ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅਗਲੇ ਮਹੀਨੇ ਮਨਾਏਗਾ ਪਰਿਵਾਰ, ਪ੍ਰਸ਼ੰਸਕਾਂ ਨੂੰ ਆਉਣ ਦੀ ਅਪੀਲ
ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀਂ ਰਹੇਗੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਵੀ ਆਰੋਪਿਆਂ ਨੂੰ ਸਖਤ ਸਜਾ ਨਹੀਂ ਦਿੱਤੀ ਗਈ। ਜਿਸ ਬਲਤੇਜ ਪੰਨੂੰ ਨੇ ਸੁਰੱਖਿਆ ਲੀਕ ਕੀਤੀ ਅਜੇ ਤੱਕ ਸਰਕਾਰ ਨੇ ਉਸ ਤੋ ਕੋਈ ਪੁੱਛਗਿੱਛ ਨਹੀਂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਲਾਅ ਆਰਡਰ ਵਧੀਆ ਹੈ। ਫਿਰ ਆਪਣੀ ਪਤਨੀ ਨੂੰ ਕਿਉਂ 40 ਸੁਰੱਖਿਆ ਕਰਮਚਾਰੀ ਦਿੱਤੇ ਹਨ ਫਿਰ ਉਹ ਵੀ ਖੁਦ ਪੰਜਾਬ ਵਿੱਚ ਆਮ ਆਦਮੀ ਵਾਗ ਰਹਿਣ।
ਬਲਕੌਰ ਸਿੱਧੂ ਨੇ ਘੇਰੀ ਪੰਜਾਬ ਸਰਕਾਰ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ। ਜਿਸ ਵਿੱਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸਦਾ ਸੀਸ਼ਾ ਵੀ ਨਹੀ ਪਵਾਇਆ ਤੇ ਜੇ ਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਤੇ ਘੁੰਮਣਗੇ ਤੇ ਸਿੱਧੂ ਦੀਆਂ ਉਹ ਤਸਵੀਰਾਂ ਲਗਾਉਣਗੇ ਜਿਸ ਵਿੱਚ ਸਿੱਧੂ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀਂ ਰਹੇਗੀ।
ਅਗਲੇ ਮਹਿਨੇ ਸਿੱਧੂ ਦੀ ਪਹਿਲੀ ਬਰਸੀ
ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਕਿਹਾ ਤੁਹਾਨੂੰ ਕੀ ਪਤਾ ਹੈ ਮੈਂ ਪਹਿਲਾਂ ਠੀਕ ਸੀ ਪਰ 29 ਮਈ ਤੋਂ ਬਾਅਦ ਹੀ ਮੇਰੇ ਸਟੰਟ ਪਏ ਹਨ। ਉਨ੍ਹਾਂ ਪੰਜਾਬ ਵਿੱਚ ਸਰਕਾਰ ਵੱਲੋ ਖੋਲੋ ਜਾ ਰਹੇ ਕਲੀਨਿਕਾਂ ‘ਤੇ ਬੋਲਦੇ ਕਿਹਾ ਕਿ ਕਲੀਨਿਕਾ ਵਿੱਚ ਇਲਾਜ ਨਹੀਂ ਮਿਲਣਾ। ਕਿਉਂਕਿ ਜਿਸ ਥਾਂ ‘ਤੇ ਸਿੱਧੂ ਦਾ ਕਤਲ ਹੋਇਆ ਸੀ ਕਲੀਨਿਕ ਉਸ ਤੋਂ ਮਹਿਜ ਤਿੰਨ ਮਿੰਟ ਦਾ ਰਸਤਾ ਸੀ ਪਰ ਉਸ ਦੇ ਬਾਵਜੂਦ ਸਿੱਧੂ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾ ਰਹੇ ਹਾਂ ਤੁਸੀਂ ਜਰੂਰ ਆਉਣਾ ਹੈ।
ਕੇਂਦਰ ਤੇ ਪੰਜਾਬ ਸਰਕਾਰ ‘ਤੇ ਜੰਮ ਕੇ ਸਾਧੇ ਨਿਸ਼ਾਨੇ
ਸਿੱਧੂ ਦੇ ਪਿਤਾ ਨੇ ਪੰਜਾਬ ਦੀਆਂ ਜੇਲਾਂ ਤੇ ਬੋਲਦੇ ਕਿਹਾ ਕਿ ਜੇਲ੍ਹ ਮੰਤਰੀ ਇੱਕ ਪਾਸੇ ਸਟੇਟਮੈਟ ਦੇ ਰਹੇ ਹਨ ਕਿ 3600ਮੋਬਾਇਲ ਬਰਾਮਦ ਕੀਤਾ ਹੈ ਫਿਰ ਜੇਲਾਂ ਵਿੱਚ ਇਹ ਮੋਬਾਇਲ ਕਿਸ ਤਰ੍ਹਾਂ ਜਾ ਰਹੇ ਹਨ ਇਹ ਪੰਜਾਬ ਸਰਕਾਰ ਦਾ ਫੇਲੀਅਰ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੁਰੱਖਿਆ ਬਲਾ ਦੇ ਹਵਾਲੇ ਦੋ ਜੇਲਾਂ ਕਰਕੇ ਵੇਖ ਲਉ ਇਕ ਵੀ ਮੋਬਾਇਲ ਅੰਦਰ ਨਹੀਂ ਜਾਣ ਦੇਣਾ। ਲਾਰੈਂਸ ਅਤੇ ਜੱਗੂ ਵਰਗੇ ਪ੍ਰੋਟੈਕਸ਼ਨ ਵਾਰੰਟ ਤੇ ਕਹਿੰਦੇ ਹਨ ਕਿ ਸਿੱਧੂ ਦਾ ਕਤਲ ਅਸੀ ਕਰਵਾਇਆ ਹੈ। ਫਿਰ ਜੱਜ ਸਾਹਮਣੇ ਜਾ ਕੇ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਮੋਬਾਇਲ ਹੀ ਨਹੀਂ ਸੀ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਇਨਸਾਫ਼ ਲੈਣ ਦੇ ਲਈ ਜੰਮ ਕੇ ਭੜਾਸ ਕੱਢੀ।