Hukamnama Sri Darbar Sahib 16 September 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 16 ਸਤੰਬਰ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਗੂਜਰੀ ਮਹਲਾ ੫ ॥
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
ਪਦ ਅਰਥ: ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਦੁਖਿ = ਦੁੱਖ ਨਾਲ। ਜਿਨਿ = ਜਿਸ (ਮਨੁੱਖ) ਨੇ। ਰਿਦੈ = ਹਿਰਦੇ ਵਿਚ। ਤਿਨਿ = ਉਸ ਨੇ। ਭਉ = ਡਰ। ਸਾਗਰੁ = ਸਮੁੰਦਰ।1।
ਕੋ ਨ = ਕੋਈ ਨਹੀਂ। ਬ੍ਰਿਥਾ = ਪੀੜਾ। ਤਜਿ = ਛੱਡ ਕੇ। ਅਵਰ ਸੇਵਕੁ = ਕਿਸੇ ਹੋਰ ਦਾ ਸੇਵਕ। ਹੋਈ ਹੈ ਬਣ ਜਾਈਏ। ਤਿਤੁ = ਉਸ (ਕੰਮ) ਵਿਚ। ਮਹਤੁ = ਵਡਿਆਈ। ਜਸੁ = ਸੋਭਾ। ਘਾਟੈ = ਘਟਦੀ ਹੈ।1। ਰਹਾਉ। ਕਿਤ ਹੀ ਕਾਮਿ = ਕਿਤੁ ਹੀ ਕਾਮਿ, ਕਿਸੇ ਵੀ ਕੰਮ ਵਿਚ {ਲਫ਼ਜ਼ ‘ਕਿਤੁ’ ਦਾ ੁ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ}। ਸੰਗਿ = ਨਾਲ। ਬਾਂਛਤ = ਇੱਜ਼ਤ।2।
ਬਿਖਿਆ = ਮਾਇਆ। ਬਿੰਜਨ = ਸੁਆਦਲੇ ਖਾਣੇ। ਤਾ ਮਹਿ = ਉਹਨਾਂ ਵਿਚ। ਤ੍ਰਿਸਨ = ਤ੍ਰੇਹ। ਕੋਟਿ ਉਜੀਆਰਾ = ਕ੍ਰੋੜਾਂ (ਸੂਰਜਾਂ ਦਾ) ਚਾਨਣ। ਬਸਤੁ = ਸ਼ੈ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸੂਝੀ = ਦਿੱਸ ਪੈਂਦੀ ਹੈ।3। ਦੁਆਰਿ = ਦਰ ਤੇ। ਭੈ ਭੰਜਨ = ਹੇ ਸਾਰੇ ਡਰ ਦੂਰ ਕਰਨ ਵਾਲੇ! ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹਿ! ਚਰਨ ਧੂਰਿ = ਚਰਨਾਂ ਦੀ ਧੂੜ। ਬਾਛੈ = ਲੋਚਦਾ ਹੈ, ਮੰਗਦਾ ਹੈ। ਜਨੁ = ਦਾਸ, ਮਨੁੱਖ।4।
ਇਹ ਵੀ ਪੜ੍ਹੋ
ਅਰਥ: ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ। ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ।1। ਰਹਾਉ।
ਹੇ ਭਾਈ! ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)। ਹੇ ਭਾਈ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ।1।
ਹੇ ਭਾਈ! ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ। ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ) , ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ।2।
ਹੇ ਭਾਈ! ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ। ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।3।
ਹੇ ਨਾਨਕ! (ਆਖ) ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ।4।6।7।
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!


