Hukamnama Sri Darbar Sahib 7 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਅਕਤੂਬਰ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਸਲੋਕ ਮਃ ੩ ॥ ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ ਮਃ ੩ ॥ ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ ਪਉੜੀ ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥
ਪਦ ਅਰਥ: ਸਭੁ ਕੋ = ਹਰੇਕ ਜੀਵ। ਕੋਇ = ਕੋਈ ਵਿਰਲਾ। ਨਿਰਾਸਾ = ਆਸਾਂ ਤੋਂ ਬਚਿਆ ਹੋਇਆ। ਮਰਿ = ਮਰ ਕੇ, ਆਸਾਂ ਵਲੋਂ ਹਟ ਕੇ। ਸਹਿਲਾ = ਸਫਲਾ। ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਕੇਉ = ਕਿਵੇਂ, ਕਿਸ ਤਰ੍ਹਾਂ? ਏਹ = ਇਹ ਆਸਾ। ਬਪੁੜੀ = ਵਿਚਾਰੀ। ਸੋਇ = ਉਹ ਪ੍ਰਭੂ ਆਪ। ਭੋੁਲਾਏ = ਇੱਥੇ ‘ਭ’ ਦੀ ਲਗ (ੋ) ਪੜ੍ਹਨੀ ਹੈ; ਇਸ ਨੂੰ ‘ਭੋਲਾਏ’ ਪੜ੍ਹਨਾ ਹੈ, ਅਸਲ ਲਫ਼ਜ਼ ‘ਭੁਲਾਇ’ ਹੈ। ਧ੍ਰਿਗੁ = ਫਿਟਕਾਰ-ਜੋਗ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ। ਨਿਹਚਲੁ = ਨਾਹ ਨਾਸ ਹੋਣ ਵਾਲਾ। ਏਹੁ = ਇਹ ਨਾਮ। ਸਾਸਿ ਸਾਸਿ = ਹਰੇਕ ਸਾਹ ਵਿਚ। ਸੋਇ = ਸੋ ਹੀ, ਉਹੀ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਰਸਨਾ = ਜੀਭ। ਭਨੁ = ਉਚਾਰ, ਜਪ। ਰਵਿ ਰਹਿਆ = ਵਿਆਪਕ ਹੈ। ਸਰਬਤਿ = ਸਾਰਿਆਂ ਵਿਚ।
ਅਰਥ: ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ।੧। ‘ਆਸਾ’ ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ ‘ਆਸਾ’ ਤੋਂ ਨਹੀਂ ਬਚ ਸਕਦਾ। ਇਹ ਵਿਚਾਰੀ ‘ਆਸਾ’ ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ।੨। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ। ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ। ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ। (ਹੇ ਭਾਈ!) ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ। ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ।੨੦।
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!