ਤਰਨਤਾਰਨ: ਗੈਂਗਸਟਰਾਂ ਦੇ ਸ਼ੂਟਰ ਹੋਣ ਦੇ ਸ਼ੱਕ ‘ਚ ਕਾਰ ਸਵਾਰਾਂ ‘ਤੇ ਚਲਾਈਆਂ ਗੋਲੀਆਂ, 1 ਮੌਤ-2 ਜ਼ਖ਼ਮੀ
ਜ਼ਖ਼ਮੀਆਂ ਦੀ ਪਛਾਣ ਗੁਰਸੇਵਕ ਸਿੰਘ, ਹਰਕੀਰਤ ਸਿੰਘ ਤੇ ਸਾਜਨ ਸਿੰਘ ਵਜੋਂ ਹੋਈ ਹੈ। ਗੁਰਸੇਵਕ ਸਿੰਘ, ਜੋ ਪਿੰਡ ਆਸਲ ਦਾ ਰਹਿਣ ਵਾਲਾ ਸੀ, ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ, ਹਰਕੀਰਤ ਸਿੰਘ ਤੇ ਸਾਜਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਤਰਨਤਾਰਨ ਦੇ ਖੇਮਕਰਨ ਇਲਾਕੇ ‘ਚ ਬੁੱਧਵਾਰ ਨੂੰ ਦਿਨ-ਦਿਹਾੜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਵਾਪਰੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ।
ਕਾਰ ਸਵਾਰਾਂ ‘ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਜਾਣਕਾਰੀ ਮੁਤਾਬਕ, ਇੱਕ ਥਾਰ ਗੱਡੀ ‘ਚ ਸਵਾਰ ਵਿਅਕਤੀਆਂ ਨੇ ਦੂਜੀ ਕਾਰ ‘ਚ ਬੈਠੇ ਤਿੰਨ ਵਿਅਕਤੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਤਿੰਨੋਂ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਜ਼ਖ਼ਮੀਆਂ ਦੀ ਪਛਾਣ ਗੁਰਸੇਵਕ ਸਿੰਘ, ਹਰਕੀਰਤ ਸਿੰਘ ਤੇ ਸਾਜਨ ਸਿੰਘ ਵਜੋਂ ਹੋਈ ਹੈ। ਗੁਰਸੇਵਕ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ, ਹਰਕੀਰਤ ਸਿੰਘ ਤੇ ਸਾਜਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ
ਮਨਜੀਤ ਸਿੰਘ ਕੱਟਾ ਦਾ ਨਾਮ ਆਇਆ ਸਾਹਮਣੇ
ਮੁੱਢਲੀ ਜਾਂਚ ਦੌਰਾਨ ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਉਹ ਇਲਾਕੇ ‘ਚ ਆੜ੍ਹਤੀ ਤੇ ਟਰਾਂਸਪੋਰਟਰ ਵਜੋਂ ਕੰਮ ਕਰਦਾ ਹੈ। ਘਟਨਾ ਸਮੇਂ ਉਸ ਦਾ ਭਰਾ ਸੰਦੀਪ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੱਟਾ ਆਪਣੇ ਭਰਾ ਨਾਲ ਕਿਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੱਛੇ ਆ ਰਹੀ ਕਾਰ ‘ਚ ਗੈਂਗਸਟਰਾਂ ਦੇ ਸ਼ੂਟਰ ਹੋਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਕਥਿਤ ਤੌਰ ‘ਤੇ ਉਸ ਨੇ ਫਾਇਰਿੰਗ ਕਰ ਦਿੱਤੀ।
ਧਮਕੀਆਂ ਮਿਲਣ ਦਾ ਕੀਤਾ ਸੀ ਦਾਅਵਾ
ਮਨਜੀਤ ਸਿੰਘ ਕੱਟਾ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਰਿਪੋਰਟਾਂ ਮੁਤਾਬਕ, ਇਸ ਕਾਰਨ ਉਸ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਨੇ ਨਿੱਜੀ ਬਾਊਂਸਰ ਵੀ ਰੱਖੇ ਹੋਏ ਸਨ। ਹਾਲਾਂਕਿ, ਧਮਕੀਆਂ ਮਿਲਣ ