ਅੱਤਵਾਦੀ ਸੁੱਖਾ ਦੇ ਤਿੰਨ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ, ਦੋ ਨਾਜਾਇਜ਼ ਪਿਸਤੌਲ ਤੇ 12 ਕਾਰਤੂਸ ਬਰਾਮਦ
ਰਣਵੀਰ ਅਤੇ ਵਿਸ਼ਾਲ ਨੂੰ ਖਰੜ ਤੋਂ ਅਤੇ ਮੋਨੂੰ ਨੂੰ ਪਾਤੜਾਂ ਤੋਂ ਫੜਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਸੁੱਖਾ ਨੇ ਨਵਾਂਸ਼ਹਿਰ ਵਿੱਚ ਇੱਕ ਵਿਅਕਤੀ ਨੂੰ ਮਾਰਨ ਦੀ ਜ਼ਿੰਮੇਵਾਰੀ ਵਿਸ਼ਾਲ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵਿਸ਼ਾਲ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਅਤੇ ਮੋਨੂੰ ਕੁਮਾਰ ਉਰਫ ਗੁੱਜਰ ਨੂੰ ਸਿੱਧੇ ਸੁੱਖਾ ਧੁੰਨੀਕੇ ਨਾਲ ਮਿਲਵਾਇਆ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਵਿੱਚ ਗ੍ਰਿਫਤਾਰ ਬਦਮਾਸ਼ਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੰਜਾਬ ਨਿਊਜ। ਪੰਜਾਬ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਸਤੰਬਰ ਵਿੱਚ ਕੈਨੇਡਾ ਵਿੱਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਸੁੱਖਾ (Khalistani terrorist Sukha) ਧੁੰਨੀਕੇ ਗੈਂਗ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਰਣਵੀਰ ਅਤੇ ਵਿਸ਼ਾਲ ਨੂੰ ਖਰੜ ਤੋਂ ਅਤੇ ਮੋਨੂੰ ਨੂੰ ਪਾਤੜਾਂ ਤੋਂ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ .32 ਬੋਰ ਦੇ ਦੋ ਨਜਾਇਜ਼ ਪਿਸਤੌਲ ਅਤੇ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੰਘ ਵਾਸੀ ਪਿੰਡ ਬਦਬਾਰ ਜ਼ਿਲ੍ਹਾ ਬਰਨਾਲਾ ਅਤੇ ਮੋਨੂੰ ਕੁਮਾਰ ਉਰਫ਼ ਮੋਨੂੰ ਗੁੱਜਰ ਵਾਸੀ ਪੱਤਣ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਐਸਐਸਓਸੀ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ (Gangster) ਸੁੱਖਾ ਧੁੰਨੀਕੇ ਗੈਂਗ ਦੇ ਸਰਗਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਪਰੋਕਤ ਤਿੰਨੋਂ ਮੁਲਜ਼ਮ ਕਾਰੋਬਾਰੀਆਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਤੋਂ ਪੈਸੇ ਵਸੂਲ ਰਹੇ ਹਨ। ਇਸ ਤੋਂ ਇਲਾਵਾ ਗਰੋਹ ਦੇ ਮੈਂਬਰ ਆਪਣੇ ਹੋਰ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਇਨ੍ਹਾਂ ਵਿੱਚੋਂ ਮੋਨੂੰ ਰਿਮਾਂਡ ਤੇ ਹੈ ਅਤੇ ਬਾਕੀ ਦੋ ਮੁਲਜ਼ਮਾਂ ਦਾ ਰਿਮਾਂਡ ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਵਿਸ਼ਾਲ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ ਅੱਠ ਕਾਰਤੂਸ ਅਤੇ ਮੋਨੂੰ ਕੁਮਾਰ ਉਰਫ਼ ਮੋਨੂੰ ਗੁੱਜਰ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ।
