ਕੀ ਕਾਂਗਰਸ ਨੂੰ ਇਕਜੁੱਟ ਕਰ ਸਕੇਗੀ ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ
ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੌਰਾਨ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਪਹਿਲੀ ਵਾਰ ਭਾਰਤ ਜੋੜੋ ਯਾਤਰਾ ਰਾਹੀਂ ਪੰਜਾਬ ਆ ਰਹੇ ਹਨ। ਪਿਛਲੇ ਕਰੀਬ 10 ਮਹੀਨੇ ਦੌਰਾਨ ਪੰਜਾਬ ਵਿੱਚ ਕਾਂਗਰਸ ਆਪ ਸਰਕਾਰ ਨੂੰ ਘੇਰਨ ਵਿੱਚ ਅਸਫਲ ਰਹੀ ਹੈ। ਇਸ ਯਾਤਰਾ ਦੌਰਾਨ ਖਾਸ ਗੱਲ ਇਹ ਰਹੇਗੀ ਕਿ ਨਵਜੋਤ ਸਿੱਧੂ ਯਾਤਰਾ ਦਾ ਹਿੱਸਾ ਨਹੀਂ ਹੋਣਗੇ।
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਦੇਸ਼ ਅੰਦਰ ਕਾਂਗਰਸ ਪਾਰਟੀ ਨੂੰ ਮੁੜ ਤੋਂ ਖੜਾ ਕਰਨ ਲਈ ਲੰਘੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਤਹਿਤ 11 ਜਨਵਰੀ ਨੂੰ ਪੰਜਾਬ ਚ ਪਹੁੰਚ ਰਹੇ ਹਨ। ਲਿਹਾਜਾ ਸਿਆਸੀ ਹਲਕਿਆਂ ਅੰਦਰ ਲਗਾਤਾਰ ਇਹ ਚਰਚਾ ਹੈ ਕਿ ਕੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਇਹ ਯਾਤਰਾ ਕਾਂਗਰਸ ਨੂੰ ਇਕਜੁੱਟ ਕਰਨ ਵਿਚ ਕਾਮਯਾਬ ਹੋ ਸਕੇਗੀ ਜਾਂ ਫਿਰ ਮੌਜੂਦਾ ਹਾਲਾਤਾਂ ਦੀ ਤਰ੍ਹਾਂ ਹੀ ਪੰਜਾਬ ਚ ਕਾਂਗਰਸ ਖੇਰੂੰ ਖੇਰੂੰ ਨਜ਼ਰ ਆਵੇਗੀ ਕਿਉਂਕਿ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਅਤੇ ਦੂਸਰੇ ਪਾਸੇ 26 ਜਨਵਰੀ ਨੂੰ ਜੇਲ੍ਹ ਚੋਂ ਰਿਹਾਅ ਹੋ ਰਹੇ ਨਵਜੋਤ ਸਿੰਘ ਸਿੱਧੂ ਵੀ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ ਜਿਸ ਨਾਲ ਸ਼ਾਇਦ ਮੌਜੂਦਾ ਪ੍ਰਧਾਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾਂ ਹੀ ਆਪਣੀ ਬੀਨ ਵਜਾਉਦੇ ਨਜ਼ਰ ਆਉਂਦੇ ਹਨ। ਉਹ ਕਦੇ ਵੀ ਪਾਰਟੀਆਂ ਦੇ ਸੀਨੀਅਰ ਆਗੂਆਂ ਅਨੁਸਾਰ ਫੈਸਲਾ ਨਹੀਂ ਕਰਦੇ।


