ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਰੌਂਦਿਆ, ਸੈਮੀਫ਼ਾਈਨਲ ‘ਚ ਮਾਰੀ ਸ਼ਾਨਦਾਰ ਐਂਟਰੀ
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਕ ਹੋਰ ਵੱਡੀ ਜਿੱਤ ਦਰਜ ਕੀਤੀ ਹੈ। ਜਲੰਧਰ ਦੇ ਇਤਿਹਾਸਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਇਕਪਾਸੜ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਮਜ਼ਬੂਤ ਮੰਨੀ ਜਾਂਦੀ ਦੱਖਣੀ ਕੋਰੀਆ ਦੀ ਟੀਮ ਨੂੰ 8-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ।
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਕ ਹੋਰ ਵੱਡੀ ਜਿੱਤ ਦਰਜ ਕੀਤੀ ਹੈ। ਜਲੰਧਰ ਦੇ ਇਤਿਹਾਸਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਇਕਪਾਸੜ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਮਜ਼ਬੂਤ ਮੰਨੀ ਜਾਂਦੀ ਦੱਖਣੀ ਕੋਰੀਆ ਦੀ ਟੀਮ ਨੂੰ 8-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ। ਮੌਜੂਦਾ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਇਹ ਲਗਾਤਾਰ ਪੰਜਵੀਂ ਸ਼ਾਨਦਾਰ ਜਿੱਤ ਹੈ।
ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤ ਨੇ ਟੂਰਨਾਮੈਂਟ ਵਿੱਚ ਅਜੇਤੂ ਰਹਿੰਦਿਆਂ ਸ਼ਾਨ ਨਾਲ ਸੈਮੀਫ਼ਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਆਪਣੇ ਸਫ਼ਰ ਦਾ ਆਗਾਜ਼ ਬੰਗਲਾਦੇਸ਼ ਖ਼ਿਲਾਫ਼ 13-0 ਦੀ ਇੱਕਤਰਫ਼ਾ ਜਿੱਤ ਨਾਲ ਕੀਤਾ ਸੀ ਅਤੇ ਹੁਣ ਕੋਰੀਆ ਨੂੰ 8-0 ਨਾਲ ਪਛਾੜ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਪਹਿਲੇ ਕੁਆਰਟਰ ਵਿੱਚ ਭਾਰਤ ਦਾ ਤੂਫ਼ਾਨੀ ਹਮਲਾ
ਦੱਖਣੀ ਕੋਰੀਆ ਖ਼ਿਲਾਫ਼ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਹਮਲਾਵਰ ਰੌਂਅ ਵਿੱਚ ਦਿਖਾਈ ਦਿੱਤੀ। ਖੇਡ ਦੇ 7ਵੇਂ ਮਿੰਟ ਵਿੱਚ ਹੀ ਦਿਲਪ੍ਰੀਤ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਮਗਰੋਂ 10ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਜੁਗਰਾਜ ਸਿੰਘ ਨੇ ਗੋਲ ਵਿੱਚ ਬਦਲ ਕੇ ਟੀਮ ਨੂੰ 2-0 ਦੀ ਲੀਡ ਦਿਵਾ ਦਿੱਤੀ।
ਪਹਿਲੇ ਕੁਆਰਟਰ ਦੇ ਅੰਤਿਮ ਪਲਾਂ (15ਵੇਂ ਮਿੰਟ) ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿੱਥੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੇਂਦ ਨੂੰ ਸਿੱਧਾ ਜਾਲ ਵਿੱਚ ਪਹੁੰਚਾ ਕੇ ਸਕੋਰ 3-0 ਕਰ ਦਿੱਤਾ। ਇਸ ਟੂਰਨਾਮੈਂਟ ਵਿੱਚ ਹਰਮਨਪ੍ਰੀਤ ਸਿੰਘ ਨੂੰ ਪੈਨਲਟੀ ਕਾਰਨਰਾਂ ‘ਤੇ ਰੋਕਣਾ ਵਿਰੋਧੀ ਟੀਮਾਂ ਲਈ ਲਗਭਗ ਅਸੰਭਵ ਸਾਬਤ ਹੋ ਰਿਹਾ ਹੈ। ਉਹ ਹੁਣ ਤੱਕ ਕੁੱਲ 9 ਗੋਲ ਦਾਗ ਚੁੱਕੇ ਹਨ, ਜਿਨ੍ਹਾਂ ਵਿੱਚੋਂ 8 ਗੋਲ ਪੈਨਲਟੀ ਕਾਰਨਰਾਂ ਰਾਹੀਂ ਅਤੇ 1 ਗੋਲ ਪੈਨਲਟੀ ਸਟ੍ਰੋਕ ‘ਤੇ ਹੋਇਆ ਹੈ।
ਤੀਜੇ ਕੁਆਰਟਰ ‘ਚ ਕੋਰੀਆਈ ਰੱਖਿਆ ਲਾਈਨ ਢਹਿ-ਢੇਰੀ
ਦੂਜੇ ਕੁਆਰਟਰ ਦੌਰਾਨ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਕੋਰੀਆਈ ਡਿਫੈਂਸ ਨੇ ਕਿਸੇ ਹੱਦ ਤੱਕ ਰਾਹਤ ਦਾ ਸਾਹ ਲਿਆ ਕਿਉਂਕਿ ਇਸ ਕੁਆਰਟਰ ਵਿੱਚ ਕੋਈ ਵੀ ਗੋਲ ਨਾ ਹੋ ਸਕਿਆ। ਹਾਲਾਂਕਿ, ਅੱਧੇ ਸਮੇਂ ਤੋਂ ਬਾਅਦ ਤੀਜੇ ਕੁਆਰਟਰ ਵਿੱਚ ਭਾਰਤੀ ਖਿਡਾਰੀ ਪੂਰੀ ਤਰ੍ਹਾਂ ਕੋਰੀਆ ‘ਤੇ ਹਾਵੀ ਹੋ ਗਏ ਅਤੇ ਇਕ ਤੋਂ ਬਾਅਦ ਇਕ 4 ਗੋਲ ਦਾਗ ਦਿੱਤੇ।
ਇਹ ਵੀ ਪੜ੍ਹੋ
ਮੈਚ ਦੇ 33ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ‘ਤੇ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਭਾਰਤ ਦੀ ਬੜ੍ਹਤ 4-0 ਕਰ ਦਿੱਤੀ। ਅਗਲੇ ਹੀ ਪਲ, 33ਵੇਂ ਮਿੰਟ ਵਿੱਚ ਹੀ ਸੁਖਜੀਤ ਸਿੰਘ ਨੇ ਆਪਣੀ ਸ਼ਾਨਦਾਰ ਫ਼ਾਰਮ ਨੂੰ ਬਰਕਰਾਰ ਰੱਖਦਿਆਂ ਇੱਕ ਹੋਰ ਦਿਲਕਸ਼ ਗੋਲ ਕੀਤਾ ਅਤੇ ਸਕੋਰ 5-0 ਤੱਕ ਪਹੁੰਚਾ ਦਿੱਤਾ।
ਭਾਰਤ ਲਈ ਆਪਣਾ ਪਹਿਲਾ ਮੈਚ ਖੇਡ ਰਹੇ ਸੰਜੇ ਨੇ ਵੀ ਪ੍ਰਭਾਵਸ਼ਾਲੀ ਖੇਡ ਦਾ ਪ੍ਰਦਰਸ਼ਨ ਕੀਤਾ। 36ਵੇਂ ਮਿੰਟ ਵਿੱਚ ਸੰਜੇ ਨੇ ਕੋਰੀਆ ਦੇ ਡਿਫੈਂਸ ਨੂੰ ਚੀਰਦੇ ਹੋਏ ਸ਼ਾਨਦਾਰ ਗੋਲ ਦਾਗਿਆ ਅਤੇ ਭਾਰਤ ਨੂੰ 6-0 ਦੀ ਮਜ਼ਬੂਤ ਸਥਿਤੀ ਵਿੱਚ ਲੈ ਆਂਦਾ। ਤੀਜੇ ਕੁਆਰਟਰ ਦਾ ਆਖ਼ਰੀ ਗੋਲ ਦਿਲਪ੍ਰੀਤ ਸਿੰਘ ਦੇ ਹਿੱਸੇ ਆਇਆ, ਜੋ ਇਸ ਮੈਚ ਵਿੱਚ ਉਨ੍ਹਾਂ ਦਾ ਦੂਜਾ ਵਿਅਕਤੀਗਤ ਗੋਲ ਸੀ। ਇਸ ਗੋਲ ਵਿੱਚ ਸੰਜੇ ਨੇ ਅਹਿਮ ਭੂਮਿਕਾ ਨਿਭਾਈ; ਉਨ੍ਹਾਂ ਦੇ ਸਟ੍ਰੋਕ ਨੂੰ ਗੋਲਪੋਸਟ ਨੇੜੇ ਖੜ੍ਹੇ ਦਿਲਪ੍ਰੀਤ ਨੇ ਆਪਣੀ ਸਟਿੱਕ ਨਾਲ ਹਲਕਾ ਜਿਹਾ ਛੂਹਿਆ ਅਤੇ ਗੇਂਦ ਸਿੱਧੀ ਗੋਲਪੋਸਟ ਦੇ ਅੰਦਰ ਚਲੀ ਗਈ, ਜਿਸ ਨਾਲ ਸਕੋਰ 7-0 ਹੋ ਗਿਆ।
ਚੌਥੇ ਕੁਆਰਟਰ ‘ਚ ਅੰਗਦ ਬੀਰ ਸਿੰਘ ਦਾ ਗੋਲ
ਚੌਥੇ ਅਤੇ ਅੰਤਿਮ ਕੁਆਰਟਰ ਵਿੱਚ ਦੱਖਣੀ ਕੋਰੀਆ ਨੇ ਆਪਣੇ ਬਚਾਅ ਨੂੰ ਮਜ਼ਬੂਤ ਕਰਦਿਆਂ ਲਗਭਗ 14 ਮਿੰਟਾਂ ਤੱਕ ਭਾਰਤੀ ਹਮਲਿਆਂ ਨੂੰ ਰੋਕੀ ਰੱਖਿਆ। ਪਰ ਮੈਚ ਦੇ ਬਿਲਕੁਲ ਆਖ਼ਰੀ ਮਿੰਟ ਵਿੱਚ ਅੰਗਦ ਬੀਰ ਸਿੰਘ ਨੇ ਮੌਕਾ ਸੰਭਾਲਦਿਆਂ ਜ਼ਬਰਦਸਤ ਗੋਲ ਕੀਤਾ ਅਤੇ ਭਾਰਤ ਦੀ ਲੀਡ 8-0 ਕਰ ਦਿੱਤੀ।
ਮੈਚ ਖ਼ਤਮ ਹੋਣ ਤੋਂ ਮਹਿਜ਼ ਇਕ ਸੈਕਿੰਡ ਪਹਿਲਾਂ ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਦੀ ਗੋਲ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦਰਸ਼ਨੀ ਜਿੱਤ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣਾ ਅਜੇਤੂ ਰਿਕਾਰਡ ਕਾਇਮ ਰੱਖਦਿਆਂ ਸ਼ਾਨ ਨਾਲ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।


