ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਨੇ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ‘ਚ ਦੱਸੀਆਂ ਟੀਮ ਦੀਆਂ ਪ੍ਰਾਪਤੀਆਂ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਨੀਅਰ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਟੀਵੀ9 ਪੰਜਾਬ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਮਨਪ੍ਰੀਤ ਸਿੰਘ ਨੇ ਜਿੱਥੇ ਟੀਮ ਦੀਆਂ ਪ੍ਰਾਪਤੀਆਂ ਦੱਸੀਆਂ ਉੱਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਕੱਪ ਜਿੱਤ ਨਾ ਦਰਜ ਕਰਵਾਉਣ ਪਿੱਛੇ ਟੀਮ 'ਚ ਕੀ ਕੀ ਕਮੀਆਂ ਰਹੀਆਂ।
ਭਾਰਤ ਨੂੰ ਕਾਂਸੀ ਦਾ ਤਗਮਾ ਦਿਲਵਾਉਣ ਵਾਲੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਨੀਅਰ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਟੀਵੀ9 ਪੰਜਾਬ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਜਿੱਤ ਨਾ ਦਰਜ ਕਰਵਾਉਣ ਪਿੱਛੇ ਟੀਮ ਚ ਕੀ ਕੀ ਕਮੀਆਂ ਰਹੀਆਂ।
ਦੱਸੀਆਂ ਟੀਮ ਦੀਆਂ ਪ੍ਰਾਪਤੀਆਂ
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2021 ਵਿੱਚ, ਭਾਰਤੀ ਹਾਕੀ ਟੀਮ ਨੇ ਟੋਕੀਓ ਵਿੱਚ ਆਯੋਜਿਤ ਓਲੰਪਿਕ ਹਾਕੀ ਦੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਸੀ । ਲਗਭਗ 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੂੰ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਮਿਲਿਆ ਹੈ। ਉਸ ਸਮੇਂ ਭਾਰਤੀ ਹਾਕੀ ਟੀਮ ਦਾ ਕਪਤਾਨ ਜਲੰਧਰ ਦਾ ਮਨਪ੍ਰੀਤ ਸਿੰਘ ਸੀ, ਜਿਸ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਤਕਰੀਬਨ ਸਾਰੇ ਮੈਚਾਂ ‘ਚ ਚੰਗੇ ਪ੍ਰਦਰਸ਼ਨ ਕਾਰਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਰਿਹਾ ਪਰ ਇਸ ਸਾਲ ਹਾਕੀ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਕਾਰਨ ਮਨਪ੍ਰੀਤ ਸਿੰਘ ਤੋਂ ਕਪਤਾਨੀ ਖੋਹ ਕੇ ਹਰਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ। ਟੀਵੀ 9 ਪੰਜਾਬ ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆ ਮਨਪ੍ਰੀਤ ਸਿੰਘ ਨੇ ਕਿਹਾ ਕਿ ਹਾਕੀ ਵਿਸ਼ਵ ਕੱਪ ਦੇ ਸਾਰੇ ਮੈਚ ਵਧੀਆ ਚੱਲ ਰਹੇ ਸਨ ਪਰ ਪ੍ਰੀ ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਨਪ੍ਰੀਤ ਦਾ ਕਹਿਣਾ ਹੈ ਕਿ ਇੰਗਲੈਂਡ, ਸਪੇਨ, ਦੱਖਣੀ ਅਫਰੀਕਾ ਅਤੇ ਹੋਰ ਟੀਮਾਂ ਖਿਲਾਫ ਮੈਚਾਂ ‘ਚ ਆਲ ਓਵਰ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਹਾਂ, ਪਰ ਨਿਊਜ਼ੀਲੈਂਡ ਖਿਲਾਫ ਮੈਚ ‘ਚ ਉਨਾਂ ਨੂੰ ਕਈ ਮੌਕੇ ਮਿਲੇ ਪਰ ਉਹ ਮੌਕੇ ਗੁਆ ਦਿੱਤੇ, ਜਿਸ ਕਾਰਨ ਉਨ੍ਹਾਂ ਨੂੰ ਮੈਚ ਹਾਰਨਾ ਪਿਆ। ਉਸ ਮੈਚ ਵਿੱਚ ਕਈ ਗਲਤੀਆਂ ਕਾਰਨ ਉਹ ਮੈਚ ਨਹੀਂ ਜਿੱਤ ਸਕੇ ਸਨ ।
