555ਵਾਂ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਰਵਾਨਾ ਹੋਇਆ ਸਿੱਖ ਜੱਥਾ, ਜੈਕਾਰਿਆਂ ਨਾਲ ਗੂੰਜ਼ਿਆ ਵ੍ਹਾਘਾ ਬਾਰਡਰ
ਜੱਥਾ ਪਾਕਿਸਤਾਨ ਦੀ ਧਰਤੀ ਤੇ ਕਰੀਬ 10 ਦਿਨ ਰਹੇਗਾ। ਜਿਸ ਵਿੱਚ ਸ਼ਰਧਾਲੂ ਨਨਕਾਣਾ ਸਾਹਿਬ, ਪੰਜਾ ਸਾਹਿਬ (ਹਸਨ ਅਬਦਾਲ), ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ, ਸਮਾਧ ਮਹਾਰਾਜਾ ਰਣਜੀਤ ਸਿੰਘ (ਲਾਹੌਰ), ਸੱਚਾ ਸੌਦਾ ਸਾਹਿਬ (ਫਾਰੂਕਾਬਾਦ) ਅਤੇ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਦਰਸ਼ਨ ਕਰਨਗੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਤੋਂ ਜੱਥਾ ਜੈਕਾਰਿਆਂ ਦੀ ਗੂੰਜ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਲਈ ਰਵਾਨਾ ਹੋਇਆ। ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਇਹ ਜੱਥਾ 23 ਨਵੰਬਰ ਨੂੰ ਵਾਪਿਸ ਪਰਤੇਗਾ। ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਜੱਥੇ ਦੀ ਅਗਵਾਈ ਸੁਰਜੀਤ ਸਿੰਘ ਜੱਸਲ ਅਤੇ ਸ਼ਰਨਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਇਹ ਜੱਥਾ ਪਾਕਿਸਤਾਨ ਦੀ ਧਰਤੀ ਤੇ ਕਰੀਬ 10 ਦਿਨ ਰਹੇਗਾ। ਜਿਸ ਵਿੱਚ ਸ਼ਰਧਾਲੂ ਨਨਕਾਣਾ ਸਾਹਿਬ, ਪੰਜਾ ਸਾਹਿਬ (ਹਸਨ ਅਬਦਾਲ), ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ, ਸਮਾਧ ਮਹਾਰਾਜਾ ਰਣਜੀਤ ਸਿੰਘ (ਲਾਹੌਰ), ਸੱਚਾ ਸੌਦਾ ਸਾਹਿਬ (ਫਾਰੂਕਾਬਾਦ) ਅਤੇ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਦਰਸ਼ਨ ਕਰਨਗੇ।
ਦਰਸ਼ਨਾਂ ਲਈ ਉਤਸ਼ਾਹ
ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਈ ਸ਼ਰਧਾਲੂਆਂ ਨੇ ਕਿਹਾ ਕਿ ਉਹ ਪਹਿਲੀ ਵਾਰ ਪਾਤਸ਼ਾਹ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨਗੇ। ਇਸ ਮੌਕੇ ਸਰਧਾਲੂਆਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਦਰਸ਼ਨਾਂ ਲਈ ਵੀਜ਼ੇ ਦੀ ਸ਼ਰਤ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਕਿਉਂ ਵੀਜ਼ਾ ਨਾ ਮਿਲਣ ਕਰਕੇ ਜ਼ਿਆਦਾਤਰ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ ਤਰ੍ਹਾਂ ਇਸ ਵਾਰ ਬਹੁਤੇ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਿਆ।
ਸ਼ਰਧਾਲੂਆਂ ਨੇ ਕਿਹਾ ਕਿ ਹਰ ਇੱਕ ਸਿੱਖ ਲਈ ਬਿਨਾਂ ਵੀਜ਼ੇ ਦੇ ਗੁਰਧਾਮਾਂ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਕਿਉਂਕਿ ਹਰ ਇੱਕ ਸਿੱਖ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਗੁਰੂਾਂ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕੇ।
2244 ਸ਼ਰਧਾਲੂਆਂ ਨੇ ਕੀਤਾ ਸੀ ਅਪਲਾਈ
ਗੁਰਪੁਰਬ ਮੌਕੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਉਡੀਕ ਕਰ ਰਹੇ ਕਰੀਬ 2 ਹਜ਼ਾਰ 244 ਸਿੱਖ ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀ। ਪਰ ਪਾਕਿਸਤਾਨੀ ਸਰਾਫਤਖਾਨੇ ਨੇ ਸਿਰਫ਼ 763 ਨੂੰ ਹੀ ਵੀਜ਼ਾ ਦਿੱਤਾ। ਜਿਸ ਕਾਰਨ ਇਸ ਸਾਲ ਇਹੀ ਸ਼ਰਧਾਲੂ ਜੱਥੇ ਵਿੱਚ ਸ਼ਾਮਿਲ ਹੋ ਸਕੇ।
ਇਹ ਵੀ ਪੜ੍ਹੋ
1481 ਸ਼ਰਧਾਲੂਆਂ ਨੂੰ ਨਹੀਂ ਮਿਲਿਆ ਵੀਜ਼ਾ
ਇਸ ਵਾਰ ਜ਼ਿਆਦਾਤਰ ਸ਼ਰਧਾਲੂਆਂ ਨੂੰ ਪਾਕਿਸਤਾਨੀ ਸਰਕਾਰ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਕਾਰਨ 1481 ਸ਼ਰਧਾਲੂ ਇਸ ਸਾਲ ਦਰਸ਼ਨਾਂ ਤੋਂ ਵਾਂਝੇ ਰਹਿ ਗਏ। ਇਸ ਤੇ ਇਤਰਾਜ ਜਤਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਵੀਜ਼ੇ ਦੇਣੇ ਚਾਹੀਦੇ ਹਨ।