Mahashivratri 2025 : ਅੰਮ੍ਰਿਤਸਰ ਦੇ ਵਿੱਚ ਬੜੀ ਸ਼ਰਥਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਉਹਾਰ
ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਹੀ ਦੇਸ਼ ਭਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । 2025 ਦੀ ਸ਼ਿਵਰਾਤਰੀ ਦੀ ਗੱਲ ਕਰੀਏ ਤਾਂ ਮੰਦਰਾਂ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਬੰਧਕਾਂ ਦੇ ਵੱਲੋਂ ਮੰਦਰਾਂ ਨੂੰ ਵੱਖ-ਵੱਖ ਰੰਗ ਬਰੰਗੀਆਂ ਲਾਈਟਾਂ ਅਤੇ ਫੁੱਲਾਂ ਦੇ ਨਾਲ ਸੁਸ਼ੋਭਿਤ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਭਾਇਆ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਇਸ ਦੇ ਲਈ ਉਹਨਾਂ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਹਨ।
ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਦਾ ਸ਼ਗਨ ਲੈ ਕੇ ਫਤਿਹਗੜ੍ਹ ਚੂੜੀਆਂ ਜਾਇਆ ਜਾਵੇਗਾ ਤੇ ਉੱਥੇ ਭੋਲੇ ਬਾਬਾ ਦਾ ਸ਼ਗਨ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਜਨਾਲਾ ਤੋਂ ਭੋਲੇ ਬਾਬਾ ਦਾ ਸ਼ਗਨ ਲੈ ਕੇ ਸ਼ਰਧਾਲੂ ਫਤਿਹਗੜ ਚੂੜੀਆਂ ਦੇ ਲਈ ਰਵਾਨਾ ਹੁੰਦੇ ਹਨ ਤੇ ਉੱਥੇ ਜਾ ਕੇ ਭੋਲੇ ਬਾਬਾ ਦਾ ਸ਼ਗਨ ਲਗਾਉਂਦੇ ਹਨ। ਇਸ ਦਿਨ ਅਜਨਾਲਾ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਸਾਰਾ ਦਿਨ ਭੋਲੇ ਬਾਬਾ ਦਾ ਭੰਡਾਰਾ ਚੱਲਦਾ ਹੈ।
ਮੰਦਿਰ ਦੇ ਪੁਜਾਰੀ ਇਹ ਵੀ ਕਿਹਾ ਕਿ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਮਹਾਸ਼ਿਵਰਾਤਰੀ ਵਰਤ ਦਾ ਮਹੱਤਵ | Maha Shivratri 2025 Vrat Significance
ਮਹਾਸ਼ਿਵਰਾਤਰੀ ਦਾ ਵਰਤ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਦੀ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਜੋ ਵਿਅਕਤੀ ਇਸ ਦਿਨ ਮਹਾਦੇਵ ਦੀ ਪੂਜਾ ਕਰਦਾ ਹੈ ਅਤੇ ਵਰਤ ਰੱਖਦਾ ਹੈ। ਉਸਨੂੰ ਜ਼ਿੰਦਗੀ ਦੀਆਂ ਸਾਰੀਆਂ ਮੁਸੀਬਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਕੋਈ ਵੀ ਅਣਵਿਆਹੀ ਕੁੜੀ ਜੋ ਸ਼ਿਵਰਾਤਰੀ ਤੇ ਵਰਤ ਰੱਖਦੀ ਹੈ ਅਤੇ ਪੂਜਾ ਕਰਦੀ ਹੈ, ਉਸਦੇ ਜਲਦੀ ਵਿਆਹ ਦੇ ਯੋਗ ਬਣਦੇ ਹਨ ਅਤੇ ਉਸਨੂੰ ਮਨ ਚਾਹਿਆ ਲਾੜਾ ਮਿਲਦਾ ਹੈ।