Who is Sunil Jakhar: ਕੌਣ ਹਨ ਸੁਨੀਲ ਜਾਖੜ, ਜੋ ਕਾਂਗਰਸ ਤੋਂ ਬਾਅਦ ਹੁਣ ਸਾਂਭਣ ਜਾ ਰਹੇ ਪੰਜਾਬ ਭਾਜਪਾ ਦੀ ਕਮਾਨ

Updated On: 

04 Jul 2023 19:27 PM

Sunil Jakhar News Chief of Punjab BJP: ਸੁਨੀਲ ਜਾਖੜ ਨੂੰ ਪੰਜਾਬ ਭਜਪਾ ਦਾ ਨਵਾਂ ਪ੍ਰਧਾਨ ਬਣਾਉਣ ਦਾ ਪਾਰਟੀ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਪਰ ਹਾਈਕਮਾਨ ਵੱਲੋਂ ਜਾਖੜ ਦੇ ਨਾਂ ਦਾ ਅਧਿਕਾਰਕ ਐਲਾਨ ਕਰਨ ਤੋਂ ਬਾਅਦ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਵਿੱਚ ਸਹਿਮਤੀ ਬਣ ਗਈ ਹੈ।

Who is Sunil Jakhar: ਕੌਣ ਹਨ ਸੁਨੀਲ ਜਾਖੜ, ਜੋ ਕਾਂਗਰਸ ਤੋਂ ਬਾਅਦ ਹੁਣ ਸਾਂਭਣ ਜਾ ਰਹੇ ਪੰਜਾਬ ਭਾਜਪਾ ਦੀ ਕਮਾਨ
Follow Us On

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਇਸ ਦਾ ਐਲਾਨ ਕਰ ਦਿੱਤਾ। ਜਾਖੜ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਉਹ ਹੁਣ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਥਾਂ ਲੈਣਗੇ। ਪਾਰਟੀ ਵਿੱਚ ਧੜੇਬੰਦੀ ਨੂੰ ਹਵਾ ਦੇਣ ਦੇ ਇਲਜ਼ਾਮ ਦੇ ਨਾਲ ਸੰਗਰੂਰ ਅਤੇ ਜਲੰਧਰ ਲੋਕ ਸਭਾ ਉਪ ਚੋਣਾਂ ਵਿੱਚ ਪਾਰਟੀ ਦਾ ਮਾੜਾ ਪ੍ਰਦਰਸ਼ਨ ਅਸ਼ਵਨੀ ਸ਼ਰਮਾ ਨੂੰ ਮਹਿੰਗਾ ਸਾਬਤ ਹੋਇਆ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਵਿੱਚ ਕਈ ਸੀਨੀਅਰ ਅਤੇ ਪੁਰਾਣੇ ਆਗੂਆਂ ਦੇ ਹੁੰਦੇ ਹੋਏ ਵੀ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਤੇ ਹੀ ਭਰੋਸਾ ਕਿਉਂ ਜਤਾਇਆ ਹੈ। ਹਾਈਕਮਾਨ ਨੂੰ ਸੁਨੀਲ ਜਾਖੜ ਵਿੱਚ ਅਜਿਹਾ ਕੀ ਵਿਖਾਈ ਦਿੱਤਾ, ਜੋ ਉਸਦੇ ਆਪਣੇ ਕਿਸੇ ਆਗੂ ਵਿੱਚ ਨਹੀਂ ਹੈ।

ਜਾਖੜ ‘ਤੇ ਕਿਉਂ ਜਤਾਇਆ ਪਾਰਟੀ ਨੇ ਭਰੋਸਾ

ਦਰਅਸਲ, ਇਸ ਦੇ ਪਿੱਛੇ ਵੀ ਇੱਕ ਖਾਸ ਵਜ੍ਹਾ ਹੈ। ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਹਿੰਦੂ ਅਤੇ ਜੱਟ ਭਾਈਚਾਰਿਆਂ ਦਾ ਸਾਂਝਾ ਚਿਹਰਾ ਹਨ। ਦੋਵਾਂ ਭਾਈਚਾਰਿਆਂ ਵਿੱਚ ਜਾਖੜ ਦੀ ਚੰਗੀ ਪਕੜ ਹੈ। ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦੀ ਗਹਿਰੀ ਸਮਝ ਅਤੇ ਤਜਰਬਾ ਵੀ ਹੈ। ਇਸ ਤੋਂ ਇਲਾਵਾ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਵੀ ਕਾਫੀ ਕਰੀਬੀ ਮੰਨੇ ਜਾਂਦੇ ਹਨ।

ਹਿੰਦੂ ਹੋਣ ਦੇ ਬਾਵਜੂਦ ਸਿੱਖ ਵੋਟ ਜਿਆਦਾ

ਜਾਖੜ ਪੰਜਾਬ ਦੇ ਹਿੰਦੂ ਨੇਤਾ ਹਨ। ਇਸ ਦੇ ਬਾਵਜੂਦ ਉਹ ਹਮੇਸ਼ਾ ਅਜਿਹੇ ਖੇਤਰਾਂ ਵਿੱਚ ਜਿੱਤਦੇ ਰਹੇ ਜਿੱਥੇ ਸਿੱਖ ਵੋਟ ਜ਼ਿਆਦਾ ਸੀ। ਹਿੰਦੂ ਨੇਤਾ ਹੋਣ ਦੇ ਬਾਵਜੂਦ ਉਹ ਸਿੱਖ ਵੋਟਰਾਂ ਵਿਚ ਹਰਮਨ ਪਿਆਰੇ ਰਹੇ। ਕਾਂਗਰਸ ਨੇ ਉਨ੍ਹਾਂ ਨੂੰ ਅਬੋਹਰ ਤੋਂ ਦੂਰ ਗੁਰਦਾਸਪੁਰ ਵਿੱਚ ਮੈਦਾਨ ਵਿੱਚ ਉਤਾਰਿਆ, ਉੱਥੇ ਵੀ ਉਹ ਜਿੱਤ ਗਏ। ਭਾਜਪਾ ਨੂੰ ਵੀ ਅਜਿਹੇ ਆਗੂ ਦੀ ਭਾਲ ਸੀ ਜੋ ਹਿੰਦੂ ਅਤੇ ਸਿੱਖ ਵੋਟਰਾਂ ਨੂੰ ਭਾਜਪਾ ਵੱਲ ਖਿੱਚ ਸਕੇ।

ਸੁਨੀਲ ਜਾਖੜ ਦਾ ਸਿਆਸੀ ਸਫਰ –

  1. ਸੁਨੀਲ ਜਾਖੜ ਦੇ ਪਿਤਾ ਡਾਕਟਰ ਬਲਰਾਮ ਜਾਖੜ ਸੀਨੀਅਰ ਕਾਂਗਰਸੀ ਆਗੂ ਸਨ। ਉਹ 10 ਸਾਲ ਤੱਕ ਲੋਕ ਸਭਾ ਦੇ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ।
  2. 2002-2017 ਤੱਕ ਜਾਖੜ ਅਬੋਹਰ ਵਿਧਾਨ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਉਹ 2012-2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ।
  3. 2017 ਵਿੱਚ ਫਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਉੱਪ ਚੋਣ ਵਿੱਚ ਜਿੱਤ ਹਾਸਲ ਕੀਤੀ ਸੀ। ਸੁਨੀਲ ਜਾਖੜ 2017 ਤੋਂ 2021 ਤੱਕ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਰਹੇ।
  4. ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਸੰਭਾਵੀ ਮੁੱਖ ਮੰਤਰੀਆਂ ਦੀ ਲਿਸਟ ਚੋਂ ਨਾਂ ਬਾਹਰ ਹੋਣ ਦੇ ਬਾਅਦ ਤੋਂ ਹੀ ਜਾਖੜ ਕਾਂਗਰਸ ਹਾਈਕਮਾਨ ਤੋਂ ਨਰਾਜ ਚੱਲ ਰਹੇ ਸਨ। ਉਨ੍ਹਾਂ ਦੀ ਥਾਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।
  5. ਬੀਤੇ ਸਾਲ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫਲੇ ਨੂੰ ਰੋਕਣ ਤੋਂ ਬਾਅਦ ਜਾਖੜ ਨੇ ਆਪਣੀ ਹੀ ਸਰਕਾਰ ਦੀ ਆਲੋਚਨਾ ਕੀਤੀ ਸੀ।
  6. ਪਾਰਟੀ ਵਿਰੋਧੀ ਬਿਆਨਬਾਜ਼ੀਆਂ ਕਰਕੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਤਾਂ ਉਹ ਕਾਫੀ ਨਰਾਜ਼ ਹੋ ਗਏ ਸਨ। ਉਨ੍ਹਾਂ ਨੇ ਇਸਨੂੰ ਆਪਣਾ ਅਪਮਾਨ ਕਰਾਰ ਦਿੱਤਾ ਸੀ।
  7. 26 ਅਪ੍ਰੈਲ ਨੂੰ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਜਾਖੜ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। 14 ਮਈ, 2022 ਨੂੰ ਜਾਖੜ ਫੇਸਬੁੱਕ ਲਾਈਵ ਹੋਏ ਅਤੇ ਕਾਂਗਰਸ ਤੋਂ ਆਪਣਾ ਤਕਰੀਬਨ 50 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ।
  8. ਉਹ ਪਿਛਲੇ ਸਾਲ ਮਈ ‘ਚ ਭਾਜਪਾ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪੰਜਾਬ ਵਿੱਚ ਅਸ਼ਵਨੀ ਸ਼ਰਮਾ ਦੀ ਥਾਂ ਪ੍ਰਧਾਨ ਬਣਾਇਆ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