IPL 2025: ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ, KKR ਦੇ ਘਰ ‘ਚ ਗੁਜਰਾਤ ਟਾਈਟਨਜ਼ ਦੀ ਜਿੱਤ
IPL 2025: ਕੋਲਕਾਤਾ ਨਾਈਟ ਰਾਈਡਰਜ਼ ਨੂੰ ਘਰੇਲੂ ਮੈਦਾਨ 'ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਟਾਈਟਨਜ਼ ਵੱਲੋਂ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਰਾਸ਼ਿਦ ਖਾਨ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਟੀਮ ਨੂੰ ਛੇਵੀਂ ਜਿੱਤ ਦਿਵਾਈ।

Kolkata Knight Riders vs Gujarat Titans: ਆਈਪੀਐਲ 2025 ਵਿੱਚ ਗੁਜਰਾਤ ਟਾਈਟਨਸ ਟੀਮ ਨੂੰ ਰੋਕਣਾ ਨਾ ਸਿਰਫ਼ ਮੁਸ਼ਕਲ ਸਗੋਂ ਅਸੰਭਵ ਜਾਪਦਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਵਿੱਚ, ਇਸ ਟੀਮ ਨੇ ਹੁਣ ਕੇਕੇਆਰ ਨੂੰ ਉਸਦੇ ਘਰੇਲੂ ਮੈਦਾਨ ਈਡਨ ਗਾਰਡਨ ਵਿੱਚ 39 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਨੇ 20 ਓਵਰਾਂ ਵਿੱਚ 198 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਕੇਕੇਆਰ ਦੀ ਬੱਲੇਬਾਜ਼ੀ ਅਸਫਲ ਰਹੀ ਅਤੇ ਉਹ ਇਸ ਸੀਜ਼ਨ ਵਿੱਚ ਆਪਣਾ ਪੰਜਵਾਂ ਮੈਚ ਹਾਰ ਗਈ।
ਦੂਜੇ ਪਾਸੇ, ਗੁਜਰਾਤ ਦੀ ਟੀਮ ਨੇ 8 ਵਿੱਚੋਂ 6 ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਸ਼ੁਭਮਨ ਗਿੱਲ ਗੁਜਰਾਤ ਦੀ ਜਿੱਤ ਦਾ ਹੀਰੋ ਸੀ। ਗੁਜਰਾਤ ਦੇ ਕਪਤਾਨ ਨੇ 55 ਗੇਂਦਾਂ ਵਿੱਚ 90 ਦੌੜਾਂ ਬਣਾਈਆਂ। ਉਨ੍ਹਾਂ ਦੇ ਸਾਥੀ ਸਲਾਮੀ ਬੱਲੇਬਾਜ਼ ਸਾਈਂ ਸੁਦਰਸ਼ਨ ਨੇ 36 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਜੋਸ ਬਟਲਰ ਨੇ 23 ਗੇਂਦਾਂ ਵਿੱਚ 41 ਦੌੜਾਂ ਬਣਾਈਆਂ।
ਗੁਜਰਾਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ
ਚੰਗੀ ਬੱਲੇਬਾਜ਼ੀ ਤੋਂ ਬਾਅਦ, ਗੁਜਰਾਤ ਦੇ ਖਿਡਾਰੀਆਂ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ। ਸਿਰਾਜ, ਕ੍ਰਿਸ਼ਨਾ, ਰਾਸ਼ਿਦ ਖਾਨ, ਆਰ ਸਾਈਂ ਕਿਸ਼ੋਰ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਏ। ਕੋਲਕਾਤਾ ਦੇ ਵਿਸਫੋਟਕ ਬੱਲੇਬਾਜ਼ ਗੁਰਬਾਜ਼ ਸਿਰਫ਼ 1 ਦੌੜ ਹੀ ਬਣਾ ਸਕੇ। ਨਰੇਨ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਅਈਅਰ ਨੇ 19 ਗੇਂਦਾਂ ‘ਚ ਸਿਰਫ਼ 14 ਦੌੜਾਂ ਬਣਾਈਆਂ ਤੇ ਇੱਕ ਵੀ ਚੌਕਾ ਨਹੀਂ ਮਾਰ ਸਕੇ। ਰਸਲ ਨੇ 15 ਗੇਂਦਾਂ ਵਿੱਚ 21 ਦੌੜਾਂ ਬਣਾਈਆਂ।
ਗੁਜਰਾਤ ਨੇ ਵੱਡੀ ਜਿੱਤ ਕੀਤੀ ਹਾਸਲ
ਗੁਜਰਾਤ ਦੀ ਟੀਮ ਨੇ ਇਸ ਸੀਜ਼ਨ ਵਿੱਚ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਰਸੀਬੀ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਹੈਦਰਾਬਾਦ ਦੀ ਟੀਮ ਨੇ ਗੁਜਰਾਤ ਅੱਗੇ 7 ਵਿਕਟਾਂ ਨਾਲ ਆਤਮ ਸਮਰਪਣ ਕਰ ਦਿੱਤਾ। ਰਾਜਸਥਾਨ ਦੀ ਟੀਮ ਇਹ ਮੈਚ 58 ਦੌੜਾਂ ਨਾਲ ਹਾਰ ਗਈ। ਗੁਜਰਾਤ ਦੀ ਟੀਮ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਤੇ ਹੁਣ ਇਸ ਟੀਮ ਨੇ ਕੇਕੇਆਰ ਨੂੰ 39 ਦੌੜਾਂ ਨਾਲ ਹਰਾਇਆ ਹੈ।
ਰਹਾਣੇ ਨੇ ਦੱਸਿਆ ਹਾਰ ਦਾ ਕਾਰਨ
ਅਜਿੰਕਿਆ ਰਹਾਣੇ ਦੇ ਅਨੁਸਾਰ, 198 ਦੌੜਾਂ ਬਹੁਤ ਜ਼ਿਆਦਾ ਸਨ, ਪਰ ਇਸਦਾ ਪਿੱਛਾ ਕੀਤਾ ਜਾ ਸਕਦਾ ਸੀ। ਚੰਗੀ ਸ਼ੁਰੂਆਤ ਨਹੀਂ ਮਿਲੀ ਅਤੇ ਬੱਲੇਬਾਜ਼ੀ ਅਸਫਲ ਰਹੀ। ਰਹਾਣੇ ਨੇ ਮੰਨਿਆ ਕਿ ਪਿੱਚ ਹੌਲੀ ਸੀ, ਪਰ ਵਿਚਕਾਰਲੇ ਓਵਰਾਂ ਵਿੱਚ ਚੰਗੀ ਬੱਲੇਬਾਜ਼ੀ ਹੋ ਸਕਦੀ ਸੀ। ਕੁੱਲ ਮਿਲਾ ਕੇ ਰਹਾਣੇ ਨੇ ਹਾਰ ਲਈ ਸ਼ੁਰੂਆਤੀ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਹਾਣੇ ਨੇ ਕਿਹਾ ਕਿ ਫੀਲਡਿੰਗ ਵੀ ਮਾੜੀ ਸੀ ਤੇ ਕੋਲਕਾਤਾ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ।