ਅੰਮ੍ਰਿਤਸਰ ‘ਚ ਨੂੰਹ ਨੇ ਕੀਤਾ ਸੱਸ ਤੇ ਪਤੀ ਦਾ ਕਤਲ, ਘਰੇਲੂ ਕਲੇਸ਼ ਬਣਿਆ ਕਾਰਨ; ਮੁਲਜ਼ਮ ਅੰਬਾਲਾ ਤੋਂ ਕਾਬੂ
ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਵਿੱਚ ਮਾਂ-ਪੁੱਤ (ਰਿਤੂ ਅਤੇ ਗੌਰਵ) ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਗੌਰਵ ਦੀ ਪਤਨੀ ਮਨੀਸ਼ਾ ਨੂੰ ਅੰਬਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਨੁਸਾਰ ਸੱਸ ਨਾਲ ਚੱਲਦੇ ਘਰੇਲੂ ਕਲੇਸ਼ ਅਤੇ ਤਕਰਾਰ ਕਾਰਨ ਉਸ ਨੇ ਦੋਵਾਂ ਦਾ ਕਤਲ ਕਰਕੇ ਘਰ ਨੂੰ ਜਿੰਦਰਾ ਲਗਾ ਦਿੱਤਾ ਸੀ।
ਅੰਮ੍ਰਿਤਸਰ ਵਿੱਚ ਪਤਨੀ ਨੇ ਪਤੀ ਅਤੇ ਸੱਸ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਉਹ ਫ਼ਰਾਰ ਹੋ ਗਈ ਸੀ। ਵੀਰਵਾਰ ਨੂੰ ਪੁਲਿਸ ਨੇ ਉਸ ਨੂੰ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ, ਸੱਸ ਨੇ ਕਿਹਾ ਸੀ ਕਿ ਉਹ ਆਪਣੇ ਪੁੱਤ ਦਾ ਦੂਜਾ ਵਿਆਹ ਕਰਵਾਏਗੀ। ਇਸ ਗੱਲ ਨੂੰ ਲੈ ਕੇ ਨੂੰਹ ਨਾਰਾਜ਼ ਸੀ।
ਏਸੀਪੀ ਗਗਨਦੀਪ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਅੰਨ੍ਹੇ ਦੋਹਰੇ ਕਤਲ ਕਾਂਡ ਦਾ ਪਰਦਾਫ਼ਾਸ਼ ਕਰਦਿਆਂ ਦੱਸਿਆ ਕਿ ਪੁਲਿਸ ਨੂੰ 18 ਅਕਤੂਬਰ 2026 ਨੂੰ ਇਤਲਾਹ ਮਿਲੀ ਸੀ ਕਿ ਉਕਤ ਕਾਲੋਨੀ ਦੇ ਇੱਕ ਘਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੇ ਮੁੱਖ ਅਫ਼ਸਰ (ਐੱਸਐੱਚਓ) ਸਮੇਤ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਈ।
ਘਰ ‘ਚੋਂ ਮਿਲੀਆਂ ਸਨ ਮਾਂ-ਪੁੱਤ ਦੀਆਂ ਲਾਸ਼ਾਂ
ਘਰ ਦੇ ਅੰਦਰ ਤਲਾਸ਼ੀ ਲੈਣ ‘ਤੇ ਦੋ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਸ਼ਨਾਖ਼ਤ ਗੌਰਵ ਕੁਮਾਰ ਅਤੇ ਉਸ ਦੀ ਮਾਤਾ ਰਿਤੂ ਵਜੋਂ ਹੋਈ। ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਗਵਾਈ ਹੇਠ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਵੱਖ-ਵੱਖ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।
