“ਮੈਂਨੂੰ ਲੱਗਦਾ ਹੈ ਥੋੜੀ ਦੇਰ ਛੁੱਟੀ ਲੈਣੀ ਚਾਹੀਦੀ ਹੈ”…. ਵੜ੍ਹਿੰਗ ਨੇ ਰਾਹੁਲ ਗਾਂਧੀ ਨੂੰ ਰਸਮੀ ਤੌਰ ‘ਤੇ ਸੌਂਪਿਆ ਅਸਤੀਫਾ

Updated On: 

02 Oct 2026 14:01 PM IST

Punjab Congress: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਧੜੇ ਦੇ ਦਬਾਅ ਤੋਂ ਬਾਅਦ ਹਾਈਕਮਾਨ ਨੇ ਆਖਿਰਕਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਅਸਤੀਫ਼ਾ ਲੈ ਲਿਆ। ਰਾਜਾ ਵੜਿੰਗ ਨੇ ਬੁੱਧਵਾਰ ਦੇਰ ਰਾਤ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਅਤੇ ਵੀਰਵਾਰ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਅਪਡੇਟ ਕਰ ਦਿੱਤਾ।

ਮੈਂਨੂੰ ਲੱਗਦਾ ਹੈ ਥੋੜੀ ਦੇਰ ਛੁੱਟੀ ਲੈਣੀ ਚਾਹੀਦੀ ਹੈ.... ਵੜ੍ਹਿੰਗ ਨੇ ਰਾਹੁਲ ਗਾਂਧੀ ਨੂੰ ਰਸਮੀ ਤੌਰ ਤੇ ਸੌਂਪਿਆ ਅਸਤੀਫਾ

ਕਾਂਗਰਸ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਦੇ 10 ਜਨਪਥ ਪਹੁੰਚੇ। ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਮੀਡੀਆ ਨਾਲ ਨੱਪੇ-ਤੁਲੇ ਸ਼ਬਦਾਂ ਵਿੱਚ ਗੱਲ ਕੀਤੀ। ਵੜਿੰਗ ਨੇ ਕਿਹਾ, “ਮੈਂ ਆਪਣੇ ਆਪ ਅਸਤੀਫਾ ਦਿੱਤਾ ਹੈ। ਕਾਂਗਰਸ ਵਿੱਚ, ਅਸਤੀਫ਼ੇ ਨਹੀਂ ਲਏ ਜਾਂਦੇ; ਸਗੋਂ ਚਿੱਠੀ ਜਾਰੀ ਕਰਕੇ ਧੰਨਵਾਦ ਕਰ ਦਿੱਤਾ ਜਾਂਦਾ ਹੈ।” ਹਾਲਾਂਕਿ, ਉਹ ਪ੍ਰਧਾਨਗੀ ਜਾਣ ‘ਤੇ ਮਾਯੂਸ ਵੀ ਦਿਖਾਈ ਦਿੱਤੇ। ਉਨ੍ਹਾਂ ਨੇ ਆਪਣੀ ਮਰਜੀ ਨਾਲ ਅਸਤੀਫਾ ਦਿੱਤਾ ਹੈ। ਕੋਈ ਉਨ੍ਹਾਂ ਨੂੰ ਇਸ ਲਈ ਮਜਬੂਰ ਨਹੀਂ ਕਰ ਸਕਦਾ।

ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਵੀ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਬਣਾ ਕੇ ਰੱਖਿਆ। ਅੱਗੇ ਵੀ ਜਿੱਥੇ ਉਨ੍ਹਾਂ ਦੀ ਲੋੜ ਹੋਵੇਗੀ, ਉਹ ਸਭ ਤੋਂ ਪਹਿਲਾਂ ਖੜੇ ਮਿਲਣਗੇ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਅਧਿਕਾਰਿਤ ਤੌਰ ਤੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਆਪਣੀ ਪ੍ਰਧਾਨਗੀ ਦੇ ਸਾਢੇ ਚਾਰ ਸਾਲ ਦਾ ਤਜਰਬਾ ਸਾਂਝਾ ਕੀਤਾ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਕਿੱਥੇ-ਕਿੱਥੇ ਸਾਡੇ ਲਈ ਚੁਣੌਤੀਆਂ ਹਨ ਅਤੇ ਕਿੱਥੇ ਅਸੀਂ ਮਜਬੂਤ ਹਾਂ।

ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ – ਵੜ੍ਹਿੰਗ

ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਵੜਿੰਗ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਏਐਨਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਇੰਚਾਰਜ ਸਚਿਨ ਪਾਇਲਟ ਨੂੰ ਲੱਗਿਆ ਹੋਵੇਗਾ ਕਿ ਰਾਜਾ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਨੇ ਬੀਤੇ ਮਹੀਨੇ 2 ਤਰੀਕ ਨੂੰ ਪੰਜਾਬ ਦੇ ਇੰਚਾਰਜ ਦਾ ਅਹੁਦਾ ਸਾਂਭਿਆ ਸੀ ਅਤੇ ਇੱਕ ਮਹੀਨੇ ਦੌਰਾਨ ਉਹ ਜਦੋਂ ਪਹਿਲੀ ਵਾਰ ਪੰਜਾਬ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਆਏ ਸਨ, ਉਦੋਂ ਹੀ ਮੇਰੀ ਉਨ੍ਹਾਂ ਨਾਲ ਮੀਟਿੰਗ ਹੋਈ ਸੀ, ਉਸਤੋਂ ਬਾਅਦ ਮੇਰੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿ ਉਨ੍ਹਾਂ ਦਾ ਪਾਇਲਟ ਨਾਲ 20-22 ਸਾਲ ਰਿਸ਼ਤਾ ਹੈ। ਉਨ੍ਹਾਂ ਨੂੰ ਉਨ੍ਹਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ।

ਮੈਂਨੂੰ ਥੋੜੀ ਦੇਰ ਛੁੱਟੀ ਲੈਣੀ ਚਾਹੀਦੀ ਹੈ -ਵੜਿੰਗ

ਉਨ੍ਹਾਂ ਕਿਹਾ ਕਿ ਚੋਟੀ ਤੇ ਪਹੁੰਚਣਾ ਪ੍ਰਾਪਤੀ ਹੁੰਦੀ ਹੈ, ਪਰ ਚੋਟੀ ਦੇ ਕੋਈ ਬਣਿਆ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ EX ਹੋਣਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਮੇਹਰਬਾਨੀ ਹਮੇਸ਼ਾ ਉਨ੍ਹਾਂ ਤੇ ਰਹੀ ਹੈ। ਉਹ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੈਂਨੂੰ ਲੱਗਦਾ ਹੈ ਹੁਣ ਥੋੜੀ ਦੇਰ ਛੁੱਟੀ ਲੈਣੀ ਚਾਹੀਦੀ ਹੈ। ਮੀਡੀਆ ਵੱਲੋਂ ਹੁਣ ਕਿਹੜਾ ਰੋਲ ਨਿਭਾਉਣਗੇ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਮੈਂ ਕਿਵੇਂ ਤੈਅ ਕਰ ਸਕਦਾ ਹਾਂ ਕਿ ਮੇਰਾ ਕੀ ਰੋਲ ਹੋਵੇਗਾ।

ਕੌਣ ਹੋਵੇਗਾ ਅਗਲਾ ‘ਰਾਜਾ’?

ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਅੱਜ ਹੀ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਵਿੱਚ ਨਵੇਂ ਪ੍ਰਧਾਨ ਲਈ ਵਿਜੈ ਇੰਦਰ ਸਿੰਗਲਾ ਸਮੇਤ ਕਈ ਨਾਵਾਂ ਦੀ ਚਰਚਾ ਹੈ। ਸੂਤਰਾਂ ਮੁਤਾਬਕ, ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਦੇ ਸਾਹਮਣੇ ਰਿਪੋਰਟ ਰੱਖੀ ਗਈ, ਜਿਸ ਤੋਂ ਬਾਅਦ ਰਾਜਾ ਵੜਿੰਗ ਨੂੰ ਅਸਤੀਫ਼ਾ ਦੇਣ ਲਈ ਰਾਹੁਲ ਗਾਂਧੀ ਨੇ ਖੁਦ ਫੋਨ ਕੀਤਾ। ਨਵੇਂ ਪ੍ਰਧਾਨ ਲਈ ਨਿਰਪੱਖ ਨੇਤਾਵਾਂ ਦੇ ਤੌਰ ‘ਤੇ ਪਾਰਟੀ ਵਿੱਚ ਸਭ ਤੋਂ ਪਹਿਲਾਂ ਵਿਜੈ ਇੰਦਰ ਸਿੰਗਲਾ ਦੇ ਨਾਮ ‘ਤੇ ਚਰਚਾ ਹੋਈ। ਹਾਲਾਂਕਿ, ਪਰਗਟ ਸਿੰਘ, ਸੁਖ ਸਰਕਾਰੀਆ, ਪ੍ਰਤਾਪ ਸਿੰਘ ਬਾਜਵਾ ਸਮੇਤ ਕੁਝ ਹੋਰ ਨਾਵਾਂ ‘ਤੇ ਵੀ ਚਰਚਾ ਹੋਈ ਹੈ। ਮੀਡੀਆ ਰਿਪੋਰਟਾਂ ਵਿੱਚ ਵੀ ਸਿੰਗਲਾ ਤੋਂ ਇਲਾਵਾ ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਆਗੂਆਂ ਦੇ ਨਾਵਾਂ ਦੀ ਚਰਚਾ ਦੱਸੀ ਗਈ ਹੈ।

Loading...
Unable to load recommendations.
Follow Us