ਹਰਮਨਪ੍ਰੀਤ ਸਿੰਘ ਬਾਰੇ ਮਨਪ੍ਰੀਤ ਸਿੰਘ ਦੀ ਰਾਏ
ਭਾਰਤੀ ਹਾਕੀ ਟੀਮ ਦੇ ਨਵੇਂ ਕਪਤਾਨ ਹਰਮਨਪ੍ਰੀਤ ਸਿੰਘ ਬਾਰੇ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਨੌਜਵਾਨ ਖਿਡਾਰੀ ਹੈ ਅਤੇ ਉਨ੍ਹਾਂ ਨੂੰ ਤਜਰਬਾ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਗਰਾਊਂਡ ਵਿੱਚ ਸਾਰਿਆਂ ਨਾਲ ਇੱਕੋ ਜਿਹਾ ਹੈ ਅਤੇ ਉਹ ਬਹੁਤ ਵਧੀਆ ਇਨਸਾਨ ਹਨ ਅਤੇ ਉਨ੍ਹਾਂ ਦੀ ਪ੍ਰੋਫਾਈਲ ਮੈਚਾਂ ਵਿੱਚ ਬਹੁਤ ਵਧੀਆ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਅਤੇ ਖਿਡਾਰੀਆਂ ਨੂੰ ਅੱਗੇ ਲਿਜਾਣ ਚ ਸਮਰੱਥ ਹਨ।
‘ਕੋਚ ਦਾ ਅਸਤੀਫਾ ਵੀ ਹੋ ਸਕਦਾ ਹੈ ਵਿਸ਼ਵ ਕੱਪ ‘ਚ ਹਾਰ ਦਾ ਕਾਰਨ’
ਭਾਰਤੀ ਹਾਕੀ ਟੀਮ ਦੇ ਕੋਚ ਨੇ ਵਿਸ਼ਵ ਕੱਪ ਮੈਚ ‘ਚ ਮਿਲੀ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੋਚ ਦਾ ਅਸਤੀਫਾ ਵਿਸ਼ਵ ਕੱਪ ‘ਚ ਹਾਰ ਦਾ ਕਾਰਨ ਵੀ ਹੋ ਸਕਦਾ ਹੈ, ਨਾਲ ਹੀ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਵੀ ਅਸਤੀਫਾ ਦਿੱਤਾ ਹੋ ਸਕਦਾ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਪ੍ਰੋ ਲੀਗ ਹਾਕੀ ਦੇ ਮੈਚ ਸ਼ੁਰੂ ਹੋ ਰਹੇ ਹਨ, ਪ੍ਰੋ ਲੀਗ ਦੇ ਮੈਚਾਂ ਵਿੱਚ ਵਿਸ਼ਵ ਦੀਆਂ 9 ਟੀਮਾਂ ਮੈਚ ਖੇਡਦੀਆਂ ਹਨ। ਟੀਮ ਇੰਡੀਆ ਰਾਊਰਕੇਲਾ, ਉੜੀਸਾ ‘ਚ ਆਸਟ੍ਰੇਲੀਆ ਅਤੇ ਜਰਮਨੀ ਦੇ ਖਿਲਾਫ ਦੋ ਮੈਚ ਖੇਡੇਗੀ ਅਤੇ ਫਿਰ ਇੰਗਲੈਂਡ ਦੀ ਧਰਤੀ ‘ਤੇ ਇੰਗਲੈਂਡ ਦੀ ਟੀਮ ਨਾਲ ਮੈਚ ਖੇਡੇਗੀ। ਪ੍ਰੋ ਲੀਗ ਤੋਂ ਬਾਅਦ ਏਸ਼ਿਆਈ ਖੇਡਾਂ ਸਤੰਬਰ ਮਹੀਨੇ ਵਿੱਚ ਸ਼ੁਰੂ ਹੋਣਗੀਆਂ ਅਤੇ ਭਾਰਤੀ ਹਾਕੀ ਟੀਮ ਲਈ ਏਸ਼ਿਆਈ ਖੇਡਾਂ ਵਿੱਚ ਮੈਚ ਜਿੱਤਣਾ ਜ਼ਰੂਰੀ ਹੋ ਜਾਵੇਗਾ ਕਿਉਂਕਿ ਉਹ ਮੈਚ ਜਿੱਤ ਕੇ ਹੀ ਉਹ 2024 ਓਲੰਪਿਕ ਲਈ ਕੁਆਲੀਫਾਈ ਕਰ ਸਕੇਗੀ। ਜੇਕਰ ਭਾਰਤੀ ਹਾਕੀ ਟੀਮ ਏਸ਼ਿਆਈ ਖੇਡਾਂ ਵਿੱਚ ਮੈਚ ਨਹੀਂ ਜਿੱਤ ਸਕੀ ਤਾਂ ਉਸ ਨੂੰ ਕੁਆਲੀਫਾਇੰਗ ਰਾਊਂਡ ਖੇਡਣਾ ਪਵੇਗਾ ਅਤੇ ਉਸ ਨੂੰ ਜਿੱਤਣ ਤੋਂ ਬਾਅਦ ਹੀ ਓਲੰਪਿਕ ਵਿੱਚ ਜਾਣਾ ਪਵੇਗਾ।
ਦੱਸ ਦੇਈਏ ਕਿ ਮਨਪ੍ਰੀਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ (ਐਲੀ ਸਦੀਕ) ਨੇ ਔਰਤਾਂ ਲਈ ਸੈਲੂਨ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਮਨਪ੍ਰੀਤ ਸਿੰਘ ਦੇ ਨਾਲ ਹਾਕੀ ਖਿਡਾਰੀ ਮਨਦੀਪ ਸਿੰਘ ਉਨਾਂ ਦੀ ਪਤਨੀ ਦੇ ਨਵੇਂ ਕਾਰੋਬਾਰ ਦੀ ਵਧਾਈ ਦੇਣ ਪਹੁੰਚੇ ਸਨ । ਹਾਲਾਂਕਿ, ਮਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਅਤੇ ਮਨਪ੍ਰੀਤ ਸਿੰਘ ਦੀ ਪਤਨੀ ਨੂੰ ਉਨ੍ਹਾਂ ਦੇ ਨਵੇਂ ਕਾਰੋਬਾਰ ਲਈ ਸ਼ੁੱਭਕਾਮਨਾਵਾਂ ਦੇਣ ਤੋਂ ਬਾਅਦ ਚਲੇ ਗਏ।