ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ… ਭਗਤ ਪਰਮਾਨੰਦ ਜੀ
ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਤਾਂ ਭਗਤ ਸਹਿਬਾਨਾਂ ਨੂੰ ਵਿਸ਼ੇਸ ਸਤਿਕਾਰ ਦਿੱਤਾ। ਉਹਨਾਂ ਭਗਤਾਂ ਵਿੱਚੋਂ ਇੱਕ ਹਨ ਭਗਤ ਪਰਮਾਨੰਦ ਜੀ, ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਆਓ ਜਾਣਦੇ ਹਾਂ ਉਹਨਾਂ ਬਾਰੇ।

ਭਗਤ ਪਰਮਾਨੰਦ ਜੀ (pic credit: social media)
ਦਸ ਗੁਰੂ ਸਹਿਬਾਨਾਂ ਦੀ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚੋਂ ਇੱਕ ਨਾਮ ਭਗਤ ਪਰਮਾਨੰਦ ਜੀ ਦਾ ਹੈ। ਭਗਤ ਪਰਮਾਨੰਦ ਜੀ ਮੱਧ-ਕਾਲ ਦੇ ਜਨ ਸੰਤ ਹੋਏ। ਬੇਸ਼ੱਕ ਆਪ ਜੀ ਦੇ ਸਬੰਧ ਵਿੱਚ ਕੋਈ ਸਪੱਸ਼ਟ ਜਾਣਕਾਰੀ ਤਾਂ ਨਹੀਂ ਮਿਲਦੀ। ਪਰ ਅਨੁਮਾਨ ਹੈ ਕਿ ਆਪ ਜੀ ਦਾ ਜਨਮ 1483 ਈਸਵੀ ਵਿੱਚ ਹੋਇਆ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਅਨੁਸਾਰ ਭਗਤ ਪਰਮਾਨੰਦ ਜੀ ਦਾ ਜਨਮ ਪਿੰਡ ਬਾਰਸੀ ਵਿੱਚ ਹੋਇਆ ਸੀ। ਜੋ ਕਿ ਮਹਾਰਾਸ਼ਟਰਾ ਦੇ ਜ਼ਿਲ੍ਹਾ ਸ਼ੋਲਾਪੁਰ ਦੇ ਅਧੀਨ ਪੈਂਦਾ ਸੀ। ਭਗਤ ਜੀ ਜ਼ਿਆਦਾਤਾਰ ਸਮਾਂ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਜਿਸ ਕਾਰਨ ਆਪ ਜੀ ਦੀ ਅਵਸਥਾ ਵੈਰਾਗ ਵਾਲੀ ਸੀ ਅਤੇ ਆਪ ਜੀ ਦੀਆਂ ਅੱਖਾਂ ਵਿੱਚੋਂ ਨੀਰ ਵਹਿਦਾ ਰਹਿੰਦਾ ਸੀ।