ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਐਵਾਰਡ, ਸਾਤਵਿਕ-ਚਿਰਾਗ ਨੂੰ ਖੇਡ ਰਤਨ ਨਾਲ ਕੀਤਾ ਜਾਵੇਗਾ ਸਨਮਾਨਿਤ
ਕੇਂਦਰੀ ਖੇਡ ਮੰਤਰਾਲੇ ਨੇ ਇਸ ਸਾਲ ਦੇ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ, ਜਿਸ ਵਿੱਚ ਬੈਡਮਿੰਟਨ ਦੀ ਸਟਾਰ ਜੋੜੀ ਨੂੰ ਸਭ ਤੋਂ ਵੱਡੇ ਪੁਰਸਕਾਰ ਲਈ ਚੁਣਿਆ ਗਿਆ। ਜਦਕਿ ਸ਼ਮੀ ਸਮੇਤ 26 ਖਿਡਾਰੀਆਂ ਨੂੰ ਦੂਜੇ ਸਭ ਤੋਂ ਵੱਡੇ ਐਵਾਰਡ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਸ਼ਮੀ ਇਸ ਸਾਲ ਇਹ ਪੁਰਸਕਾਰ ਹਾਸਲ ਕਰਨ ਵਾਲੇ ਇਕਲੌਤੇ ਕ੍ਰਿਕਟਰ ਹਨ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਦੇਸ਼ ਦਾ ਦੂਜਾ ਸਰਵਉੱਚ ਖੇਡ ਸਨਮਾਨ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ। ਕੇਂਦਰੀ ਖੇਡ ਮੰਤਰਾਲੇ ਨੇ ਬੁੱਧਵਾਰ 20 ਦਸੰਬਰ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ, ਜਿਸ ਵਿੱਚ ਮੁਹੰਮਦ ਸ਼ਮੀ ਦਾ ਨਾਂ ਅਰਜੁਨ ਪੁਰਸਕਾਰ ਲਈ ਸੀ। ਵਿਸ਼ਵ ਕੱਪ 2023 ਵਿੱਚ ਉਨ੍ਹਾਂ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਸ਼ੇਸ਼ ਬੇਨਤੀ ਕੀਤੀ ਸੀ ਅਤੇ ਨਿਰਧਾਰਤ ਮਿਤੀ ਤੋਂ ਬਾਅਦ ਸ਼ਮੀ ਦੇ ਨਾਮ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਖੇਡ ਮੰਤਰਾਲੇ ਨੇ ਸਵੀਕਾਰ ਕਰ ਲਿਆ ਸੀ। ਦੇਸ਼ ਦੀ ਨੰਬਰ ਇਕ ਪੁਰਸ਼ ਡਬਲਜ਼ ਬੈਡਮਿੰਟਨ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਖੇਲ ਰਤਨ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਹੈ।
ਖੇਡ ਮੰਤਰਾਲੇ ਨੇ ਇਸ ਸਾਲ ਕੁੱਲ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਸ਼ਮੀ ਤੋਂ ਇਲਾਵਾ ਨੇਤਰਹੀਣ ਕ੍ਰਿਕਟਰ ਇਲੂਰੀ ਅਜੈ ਕੁਮਾਰ ਰੈੱਡੀ ਨੂੰ ਵੀ ਅਰਜੁਨ ਐਵਾਰਡ ਦਿੱਤਾ ਜਾਵੇਗਾ। ਕਬੱਡੀ, ਅਥਲੈਟਿਕਸ, ਤੀਰਅੰਦਾਜ਼ੀ, ਕੁਸ਼ਤੀ ਸਮੇਤ ਕੁਝ ਖੇਡਾਂ ਹਨ, ਜਿਨ੍ਹਾਂ ਵਿੱਚ 2-2 ਖਿਡਾਰੀਆਂ ਨੂੰ ਐਵਾਰਡ ਦਿੱਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਲਈ ਚੁਣਿਆ ਗਿਆ ਹੈ। ਤਿੰਨ ਦਿੱਗਜ਼ਾਂ ਨੂੰ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ। ਸਾਰੇ ਜੇਤੂਆਂ ਨੂੰ 9 ਜਨਵਰੀ 2024 ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਐਵਾਰਡ ਦੇਣਗੇ।
ਸ਼ਮੀ ਦਾ ਜ਼ਬਰਦਸਤ ਪ੍ਰਦਰਸ਼ਨ
ਸ਼ਮੀ ਲਈ ਇਹ ਸਾਲ ਬਹੁਤ ਚੰਗਾ ਰਿਹਾ। ਖਾਸ ਤੌਰ ‘ਤੇ ਵਿਸ਼ਵ ਕੱਪ ‘ਚ ਭਾਰਤੀ ਤੇਜ਼ ਗੇਂਦਬਾਜ਼ ਨੇ ਹਲਚਲ ਮਚਾ ਦਿੱਤੀ ਸੀ। ਉਨ੍ਹਾਂ ਨੇ ਸਿਰਫ 7 ਮੈਚਾਂ ‘ਚ ਸਭ ਤੋਂ ਵੱਧ 24 ਵਿਕਟਾਂ ਲਈਆਂ ਸਨ, ਜਿਸ ਦੇ ਆਧਾਰ ‘ਤੇ ਟੀਮ ਇੰਡੀਆ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ ਸੀ। ਇਸ ਦੌਰਾਨ ਸ਼ਮੀ ਨੇ ਇੱਕ ਪਾਰੀ ਵਿੱਚ ਤਿੰਨ ਵਾਰ 5 ਵਿਕਟਾਂ ਲਈਆਂ ਸਨ। ਉਹ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 55 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਵੀ ਬਣ ਗਏ।
ਸਾਤਵਿਕ-ਚਿਰਾਗ ਨੇ ਰਚਿਆ ਇਤਿਹਾਸ
ਖੇਡ ਦਾ ਸਭ ਤੋਂ ਵੱਡਾ ਸਨਮਾਨ ਜਿੱਤਣ ਵਾਲੀ ਭਾਰਤ ਦੀ ਨੰਬਰ ਇਕ ਜੋੜੀ ਸਾਤਵਿਕ-ਚਿਰਾਗ ਲਈ ਵੀ ਇਹ ਸਾਲ ਯਾਦਗਾਰ ਰਿਹਾ। ਕੋਰਟ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਸਾਤਵਿਕ-ਚਿਰਾਗ ਨੇ ਇਸ ਸਾਲ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ। ਇਹ ਕਾਰਨਾਮਾ ਕਰਨ ਵਾਲੀ ਇਹ ਪਹਿਲੀ ਭਾਰਤੀ ਜੋੜੀ ਵੀ ਬਣ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ। ਉਨ੍ਹਾਂ ਨੇ ਕਈ ਹੋਰ ਮੁਕਾਬਲਿਆਂ ਵਿੱਚ ਵੀ ਸਫਲਤਾ ਹਾਸਲ ਕੀਤੀ। ਉਹ ਵਿਸ਼ਵ ਨੰਬਰ 1 ਰੈਂਕ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਜੋੜੀ ਵੀ ਬਣ ਗਈ ਹੈ।