ਕੀ ਕਾਂਗਰਸ ਨੂੰ ਇਕਜੁੱਟ ਕਰ ਸਕੇਗੀ ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ

Published: 

10 Jan 2023 08:09 AM

ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੌਰਾਨ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਪਹਿਲੀ ਵਾਰ ਭਾਰਤ ਜੋੜੋ ਯਾਤਰਾ ਰਾਹੀਂ ਪੰਜਾਬ ਆ ਰਹੇ ਹਨ। ਪਿਛਲੇ ਕਰੀਬ 10 ਮਹੀਨੇ ਦੌਰਾਨ ਪੰਜਾਬ ਵਿੱਚ ਕਾਂਗਰਸ ਆਪ ਸਰਕਾਰ ਨੂੰ ਘੇਰਨ ਵਿੱਚ ਅਸਫਲ ਰਹੀ ਹੈ। ਇਸ ਯਾਤਰਾ ਦੌਰਾਨ ਖਾਸ ਗੱਲ ਇਹ ਰਹੇਗੀ ਕਿ ਨਵਜੋਤ ਸਿੱਧੂ ਯਾਤਰਾ ਦਾ ਹਿੱਸਾ ਨਹੀਂ ਹੋਣਗੇ।

ਕੀ ਕਾਂਗਰਸ ਨੂੰ ਇਕਜੁੱਟ ਕਰ ਸਕੇਗੀ ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ
Follow Us On

ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਦੇਸ਼ ਅੰਦਰ ਕਾਂਗਰਸ ਪਾਰਟੀ ਨੂੰ ਮੁੜ ਤੋਂ ਖੜਾ ਕਰਨ ਲਈ ਲੰਘੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਤਹਿਤ 11 ਜਨਵਰੀ ਨੂੰ ਪੰਜਾਬ ਚ ਪਹੁੰਚ ਰਹੇ ਹਨ। ਲਿਹਾਜਾ ਸਿਆਸੀ ਹਲਕਿਆਂ ਅੰਦਰ ਲਗਾਤਾਰ ਇਹ ਚਰਚਾ ਹੈ ਕਿ ਕੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਇਹ ਯਾਤਰਾ ਕਾਂਗਰਸ ਨੂੰ ਇਕਜੁੱਟ ਕਰਨ ਵਿਚ ਕਾਮਯਾਬ ਹੋ ਸਕੇਗੀ ਜਾਂ ਫਿਰ ਮੌਜੂਦਾ ਹਾਲਾਤਾਂ ਦੀ ਤਰ੍ਹਾਂ ਹੀ ਪੰਜਾਬ ਚ ਕਾਂਗਰਸ ਖੇਰੂੰ ਖੇਰੂੰ ਨਜ਼ਰ ਆਵੇਗੀ ਕਿਉਂਕਿ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਅਤੇ ਦੂਸਰੇ ਪਾਸੇ 26 ਜਨਵਰੀ ਨੂੰ ਜੇਲ੍ਹ ਚੋਂ ਰਿਹਾਅ ਹੋ ਰਹੇ ਨਵਜੋਤ ਸਿੰਘ ਸਿੱਧੂ ਵੀ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ ਜਿਸ ਨਾਲ ਸ਼ਾਇਦ ਮੌਜੂਦਾ ਪ੍ਰਧਾਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾਂ ਹੀ ਆਪਣੀ ਬੀਨ ਵਜਾਉਦੇ ਨਜ਼ਰ ਆਉਂਦੇ ਹਨ। ਉਹ ਕਦੇ ਵੀ ਪਾਰਟੀਆਂ ਦੇ ਸੀਨੀਅਰ ਆਗੂਆਂ ਅਨੁਸਾਰ ਫੈਸਲਾ ਨਹੀਂ ਕਰਦੇ।

