IPL ਤੋਂ ਪਹਿਲਾਂ ਇਸ ਭਾਰਤੀ ਖਿਡਾਰੀ ਨੇ ਲਿਆ BCCI ਨਾਲ ‘ਪੰਗਾ’, ਇਸ ਨਿਯਮ ‘ਤੇ ਚੁੱਕੇ ਸਵਾਲ
IPL 2025: ਇੰਡੀਅਨ ਪ੍ਰੀਮੀਅਰ ਲੀਗ 22 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਪਰ ਇਸ ਟੂਰਨਾਮੈਂਟ ਤੋਂ ਪਹਿਲਾਂ, ਭਾਰਤੀ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਬੀਸੀਸੀਆਈ ਦੇ ਨਿਯਮਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਮੋਹਿਤ ਸ਼ਰਮਾ ਨੇ ਪੁੱਛਿਆ ਹੈ ਕਿ ਪਰਿਵਾਰ ਦਾ ਸਮਰਥਨ ਨੁਕਸਾਨਦੇਹ ਕਿਵੇਂ ਹੋ ਸਕਦਾ ਹੈ?

ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਬੀਸੀਸੀਆਈ ਦੀ ਖਿਡਾਰੀਆਂ ਦੇ ਪਰਿਵਾਰਾਂ ਨੂੰ ਟੂਰ ‘ਤੇ ਉਨ੍ਹਾਂ ਦੇ ਨਾਲ ਜਾਣ ਤੋਂ ਰੋਕਣ ਦੀ ਨੀਤੀ ਦੀ ਆਲੋਚਨਾ ਕੀਤੀ ਹੈ। ਇਹ ਸਖ਼ਤ ਨਿਯਮ ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਮੋਹਿਤ ਸ਼ਰਮਾ ਤੋਂ ਪਹਿਲਾਂ ਵਿਰਾਟ ਕੋਹਲੀ ਵੀ ਇਸ ਨਿਯਮ ਦੇ ਖਿਲਾਫ ਇਸ਼ਾਰਿਆਂ ਹੀ ਇਸ਼ਾਰਿਆ ਵਿੱਚ ਬੋਲ ਚੁੱਕੇ ਹਨ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ, ਮੋਹਿਤ ਸ਼ਰਮਾ ਨੇ ਸਵਾਲ ਕੀਤਾ ਕਿ ਪਰਿਵਾਰ ਦਾ ਸਮਰਥਨ ਖਿਡਾਰੀਆਂ ਲਈ ਕਿਵੇਂ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਖਿਡਾਰੀਆਂ ਦੇ ਕੰਟਰੋਲ ਤੋਂ ਬਾਹਰ ਹਨ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰੀਏ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ।
ਮੋਹਿਤ ਨੇ ਕੀ ਕਿਹਾ?
ਮੋਹਿਤ ਨੇ ਕਿਹਾ, ‘ਕੁਝ ਚੀਜ਼ਾਂ ਸਾਡੇ ਕਾਬੂ ਤੋਂ ਬਾਹਰ ਹੁੰਦੀਆਂ ਹਨ।’ ਭਾਵੇਂ ਸਾਡੇ ਸਾਰਿਆਂ ਦੇ ਆਪਣੇ ਨਿੱਜੀ ਵਿਚਾਰ ਹਨ, ਪਰ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰੀਏ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਪਰਿਵਾਰ ਦਾ ਸਾਥ ਕਿਵੇਂ ਨੁਕਸਾਨਦੇਹ ਹੋ ਸਕਦਾ ਹੈ? ਜੇਕਰ ਕੋਈ ਚੀਜ਼ ਸਾਡੇ ਹੱਥ ਵਿੱਚ ਨਹੀਂ ਹੈ, ਤਾਂ ਉਸਨੂੰ ਉਵੇਂ ਹੀ ਛੱਡ ਦੇਣਾ ਚਾਹੀਦਾ ਹੈ।
ਦਿੱਲੀ ਕੈਪੀਟਲਜ਼ ਲਈ ਖੇਡਣਗੇ ਮੋਹਿਤ
ਮੋਹਿਤ ਸ਼ਰਮਾ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਜਾ ਰਹੇ ਹਨ। ਪਿਛਲੇ ਦੋ ਸੀਜ਼ਨਾਂ ਤੋਂ ਗੁਜਰਾਤ ਟਾਈਟਨਸ ਲਈ ਖੇਡਣ ਵਾਲੇ ਮੋਹਿਤ ਨੂੰ ਦਿੱਲੀ ਨੇ 2 ਕਰੋੜ 20 ਲੱਖ ਰੁਪਏ ਵਿੱਚ ਖਰੀਦਿਆ ਹੈ। ਮੋਹਿਤ ਸ਼ਰਮਾ ਨੂੰ ਡੈਥ ਓਵਰਾਂ ਦਾ ਮਾਹਰ ਮੰਨਿਆ ਜਾਂਦਾ ਹੈ ਜਿਨ੍ਹਾਂ ਕੋਲ ਸ਼ਾਨਦਾਰ ਯਾਰਕਰ ਅਤੇ ਸਲੋਅਰ ਗੇਂਦਾਂ ਸੁੱਟਣ ਦੀ ਕਲਾ ਹੈ।
ਵਿਰਾਟ ਕੋਹਲੀ ਨੇ ਵੀ ਚੁੱਕੇ ਸਵਾਲ
ਰਾਇਲ ਚੈਲੇਂਜਰਜ਼ ਬੰਗਲੌਰ ਇਨੋਵੇਸ਼ਨ ਲੈਬ ਇੰਡੀਅਨ ਸਪੋਰਟਸ ਸਮਿਟ ਵਿੱਚ ਬੋਲਦੇ ਹੋਏ, ਵਿਰਾਟ ਕੋਹਲੀ ਨੇ ਅਸਿੱਧੇ ਤੌਰ ‘ਤੇ ਬੀਸੀਸੀਆਈ ਨਿਯਮਾਂ ‘ਤੇ ਵੀ ਸਵਾਲ ਉਠਾਏ ਸਨ। ਵਿਰਾਟ ਨੇ ਆਰਸੀਬੀ ਦੇ ਪ੍ਰੋਗਰਾਮ ਵਿੱਚ ਜ਼ੋਰ ਦਿੱਤਾ ਕਿ ਮੁਸ਼ਕਲ ਮੈਚਾਂ ਤੋਂ ਬਾਅਦ ਪਰਿਵਾਰ ਕੋਲ ਵਾਪਸ ਆਉਣਾ ਕਿੰਨਾ ਮਹੱਤਵਪੂਰਨ ਹੈ। ਕੋਹਲੀ ਨੇ ਕਿਹਾ, ‘ਲੋਕਾਂ ਨੂੰ ਇਹ ਸਮਝਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਜਦੋਂ ਤੁਹਾਡੇ ਨਾਲ ਕੁਝ ਵੱਡਾ ਹੁੰਦਾ ਹੈ ਤਾਂ ਪਰਿਵਾਰ ਵਿੱਚ ਵਾਪਸ ਆਉਣਾ ਕਿੰਨਾ ਅਹਿਮ ਹੁੰਦਾ ਹੈ।’ ਵਿਰਾਟ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਰਿਵਾਰ ਦਾ ਸਮਰਥਨ ਖਿਡਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਸੰਭਾਲਣ ਅਤੇ ਇੱਕ ਆਮ ਜੀਵਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।