ਵਿਸ਼ਾਲ 2020 ਵਿੱਚ ਸੁੱਖਾ ਦੇ ਸੰਪਰਕ ਵਿੱਚ ਆਇਆ ਸੀ
ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਵਿਸ਼ਾਲ 2020 ਵਿੱਚ ਗੈਂਗਸਟਰ ਸੁੱਖਾ ਧੁੰਨੀਕੇ ਦੇ ਸੰਪਰਕ ਵਿੱਚ ਆਇਆ ਸੀ। ਉਦੋਂ ਤੋਂ ਉਹ ਉਸ ਲਈ ਕੰਮ ਕਰ ਰਿਹਾ ਸੀ। ਸੁੱਖਾ ਧੁੰਨੀਕੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀ, ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਗਿਰੋਹ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਸੀ ਅਤੇ ਸੁੱਖਾ ਧੁੰਨੀਕੇ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦੇ ਹੋਏ ਉਸ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਨਾਜਾਇਜ਼ ਹਥਿਆਰਾਂ ਅਤੇ ਗੋਲਾ ਬਾਰੂਦ ਦੀਆਂ ਦੋ ਵੱਡੀਆਂ ਖੇਪਾਂ ਸੁਰੱਖਿਅਤ ਢੰਗ ਨਾਲ ਪੰਜਾਬ ਪਹੁੰਚਾ ਕੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਦੇ ਦਿੱਤੀਆਂ ਸਨ। ਉਹ ਮੁੱਖ ਤੌਰ ‘ਤੇ ਸ੍ਰੀ ਮੁਕਤਸਰ ਸਾਹਿਬ (Sri. Muktsar Sahib) ਖੇਤਰ ਵਿੱਚ ਸਰਗਰਮ ਸੀ। 2021 ਤੋਂ ਹੁਣ ਤੱਕ ਵਿਸ਼ਾਲ ਨੇ ਗੈਂਗ ਦੇ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਸੀ।
ਨਵਾਂਸ਼ਹਿਰ ‘ਚ ਇੱਕ ਵਿਅਕਤੀ ਨੂੰ ਮਾਰਨ ਲਈ ਕਿਹਾ ਗਿਆ ਸੀ
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸਤੰਬਰ 2023 ਵਿੱਚ ਸੁੱਖਾ ਨੇ ਨਵਾਂਸ਼ਹਿਰ ਵਿੱਚ ਇੱਕ ਵਿਅਕਤੀ ਨੂੰ ਮਾਰਨ ਦੀ ਜ਼ਿੰਮੇਵਾਰੀ ਵਿਸ਼ਾਲ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵਿਸ਼ਾਲ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਅਤੇ ਮੋਨੂੰ ਕੁਮਾਰ ਉਰਫ਼ ਗੁੱਜਰ ਨੂੰ ਸਿੱਧੇ ਸੁੱਖਾ ਧੁੰਨੀਕੇ ਨਾਲ ਮਿਲਵਾਇਆ ਅਤੇ ਉਸ ਨੇ ਉਨ੍ਹਾਂ ਨੂੰ ਯੋਜਨਾ ਵਿੱਚ ਸ਼ਾਮਲ ਕਰ ਲਿਆ। ਤਿੰਨੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਵਿਸ਼ਾਲ ਅਤੇ ਰਣਵੀਰ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ, ਜਦੋਂ ਕਿ ਮੋਨੂੰ ਕੁਮਾਰ ਉਰਫ ਗੁੱਜਰ ਯੂਏ (ਪੀ) ਐਕਟ ਦੇ ਤਹਿਤ ਕੇਸ ਵਿੱਚ ਘੋਸ਼ਿਤ ਅਪਰਾਧੀ ਹੈ ਅਤੇ ਉਸਦੇ ਖਿਲਾਫ ਕਤਲ, ਅਗਵਾ, ਡਕੈਤੀ ਦੇ ਵੀ ਮਾਮਲੇ ਦਰਜ ਹਨ। SSOC ਗਿਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਦੀ ਭਾਲ ਵਿੱਚ ਹੈ।