ਪੰਜਾਬ ਚ ਕਿਥੋਂ ਕਿਥੋਂ ਗੁਜਰੇਗੀ ਭਾਰਤ ਜੋੜੋ ਯਾਤਰਾ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਚ 11 ਜਨਵਰੀ ਨੂੰ ਸ੍ਰੀ ਫਤਿਹਗ੍ਹੜ ਸਾਹਿਬ ਤੋਂ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ ਅਤੇ 12 ਜਨਵਰੀ ਨੂੰ ਸਮਰਾਲਾ ਚੌਂਕ, 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਨੂੰ ਛੱਡ ਕੇ ਮੁੜ 14 ਜਨਵਰੀ ਨੂੰ ਲੁਧਿਆਣਾ, 15 ਜਨਵਰੀ ਨੂੰ ਐਲ. ਪੀ. ਯੂ. ਯੂਨੀਵਰਸਿਟੀ ਚੌਕ, 16 ਜਨਵਰੀ ਨੂੰ ਆਦਮਪੁਰ, 17 ਜਨਵਰੀ ਨੂੰ ਦਸੂਹਾ, 18 ਜਨਵਰੀ ਨੂੰ ਮੁਕੇਰੀਆਂ ਵਿਖੇ ਪਹੁੰਚੇਗੀ। ਇਸ ਤੋਂ ਬਾਅਦ 19 ਜਨਵਰੀ ਨੂੰ ਪਠਾਨਕੋਟ ਵਿਖੇ ਰਾਹੁਲ ਗਾਂਧੀ ਪੰਜਾਬ ਚ ਅੰਤਿਮ ਦਿਨ ਰੈਲੀ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਉਹ ਅਗਲੇ ਪੜਾਅ ਲਈ ਰਵਾਨਾ ਹੋ ਜਾਣਗੇ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਨੁਸਾਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਹਜ਼ਾਰਾਂ ਲੱਖਾਂ ਲੋਕ ਇਸ ਯਾਤਰਾ ਵਿਚ ਸ਼ਾਮਲ ਹੋ ਕੇ ਕਾਂਗਰਸ ਦੀਆਂ ਨੀਤੀਆਂ ਤੇ ਮੋਹਰ ਲਗਾਉਣਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਅਨੁਸਾਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਸਬੰਧੀ ਉਨ੍ਹਾਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਭਾਰਤ ਜੋੜੋ ਯਾਤਰਾ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਕਾਂਗਰਸ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ਼ ਪ੍ਰਗਟ ਕਰਨਗੇ।

ਹੁਣ ਤੱਕ 10 ਸੂਬਿਆਂ ਨੂੰ ਕਵਰ ਕਰ ਚੁੱਕੀ ਹੈ ਭਾਰਤ ਜੋੜੋ ਯਾਤਰਾ

ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਇਹ ਭਾਰਤ ਜੋੜੋ ਯਾਤਰਾ ਤਹਿਤ ਦੇਸ਼ ਦੇ 12 ਸੂਬਿਆਂ ਨੂੰ ਕਵਰ ਕੀਤਾ ਜਾਣਾ ਹੈ ਅਤੇ ਹੁਣ ਤੱਕ ਰਾਹੁਲ ਗਾਂਧੀ 10 ਸੂਬਿਆਂ ਨੂੰ ਕਵਰ ਕਰ ਚੁੱਕੇ ਹਨ। ਹੁਣ ਇਹ ਯਾਤਰਾ ਪੰਜਾਬ ਤੋਂ ਬਾਅਦ ਸਿਰਫ਼ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਚ ਜਾਵੇਗੀ ਅਤੇ ਇਸ ਤੋਂ ਬਾਅਦ ਫਿਰ ਯਾਤਰਾ ਸ੍ਰੀਨਗਰ ਵਿੱਚ ਖ਼ਤਮ ਹੋਵੇਗੀ। ਸ਼ੁਰੂ ਵਿੱਚ ਯਾਤਰਾ ਦਾ ਪੂਰਾ ਰਸਤਾ 3570 ਕਿਲੋਮੀਟਰ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜੋ ਪੂਰਾ ਹੋਣ ਤੱਕ 4000 ਕਿਲੋਮੀਟਰ ਤੱਕ ਪਹੁੰਚ ਸਕਦਾ ਹੈ।