CCTV ਫੁਟੇਜ ਨੇ ਖੋਲ੍ਹਿਆ ਖ਼ੌਫ਼ਨਾਕ ਰਾਜ਼
ਮਾਮਲੇ ਦੀ ਵਿਗਿਆਨਕ, ਤਕਨੀਕੀ ਅਤੇ ਫ਼ੋਰੈਂਸਿਕ ਢੰਗ ਨਾਲ ਕੀਤੀ ਗਈ ਡੂੰਘਾਈ ਭਰੀ ਜਾਂਚ ਦੌਰਾਨ ਬੇਹੱਦ ਹੈਰਾਨੀਜਨਕ ਅਤੇ ਖ਼ੌਫ਼ਨਾਕ ਸੱਚਾਈ ਸਾਹਮਣੇ ਆਈ। ਜਾਂਚ ਵਿੱਚ ਪਾਇਆ ਗਿਆ ਕਿ ਗੌਰਵ ਅਤੇ ਉਸ ਦੀ ਮਾਂ ਰਿਤੂ ਦਾ ਕਤਲ ਕਿਸੇ ਬਾਹਰੀ ਸ਼ਖ਼ਸ ਨੇ ਨਹੀਂ, ਸਗੋਂ ਗੌਰਵ ਦੀ ਪਤਨੀ ਮਨੀਸ਼ਾ ਨੇ ਹੀ ਕੀਤਾ ਸੀ। ਇਸੇ ਦੌਰਾਨ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਵੀ ਪੁਖ਼ਤਾ ਸਬੂਤ ਮਿਲੇ, ਜਿਨ੍ਹਾਂ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮ੍ਰਿਤਕ ਦੀ ਪਤਨੀ ਘਰ ਨੂੰ ਜਿੰਦਰਾ ਲਗਾ ਕੇ ਕੱਪੜਿਆਂ ਨਾਲ ਭਰਿਆ ਬੈਗ ਚੁੱਕ ਕੇ ਮੌਕੇ ਤੋਂ ਫ਼ਰਾਰ ਹੁੰਦੀ ਸਾਫ਼ ਦਿਖਾਈ ਦਿੱਤੀ।
ਮੁਲਜ਼ਮ 36 ਘੰਟਿਆਂ ‘ਚ ਅੰਬਾਲਾ ਤੋਂ ਕਾਬੂ
ਪੁਲਿਸ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਮਹਿਜ਼ 36 ਘੰਟਿਆਂ ਦੇ ਰਿਕਾਰਡ ਸਮੇਂ ਅੰਦਰ ਮੁਲਜ਼ਮ ਮਹਿਲਾ ਮਨੀਸ਼ਾ ਨੂੰ ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ। ਮੁਢਲੀ ਪੁੱਛਗਿੱਛ ਦੌਰਾਨ ਵਾਰਦਾਤ ਦੀ ਮੁੱਖ ਵਜ੍ਹਾ ਘਰੇਲੂ ਕਲੇਸ਼ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਮਨੀਸ਼ਾ ਅਤੇ ਉਸ ਦੀ ਸੱਸ ਰਿਤੂ ਵਿਚਕਾਰ ਅਕਸਰ ਤਿੱਖੀ ਤਕਰਾਰ ਅਤੇ ਝਗੜਾ ਰਹਿੰਦਾ ਸੀ। ਸੱਸ ਅਕਸਰ ਮਨੀਸ਼ਾ ਨੂੰ ਇਹ ਕਹਿ ਕੇ ਤਾਅਨੇ ਦਿੰਦੀ ਸੀ ਕਿ ਉਹ ਗੌਰਵ ਦਾ ਰਿਸ਼ਤਾ ਕਿਤੇ ਹੋਰ ਕਰਵਾ ਦੇਵੇਗੀ। ਇਸੇ ਲਗਾਤਾਰ ਚੱਲ ਰਹੀ ਰੰਜਿਸ਼, ਗੁੱਸੇ ਅਤੇ ਸਾੜੇ ਵਿੱਚ ਆ ਕੇ ਮਨੀਸ਼ਾ ਨੇ ਇਸ ਖ਼ੂਨੀ ਵਾਰਦਾਤ ਦੀ ਸਾਜ਼ਿਸ਼ ਰਚੀ ਅਤੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ
ਪੁਲਿਸ ਨੇ ਕਥਿਤ ਮੁਲਜ਼ਮ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ ਤਾਂ ਜੋ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਹੋਰ ਪਹਿਲੂਆਂ ਬਾਰੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
