ਸੰਤ ਸੀਚੇਵਾਲ ਬੈਨਰ ਲੈ ਕੇ ਪਹੁੰਚੇ ਸੰਸਦ, ‘ਵੀਰ ਬਾਲ ਦਿਵਸ’ ਨਾਮ ‘ਤੇ ਜਤਾਇਆ ਇਤਰਾਜ਼

Updated On: 

18 Dec 2025 15:59 PM IST

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਦੇ ਤਹਿਤ ਦੇਸ਼ ਦੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਸੀ। ਇਸ ਚ ਕਿਹਾ ਗਿਆ ਸੀ ਕਿ ਸਿੱਖ ਸਮਾਜ ਨੇ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਨਾਮ ਵੀਰ ਬਾਲ ਦਿਵਸ 'ਤੇ ਲੰਬੇ ਇਤਰਾਜ਼ ਜਤਾਇਆ ਹੈ। ਇਸ ਮੁੱਦੇ ਨੂੰ ਸੰਸਦ 'ਚ ਚੁੱਕਿਆ ਜਾਵੇ ਤੇ ਇਸ ਦਿਵਸ ਦਾ ਨਾਮ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਿਆ ਜਾਵੇ।

ਸੰਤ ਸੀਚੇਵਾਲ ਬੈਨਰ ਲੈ ਕੇ ਪਹੁੰਚੇ ਸੰਸਦ, ਵੀਰ ਬਾਲ ਦਿਵਸ ਨਾਮ ਤੇ ਜਤਾਇਆ ਇਤਰਾਜ਼

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Pic: Social Media)

Follow Us On

ਕੇਂਦਰ ਸਰਕਾਰ ਵੱਲੋਂ ਮਨਾਏ ਜਾਣ ਵਾਲੇ ਵੀਰ ਬਾਲ ਦਿਵਸ ਦੇ ਨਾਮ ਤੇ ਲਗਾਤਾਰ ਸਿੱਖ ਸਮਾਜ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਹੀ ਸਿਲਸਿਲੇ ਚ ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਬਾਹਰ ਪ੍ਰਦਰਸ਼ਨ ਕੀਤਾ। ਉਹ ਹੱਥਾਂ ਚ ਬੈਨਰ ਲੈ ਕੇ ਸੰਸਦ ਪਹੁੰਚੇ। ਉਨ੍ਹਾਂ ਦੇ ਬੈਨਰ ਤੇ ਲਿਖਿਆ ਸੀ- ਬਾਲ ਨਹੀਂ ਸਿੱਖ ਜਗਤ ਲਈ ਬਾਬੇ ਆ ਸਾਹਿਬਜ਼ਾਦੇ। ਉਨ੍ਹਾਂ ਦੇ ਬੈਨਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭੇਜਿਆ ਗਿਆ ਪੱਤਰ ਵੀ ਛੱਪਿਆ ਸੀ।

ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਦੇ ਤਹਿਤ ਦੇਸ਼ ਦੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਸੀ। ਇਸ ਚ ਕਿਹਾ ਗਿਆ ਸੀ ਕਿ ਸਿੱਖ ਸਮਾਜ ਨੇ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਨਾਮ ਵੀਰ ਬਾਲ ਦਿਵਸ ਤੇ ਲੰਬੇ ਇਤਰਾਜ਼ ਜਤਾਇਆ ਹੈ। ਇਸ ਮੁੱਦੇ ਨੂੰ ਸੰਸਦ ਚ ਚੁੱਕਿਆ ਜਾਵੇ ਤੇ ਇਸ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ।

ਇਸ ਮੁੱਦੇ ਤੇ ਬਲਬੀਰ ਸਿੰਘ ਸੀਚੇਵਾਲ ਜਿੱਥੇ ਬੈਨਰ ਲੈ ਕੇ ਸੰਸਦ ਚ ਪਹੁੰਚੇ। ਉੱਥੇ ਹੀ, ਉਨ੍ਹਾਂ ਨੇ ਇਸ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੱਤਰ ਪ੍ਰਾਪਤ ਹੋਇਆ ਸੀ। ਉਸ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ, ਗ੍ਰਹਿ ਵਿਭਾਗ ਤੇ ਬਾਲ ਵਿਕਾਸ ਵਿਭਾਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੇਂਦਰ ਦਾ ਧੰਨਵਾਦ ਤੇ ਸਤਿਕਾਰ ਕਰਦੇ ਹਾਂ ਕਿ ਉਨ੍ਹਾਂ ਨੇ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਪਰ ਇਸ ਦੇ ਨਾਮ ਨੂੰ ਲੈ ਕੇ ਇਤਰਾਜ਼ ਹੈ। ਕੇਂਦਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਿਖਿਆ ਗਿਆ ਸੀ ਪੱਤਰ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 8 ਦਸੰਬਰ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ 14 ਸਿੱਖ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਇਨ੍ਹਾਂ ਚ ਡਾ. ਅਮਰ ਸਿੰਘ (ਫਤਿਹਗੜ੍ਹ ਸਾਹਿਬ), ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ), ਸਖਜਿੰਦਰ ਸਿੰਘ ਰੰਧਾਵਾ (ਗੁਰਦਾਸਪੁਰ), ਹਰਸਿਮਰਤ ਕੌਰ ਬਾਦਲ (ਬਠਿੰਡਾ), ਮਲਵਿੰਦਰ ਸਿੰਘ ਕੰਗ ( ਸ੍ਰੀ ਅਨੰਦਪੁਰ ਸਾਹਿਬ), ਸੰਤ ਬਲਬੀਰ ਸਿੰਘ ਸੀਚੇਵਾਲ (ਰਾਜ ਸਭਾ) ਹਰਭਜਨ ਸਿੰਘ (ਰਾਜ ਸਭਾ ਮੈਂਬਰ), ਹਰਦੀਪ ਸਿੰਘ ਪੂਰੀ (ਕੇਂਦਰੀ ਮੰਤਰੀ) ਸਮੇਤ ਹੋਰ ਸਿੱਖ ਸੰਸਦ ਮੈਂਬਰਾਂ ਦੇ ਨਾਮ ਸ਼ਾਮਲ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਹੀ ਸਿੱਖ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੰਸਦ ਚ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ। ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਇਸ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਰੂਪ ਚ ਘੋਸ਼ਿਤ ਕੀਤਾ ਜਾਵੇ। ਪੱਤਰ ਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੰਗ ਸਿਰਫ਼ ਨਾਮ ਬਦਲਣ ਦੀ ਨਹੀਂ, ਸਗੋਂ ਸਿੱਖ ਇਤਿਹਾਸ ਤੇ ਭਾਵਨਾਵਾਂ ਦੇ ਸਨਮਾਨ ਦੀ ਮੰਗ ਹੈ।