ਕੀ ਚੋਣ ਲੜੇਗੀ ਨਵਜੋਤ ਕੌਰ ਸਿੱਧੂ, ਨਵਜੋਤ ਸਿੱਧੂ ਨੇ ਦਿੱਤਾ ਇਹ ਜਵਾਬ

Published: 

19 Jan 2024 14:56 PM

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਚੋਣ ਲੜਣ ਬਾਰੇ ਲੱਗ ਰਹੀਆਂ ਕਿਆਸਰਾਈਆਂ ਦਾ ਜਵਾਬ ਦਿੱਤਾ ਹੈ। ਇਹ ਕਿਆਸਰਾਈਆਂ ਇਸ ਕਰਕੇ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਹੁਣ ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਨੂੰ ਹਰਾਕੇ ਤੰਦਰੁਸਤ ਹੋ ਗਈ ਹੈ ਜਿਸ ਤੋਂ ਬਾਅਦ ਚਰਚਾਵਾਂ ਸਨ ਕਿ ਨਵਜੋਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਉਤਰ ਸਕਦੀ ਹੈ।

ਕੀ ਚੋਣ ਲੜੇਗੀ ਨਵਜੋਤ ਕੌਰ ਸਿੱਧੂ, ਨਵਜੋਤ ਸਿੱਧੂ ਨੇ ਦਿੱਤਾ ਇਹ ਜਵਾਬ

ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਾਲ (pic credit: tv9bangla.com)

Follow Us On

ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਅਟਕਲਾਂ ‘ਤੇ ਬ੍ਰੇਕ ਲਗਾ ਦਿੱਤੀ ਹੈ ਕਿ ਡਾ. ਨਵਜੋਤ ਕੌਰ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸਭਾ ਚੋਣਾਂ ਲੜ ਸਕਦੀ ਹੈ। ਚਰਚਾ ਸੀ ਕਿ ਨਵਜੋਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਹੋ ਸਕਦੀ ਹੈ। ਕਿਉਂਕਿ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਰਸ ਪਹਿਲਾਂ ਹੀ ਮੁਅੱਤਲ ਕਰ ਚੁੱਕੀ ਹੈ। ਜਿਸ ਤੋਂ ਬਾਅਦ ਅਗਲੀਆਂ ਚੋਣਾਂ ਲਈ ਇਹ ਸੀਟ ਖਾਲੀ ਹੋ ਗਈ ਹੈ।

ਨਵਜੋਤ ਕੌਰ ਦੇ ਚੋਣ ਲੜਨ ਦੀਆਂ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਉਸ ਦੀ ਪਤਨੀ ਅਜੇ ਵੀ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸ ਮਾਮਲੇ ਵਿੱਚ ਉਹ ਯਮੁਨਾ ਨਗਰ ਦੀ ਡਾਕਟਰ ਰੁਪਿੰਦਰ ਕੌਰ ਨੂੰ ਮਿਲੇ ਹਨ। ਇਲਾਜ ਕੁਝ ਹੋਰ ਮਹੀਨਿਆਂ ਤੱਕ ਜਾਰੀ ਰਹੇਗਾ। ਇਨ੍ਹਾਂ ਹਾਲਾਤਾਂ ਵਿੱਚ, ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ। ਅਜਿਹੇ ‘ਚ ਕਿਸੇ ਵੀ ਤਰ੍ਹਾਂ ਦੀਆਂ ਕਿਆਸਅਰਾਈਆਂ ‘ਤੇ ਰੋਕ ਲੱਗਣੀ ਚਾਹੀਦੀ ਹੈ।

ਨਵਜੋਤ ਸਿੱਧੂ ਦਾ ਟਵੀਟ

ਚਰਚਾ ਦੇ ਇਹ ਸਨ ਕਾਰਨ ?

ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਵੀ ਪਾਰਟੀ ਲਾਈਨ ਤੋਂ ਵੱਖਰੀ ਚੱਲ ਰਹੀ ਸੀ ਉਹਨਾਂ ਨੂੰ ਕਈ ਵਾਰ ਕਾਰਨ ਦੱਸੋਂ ਨੋਟਿਸ ਵੀ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਜਿਸ ਦੇ ਨਾਲ ਹੀ ਇਸ ਗੱਲ ਦੇ ਵੀ ਸੰਕੇਤ ਮਿਲ ਗਏ ਕਿ ਅਗਲੀਆਂ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸ ਆਪਣਾ ਨਵਾਂ ਉਮੀਦਵਾਰ ਉਤਾਰੇਗੀ। ਇਸ ਦੇ ਨਾਲ ਹੀ ਇਕ ਧਾਰਮਿਕ ਸਮਾਗਮ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦਾ ਭਰੋਸਾ ਅਤੇ ਪਿਆਰ ਮਿਲੇ ਤਾਂ ਉਹ ਯਕੀਨੀ ਤੌਰ ‘ਤੇ ਚੋਣ ਲੜ ਸਕਦੀ ਹੈ। ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਹੁਤ ਕੁਝ ਸਿੱਖ ਕੇ ਬਾਹਰ ਆਏ ਹਨ ਅਤੇ ਉਹ ਵੀ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।

ਸਿਆਸਤ ਲਈ ਛੱਡੀ ਸੀ ਨੌਕਰੀ

ਡਾਕਟਰ ਨਵਜੋਤ ਕੌਰ ਸਿੱਧੂ ਪੇਸ਼ੇ ਤੋਂ ਡਾਕਟਰ ਹਨ। 2012 ਵਿੱਚ, ਉਹਨਾਂ ਨੇ ਸਿਆਸਤ ਵਿੱਚ ਆਉਣ ਲਈ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਈ। ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਉਹ ਆਪਣੇ ਨੇੜਲੇ ਵਿਰੋਧੀ ਨੂੰ ਕਰੀਬ 6 ਹਜ਼ਾਰ ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ। ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ। ਫਿਰ ਉਨ੍ਹਾਂ ਦਾ ਪਰਿਵਾਰ ਭਾਜਪਾ ‘ਚ ਸ਼ਾਮਲ ਹੋ ਗਿਆ ਪਰ ਬਾਅਦ ‘ਚ ਭਾਜਪਾ ਛੱਡ ਕੇ 2017 ‘ਚ ਕਾਂਗਰਸ ‘ਚ ਸ਼ਾਮਲ ਹੋ ਗਿਆ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਵਿਧਾਇਕ ਚੁਣੀ ਗਈ।

ਕੈਪਟਨ ‘ਤੇ ਟਿਕਟ ਨਾ ਦੇਣ ਦੇ ਦੋਸ਼

ਇਸ ਗੱਲ ਵਿੱਚ ਕੋਈ ਓਹਲਾ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਰਿਸਤੇ ਕੋਈ ਜ਼ਿਆਦਾ ਵਧੀਆਂ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿੱਧੂ ਮੁਖਰ ਹੋਕੇ ਬੋਲਦੇ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ‘ਚ ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਲੋਕ ਸਭਾ ਚੋਣਾਂ ‘ਚ ਟਿਕਟ ਨਾ ਮਿਲਣ ‘ਤੇ ਅਮਰਿੰਦਰ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਅਮਰਿੰਦਰ ਕਾਰਨ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਾਥ ਦਿੱਤਾ। ਹਾਲਾਂਕਿ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।