500 ਕਰੋੜ ਤੋਂ ਵਧ ਦਾ ਲੈਣ-ਦੇਣ… ਵਿਜੀਲੈਂਸ ਨੂੰ ਮਜੀਠੀਆ ਦੇ ਠਿਕਾਨਿਆ ਤੋਂ ਮਿਲਿਆ ਇਹ ਕੁਝ, ਕੱਲ੍ਹ ਹੋਵੇਗੀ ਪੇਸ਼ੀ
Bikram Singh Majithia: ਵਿਜੀਲੈਂਸ ਨੇ ਪਾਇਆ ਹੈ ਕਿ ਇਸ ਵਿੱਚੋਂ 237 ਕਰੋੜ ਰੁਪਏ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ ਹਨ। ਇਸ ਦਾ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਤਸੱਲੀਬਖਸ਼ ਜਵਾਬ ਦਿੱਤਾ ਗਿਆ ਹੈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਬਿਊਰੋ ਵੱਲੋਂ ਸੂਬੇ ਵਿੱਚ 25 ਥਾਵਾਂ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ, ਬਿਊਰੋ ਨੇ ਅੰਮ੍ਰਿਤਸਰ ਵਿੱਚ ਮਜੀਠੀਆ ਦੇ ਘਰ ਸਮੇਤ 25 ਥਾਵਾਂ ‘ਤੇ ਛਾਪੇਮਾਰੀ ਕੀਤੀ। ਮਜੀਠੀਆ ਨੂੰ 26 ਜੂਨ (ਵੀਰਵਾਰ) ਨੂੰ ਪੇਸ਼ ਕੀਤਾ ਜਾਵੇਗਾ।
ਵਿਜੀਲੈਂਸ ਕਾਰਵਾਈ ਤੋਂ ਬਾਅਦ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ 500 ਕਰੋੜ ਰੁਪਏ ਤੋਂ ਵਧ ਦੇ ਲੈਣ-ਦੇਣ ਗੱਲ ਕਹੀ ਜਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ 2007 ਤੋਂ 2009 ਦਰਮਿਆਨ 161 ਕਰੋੜ ਰੁਪਏ ਦੇ ਨਕਦ ਲੈਣ-ਦੇਣ ਦੇ ਦਸਤਾਵੇਜ਼ ਮਿਲੇ ਹਨ। ਇਸ ਸਮੇਂ ਦੌਰਾਨ, ਵਿਦੇਸ਼ੀ ਸ਼ੈੱਲ ਕੰਪਨੀਆਂ ਤੋਂ 141 ਕਰੋੜ ਰੁਪਏ ਦੀ ਆਮਦਨ ਦਾ ਖੁਲਾਸਾ ਕੀਤਾ ਗਿਆ ਹੈ ਅਤੇ 194 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਗਈ ਹੈ। ਵਿਜੀਲੈਂਸ ਨੂੰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਹੈ।
ਵਿਜੀਲੈਂਸ ਨੇ ਪਾਇਆ ਹੈ ਕਿ ਇਸ ਵਿੱਚੋਂ 237 ਕਰੋੜ ਰੁਪਏ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ ਹਨ। ਇਸ ਦਾ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਤਸੱਲੀਬਖਸ਼ ਜਵਾਬ ਦਿੱਤਾ ਗਿਆ ਹੈ।
ਵਿਜੀਲੈਂਸ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਜਦੋਂ ਉਹ ਕੈਬਨਿਟ ਮੰਤਰੀ ਸੀ ਤਾਂ ਉਨ੍ਹਾਂ ਨੇ ਗੈਰ-ਕਾਨੂੰਨੀ ਦੌਲਤ ਇਕੱਠੀ ਕੀਤੀ ਸੀ ਅਤੇ ਸ਼ੈੱਲ ਕੰਪਨੀਆਂ ਵਿੱਚ ਵੱਡੀ ਰਕਮ ਦਾ ਨਿਵੇਸ਼ ਕੀਤਾ ਗਿਆ ਸੀ।
ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਮਜੀਠੀਆ ਦੇ ਘਰ ਪਹੁੰਚੀ। ਇਸ ਦੌਰਾਨ ਮਜੀਠੀਆ ਦੀ ਵਿਜੀਲੈਂਸ ਟੀਮ ਨਾਲ ਬਹਿਸ ਵੀ ਹੋਈ। ਜਿਸ ਦੀਆਂ ਵੀਡੀਓਜ਼ ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਸਨ।