪੂਰੀ ਪ੍ਰਕਿਰਿਆ ਵਿੱਚ ਕਰਮਚਾਰੀਆਂ ਦੀ ਮਦਦ ਕਰੇਗੀ।
ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ ਅਤੇ ਹੈਲਥਕੇਅਰ
ਹਰੇਕ ਪ੍ਰਭਾਵਿਤ ਕਰਮਚਾਰੀ ਨੂੰ ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇਗੀ। ਇਸ ਵਿੱਚ ਲਾਜ਼ਮੀ ਕਾਨੂੰਨੀ ਭੁਗਤਾਨ ਵੀ ਸ਼ਾਮਲ ਹੋਵੇਗਾ। ਇਹ ਰਾਹਤ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।
ਜਿਨ੍ਹਾਂ ਕਰਮਚਾਰੀਆਂ ਨੇ ਪਿਛਲੇ ਇੱਕ ਸਾਲ ਦੌਰਾਨ ਕੰਪਨੀ ਜੁਆਇਨ ਕੀਤੀ ਹੈ, ਉਨ੍ਹਾਂ ਲਈ ਇੱਕ ਸਾਲ ਦੀ Vesting ਸ਼ਰਤ ਵੀ ਹਟਾ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੀ Equity ਦੇ ਹੱਕਦਾਰ ਬਣ ਸਕਣ।
ਜਿਨ੍ਹਾਂ ਦੇਸ਼ਾਂ ਵਿੱਚ Canva ਵੱਲੋਂ ਹੈਲਥਕੇਅਰ ਦੀ ਸਹੂਲਤ ਦਿੱਤੀ ਜਾਂਦੀ ਹੈ, ਉੱਥੇ ਕਰਮਚਾਰੀਆਂ ਨੂੰ 12 ਮਹੀਨਿਆਂ ਤੱਕ ਇਸ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਇੱਕ ਸਾਲ ਤੱਕ Canva Care ਪ੍ਰੋਗਰਾਮ ਦਾ ਫ਼ਾਇਦਾ ਵੀ ਲੈ ਸਕਣਗੇ।
ਕਾਰੋਬਾਰ ਸ਼ੁਰੂ ਕਰਨ ਲਈ ਮਿਲ ਸਕਦੀ ਹੈ ਮਦਦ
Canva ਨੇ Canva Collective Fund ਵੀ ਬਣਾਇਆ ਹੈ। ਇਸ ਦੇ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਸਥਾਨਕ ਪ੍ਰੋਜੈਕਟ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 10,000 ਡਾਲਰ (ਕਰੀਬ 8.9 ਲੱਖ ਰੁਪਏ) ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਕੰਪਨੀ ਇਸ ਦੇ ਬਦਲੇ ਕਾਰੋਬਾਰ ਵਿੱਚ ਕੋਈ ਹਿੱਸੇਦਾਰੀ ਨਹੀਂ ਲਵੇਗੀ। ਇਸ ਸਹੂਲਤ ਦਾ ਲਾਭ ਲੈਣ ਦੇ ਚਾਹਵਾਨ ਕਰਮਚਾਰੀਆਂ ਨੂੰ 14 ਦਸੰਬਰ ਤੱਕ ਆਪਣੀ ਜਾਣਕਾਰੀ ਦੇਣੀ ਪਵੇਗੀ।
ਇਸ ਤੋਂ ਇਲਾਵਾ, ਕੰਪਨੀ ਇੱਕ Alumni Talent Directory ਵੀ ਤਿਆਰ ਕਰੇਗੀ, ਜਿਸ ਨੂੰ ਨਿਵੇਸ਼ਕਾਂ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਨਾਲ ਕਰਮਚਾਰੀਆਂ ਨੂੰ ਨੌਕਰੀ ਦੇ ਨਵੇਂ ਮੌਕੇ ਲੱਭਣ ਵਿੱਚ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਹਫ਼ਤੇ ਦੇ ਅੰਤ ਤੱਕ Slack ਅਤੇ Gmail ਦਾ ਐਕਸੈੱਸ ਵੀ ਦਿੱਤਾ ਜਾਵੇਗਾ।
Source: TV9Hindi.com