ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ
ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਚਰਨ ਪਏ ਉੱਥੇ ਉੱਥੇ ਰੌਣਕਾਂ ਲੱਗਦੀਆਂ ਗਈਆਂ। ਦਸਮ ਪਾਤਸ਼ਾਹ ਜੀ ਦੀਆਂ ਚਰਨਛੋਹ ਪ੍ਰਾਪਤ ਅਸਥਾਨਾਂ ਵਿੱਚ ਇੱਕ ਅਸਥਾਨ ਹੈ ਸ਼੍ਰੀ ਪਾਉਂਟਾ ਸਾਹਿਬ। ਜਮਨਾ ਨਦੀ ਦੇ ਕੰਢੇ ਵਸੇ ਇਸ ਸ਼ਹਿਰ ਨੂੰ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਆਪ ਵਸਾਇਆ ਸੀ, ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ।

ਪਾਉਂਟਾ ਸਾਹਿਬ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਪਾਉਂਟਾ ਸਾਹਿਬ ਸਿੱਖਾਂ ਦਾ ਇੱਕ ਪਾਵਨ ਪਵਿੱਤਰ ਅਸਥਾਨ ਹੈ। ਜਮਨਾ ਨਦੀ ਦੇ ਕੰਢੇ ਵਸੇ ਇਸ ਨਗਰ ਨੂੰ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਵਸਾਇਆ ਸੀ। ਨਾਹਨ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਇਸ ਅਸਥਾਨ ਤੇ ਆਏ ਸਨ ਅਤੇ ਕਰੀਬ 4 ਸਾਲ ਰਹੇ ਸਨ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਵੀ ਪਾਉਂਟਾ ਸਾਹਿਬ ਵਿਖੇ ਹੀ ਹੋਇਆ ਸੀ।
ਇਹ ਉਹੀ ਇਤਿਹਾਸਿਕ ਨਗਰ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਜ਼ਬਰ ਅਤੇ ਜ਼ੁਲਮ ਖਿਲਾਫ਼ ਆਪਣੀ ਪਹਿਲੀ ਜੰਗ ਲੜੀ ਸੀ। ਗੁਰੂ ਪਾਤਸ਼ਾਹ ਨੇ ਭੰਗਾਣੀ ਦੇ ਮੈਦਾਨ ਵਿੱਚ ਬਾਈਧਾਰ ਦੇ ਰਾਜਿਆਂ ਦੀਆਂ ਫੌਜ਼ਾਂ ਦਾ ਮੁਕਾਬਲਾ ਕੀਤਾ ਸੀ। ਸਿੱਖ ਯੋਧਿਆਂ ਨੇ ਪਹਾੜੀ ਰਾਜਿਆਂ ਦੀ ਕਰੀਬ 20 ਹਜ਼ਾਰ ਦੀ ਫੌਜ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ।