ਕਾਂਗਰਸ ਤੇ AAP ਵੱਲੋਂ ਵੱਖਰੇ ਤੌਰ ‘ਤੇ ਚੋਣ ਲੜਣ ਦੀ ਤਿਆਰੀ? ਸੰਭਾਵੀ ਉਮੀਦਵਾਰਾਂ ਦੀ ਤਲਾਸ਼ ਸ਼ੁਰੂ
INDIA ਗਠਜੋੜ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਪੱਧਰ 'ਤੇ ਇਕੱਠੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ। ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਗਠਜੋੜ ਨੂੰ ਲੈ ਕੇ ਸਥਿਤੀ ਹਾਲੇ ਕੁਝ ਸਾਫ ਨਹੀਂ ਹੈ। ਕਾਂਗਰਸ 23 ਜਨਵਰੀ ਤੋਂ 25 ਜਨਵਰੀ ਤੱਕ ਸੂਬਾਈ ਆਗੂਆਂ ਨਾਲ 6 ਸੰਸਦੀ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੀ ਸਲਾਹ ਲਵੇਗੀ। ਇਸ ਦੌਰਾਨ ਲੋਕ ਸਭਾ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੀ ਵੀ ਤਲਾਸ਼ ਕੀਤੀ ਜਾਵੇਗੀ।
ਪੰਜਾਬ ਵਿੱਚ INDIA ਗਠਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਕੌਮੀ ਸਿਆਸਤ ਵਿੱਚ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ (Congress) ਇੱਕਠੇ ਹੋ ਗਏ ਹਨ, ਉੱਥੇ ਹੀ ਪੰਜਾਬ ਵਿੱਚ ਅਜਿਹਾ ਹੋਣ ਦੀ ਸੰਭਾਵਨਾ ਘੱਟ ਜਾਪ ਰਹੀ ਹੈ। ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿਚਾਲੇ ਪੰਜ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। INDIA ਗਠਜੋੜ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੌਮੀ ਪੱਧਰ ‘ਤੇ ਇਕੱਠੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ। ਇਸ ਦੇ ਤਹਿਤ ਦਿੱਲੀ ਅਤੇ ਗੁਜਰਾਤ ‘ਚ ਦੋਵੇਂ ਪਾਰਟੀਆਂ ਦੀ ਸੀਟਾਂ ਦੀ ਵੰਡ ‘ਤੇ ਵੀ ਸਹਿਮਤ ਹੋ ਚੁੱਕੀ ਹੈ।
ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ
ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪਸੀ ਸਮਝੌਤਾ ਹੋਣ ਦੀ ਉਮੀਦ ਬਰਕਰਾਰ ਹੈ ਪਰ ਇਸ ਦੇ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਕੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਕਾਂਗਰਸ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਤਲਾਸ਼ ਸ਼ੁਰੂ
ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ 23 ਜਨਵਰੀ ਤੋਂ 25 ਜਨਵਰੀ ਤੱਕ ਸੂਬਾਈ ਆਗੂਆਂ ਨਾਲ 6 ਸੰਸਦੀ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੀ ਸਲਾਹ ਲਵੇਗੀ। ਇਸ ਦੌਰਾਨ ਲੋਕ ਸਭਾ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੀ ਵੀ ਤਲਾਸ਼ ਕੀਤੀ ਜਾਵੇਗੀ। ਦੇਵੇਂਦਰ ਯਾਦਵ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ (Patiala) ਤੋਂ ਕਰਨਗੇ। ਇਸ ਤੋਂ ਬਾਅਦ ਉਹ ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਜਾਣਗੇ।
ਪੰਜਾਬ ਕਾਂਗਰਸ ਦੇ ਆਗੂ ਇਸ ਸਮੁੱਚੀ ਕਵਾਇਦ ਨੂੰ ਆਮ ਮੀਟਿੰਗ ਦੱਸ ਰਹੇ ਹਨ ਪਰ ਸੂਤਰਾਂ ਮੁਤਾਬਕ 6 ਲੋਕ ਸਭਾ ਹਲਕਿਆਂ ਦੇ ਦੌਰੇ ਦੌਰਾਨ ਦੇਵੇਂਦਰ ਯਾਦਵ ਅਤੇ ਸੂਬੇ ਦੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰਕੇ ਲੋਕ ਸਭਾ ਸੀਟਾਂ ਦੇ ਸੰਭਾਵੀ ਉਮੀਦਵਾਰਾਂ ਦਾ ਪੈਨਲ ਤਿਆਰ ਕਰਨਗੇ। ਵਰਕਰਾਂ ਅਤੇ ਉਹਨਾਂ ਦੇ ਫੀਡਬੈਕ ਦੇ ਅਧਾਰ ‘ਤੇ ਰਿਪੋਰਟ ਤਿਆਰ ਕੀਤੀ ਜਾਵੇਗੀ। ਜਿਸ ਨੂੰ ਬਾਅਦ ਵਿੱਚ ਹਾਈਕਮਾਂਡ ਨੂੰ ਭੇਜ ਦਿੱਤਾ ਜਾਵੇਗਾ।
ਲੋਕ ਸਭਾ ਚੋਣਾਂ ਲਈ ਪਾਰਟੀਆਂ ਨੇ ਖਿੱਚੀ ਤਿਆਰੀ
ਜਾਣਕਾਰੀ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਾਈਕਮਾਂਡ ਦਰਮਿਆਨ ਪਿਛਲੇ ਹਫ਼ਤੇ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਬਾਰੇ ਕੋਈ ਫੈਸਲਾ ਨਾ ਹੋਣ ਮਗਰੋਂ ਦੋਵਾਂ ਪਾਰਟੀਆਂ ਨੇ ਸੂਬਾ ਇਕਾਈਆਂ ਨੂੰ ਆਪਣੇ ਪੱਧਰ ਤੇ ਤਿਆਰੀਆਂ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਨੇ ਪਹਿਲਕਦਮੀ ਕਰਦਿਆਂ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿੱਚ ਵਾਰ ਰੂਮ ਅਤੇ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਜੋ ਸੂਬੇ ਭਰ ਵਿੱਚ ਬੂਥ ਪੱਧਰ ਤੱਕ ਦੇ ਆਗੂਆਂ ਨਾਲ ਸਿੱਧਾ ਤਾਲਮੇਲ ਕਰਕੇ ਡਵੀਜ਼ਨ ਪੱਧਰੀ ਚੋਣ ਰਣਨੀਤੀ ਤਿਆਰ ਕਰੇਗੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: 2024 ਲੋਕ ਸਭਾ ਲਈ AAP ਉਮੀਦਵਾਰ ਰਹਿਣਗੇ ਸੁਸ਼ੀਲ ਰਿੰਕੂ, CM ਕੇਜਰੀਵਾਲ ਦੇ ਘਰ ਹੋਈ ਮੀਟਿੰਗ ਚ ਲਿਆ ਫੈਸਲਾ