ਦੁਬਈ: ਭਾਰਤੀ ਕ੍ਰਿਕੇਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਸੋਮਵਾਰ ਆਈਸੀਸੀ ਦਾ ‘ਮੈਂਸ ਪਲੇਅਰ ਆਫ਼ ਜਨਵਰੀ’ ਘੋਸ਼ਿਤ ਕੀਤਾ ਗਿਆ। ਗਿੱਲ ਨੂੰ ਆਈਸੀਸੀ ਵੱਲੋਂ ਇਹ ਸਨਮਾਨ ਉਨ੍ਹਾਂ ਵੱਲੋਂ ਕ੍ਰਿਕੇਟ ਮੈਚਾਂ ਦੇ ਵਨ-ਡੇ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ, ਜਦ ਕਿ ਆਈਸੀਸੀ ਵੱਲੋਂ ਇੰਗਲੈਂਡ ਦੀ ਅੰਡਰ-19 ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਗ੍ਰੇਸ ਸਕ੍ਰੀਵੰਸ ਅਜਿਹਾ ਸਨਮਾਨ ਪ੍ਰਾਪਤ ਕਰਨ ਵਾਲੀ ਸਭ ਤੋਂ ਨੌਜਵਾਨ ਮਹਿਲਾ ਕ੍ਰਿਕੇਟ ਖਿਡਾਰੀ ਬਣ ਗਈ ਹੈ।
ਇੱਕ ਤੋਂ ਬਾਅਦ ਇੱਕ ਲਾਜਵਾਬ ਪਾਰੀ
ਸ਼ੁਭਮਨ ਗਿਲ ਦਾ ਪ੍ਰਦਰਸ਼ਨ ਜਨਵਰੀ ਵਿੱਚ ਬੇਹੱਦ ਯਾਦਗਾਰ ਰਿਹਾ ਸੀ, ਜਦੋਂ ਇਹ ਸਲਾਮੀ ਬੱਲੇਬਾਜ਼ ਮੈਚਾਂ ਵਿੱਚ ਇੱਕ ਤੋਂ ਬਾਅਦ ਇੱਕ ਲਾਜਵਾਬ ਪਾਰੀ ਖੇਡ ਰਿਹਾ ਸੀ, ਖ਼ਾਸਕਰ ਵਨ-ਡੇ ਮੈਚਾਂ ਵਿੱਚ ਤਾਂ ਉਹਨਾਂ ਨੇ ਗੇਂਦਬਾਜ਼ਾਂ ਦੀ ਜਮ ਕੇ ਧੁਲਾਈ ਕੀਤੀ ਸੀ ਜਦੋਂ ਸ੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ਾਨਦਾਰ ਸਕੋਰ ਬਣਾਏ ਸਨ। ਜਨਵਰੀ ਵਿੱਚ ਸ਼ੁਭਮਨ ਗਿੱਲ ਨੇ ਤਿੰਨ ਸੈਂਕੜਿਆਂ ਸਮੇਤ 567 ਦੌੜਾਂ ਬਣਾਈਆਂ, ਜਿਸ ਵਿੱਚ 23 ਸਾਲ ਦੇ ਇਸ ਕ੍ਰਿਕੇਟਰ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਨਿਊਜ਼ੀਲੈਂਡ ਦੇ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਹੈਦਰਾਬਾਦ ਵਿੱਚ ਖੇਡੇ ਗਏ ਪਹਿਲੇ ਹੀ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਗਾ ਕੇ ਕ੍ਰਿਕੇਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਉਸ ਮੈਚ ਵਿੱਚ ਸ਼ੁਭਮਨ ਗਿੱਲ ਨੇ ਸਿਰਫ਼ 149 ਗੇਂਦਾਂ ਤੇ 28 ਬਾਊਂਡਰੀਜ਼ ਲਾ ਕੇ ਨਾਬਾਦ 208 ਰਨ ਬਣਾਏ ਸਨ ਅਤੇ ਅਜਿਹਾ ਕਾਰਨਾਮਾ ਕਰਨ ਵਾਲੇ ਗਿੱਲ ਵਨ-ਡੇ ਫੌਰਮੇਟ ਵਿੱਚ ਸਭ ਤੋਂ ਨੌਜਵਾਨ ਖ਼ਿਡਾਰੀ ਵੀ ਬਣ ਗਏ ਸਨ ਅਤੇ ਉਨ੍ਹਾਂ ਦਾ ਇਹ ਦੋਹਰਾ ਸੈਂਕੜਾ ਕ੍ਰਿਕੇਟ ਦੇ ਅਜਿਹੇ ਮੈਦਾਨ ਵਿੱਚ ਆਇਆ ਸੀ ਜਿੱਥੇ ਹੋਰ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿੱਚ ਬੜੀ ਮੁਸ਼ਕਿਲ ਪੇਸ਼ ਆ ਰਹੀ ਸੀ।
ਡੇਵਨ ਕੌਨਵੇ ਅਤੇ ਮੁਹੰਮਦ ਸਿਰਾਜ ਨੂੰ ‘ਗਲੋਬਲ ਵੋਟ’ ‘ਚ ਪਛਾੜਿਆ
ਇਸ ਤੋਂ ਇਲਾਵਾ, ਸ਼ੁਭਮਨ ਗਿੱਲ ਨੇ ਸ਼੍ਰੀਲੰਕਾ ਦੇ ਖ਼ਿਲਾਫ਼ 116 ਦੌੜਾਂ ਦੀ ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਆਖਰੀ ਮੈਚ ਵਿੱਚ 112 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵਨ ਕੌਨਵੇ ਅਤੇ ਆਪਣੇ ਹੀ ਸਾਥੀ ਖਿਡਾਰੀ ਮੁਹੰਮਦ ਸਿਰਾਜ ਨੂੰ ਗਲੋਬਲ ਵੋਟ ‘ਚ ਪਛਾੜ ਕੇ ਆਈਸੀਸੀ ਦਾ ‘ਮੈਂਸ ਪਲੇਅਰ ਆਫ ਜਨਵਰੀ’ ਖਿਤਾਬ ਆਪਣੇ ਨਾਂ ਕਰ ਲਿਆ। ਇਸ ਤੋ ਪਹਿਲਾਂ ਆਈਸੀਸੀ ਦਾ ਇਹ ਵੱਡਾ ਸਨਮਾਨ ਵਿਰਾਟ ਕੋਹਲੀ ਵੱਲੋਂ ਅਕਤੂਬਰ, 2022 ਵਿੱਚ ਪ੍ਰਾਪਤ ਕਰਨ ਮਗਰੋਂ ਸ਼ੁਭਮਨ ਗਿੱਲ ਹੁਣ ਅਜਿਹੇ ਪਹਿਲੇ ਭਾਰਤੀ ਕ੍ਰਿਕੇਟਰ ਬਣ ਗਏ ਹਨ।
ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦੀ ਤਿਆਰੀ
ਆਈਸੀਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਸ਼ੁਭਮਨ ਗਿੱਲ ਨੇ ਦੱਸਿਆ, ਜਨਵਰੀ ਦਾ ਮਹੀਨਾ ਮੇਰੇ ਲਈ ਬੜਾ ਖਾਸ ਰਿਹਾ ਹੈ, ਅਤੇ ਆਈਸੀਸੀ ਦਾ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਤਾਂ ਇਹ ਮਹੀਨਾ ਮੇਰੇ ਲਈ ਹੋਰ ਵੀ ਯਾਦਗਾਰ ਬਣ ਗਿਆ ਹੈ। ਆਪਣੇ ਪ੍ਰਦਰਸ਼ਨ ਨੂੰ ਸਨਮਾਨਿਤ ਹੁੰਦਿਆਂ ਵੇਖਦੇ ਹੋਏ ਲਗਦਾ ਹੈ ਕਿ ਮੇਰੀਆਂ ਇਹ ਸਾਰੀਆਂ ਪਾਰੀਆਂ ਮੇਰਾ ਆਤਮ-ਵਿਸ਼ਵਾਸ ਵਧਾਉਣ ਵਿੱਚ ਕੰਮ ਆਉਣਗਿਆਂ, ਖ਼ਾਸਕਰ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ‘ਚ ਹੋਣ ਵਾਲੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਲਈ।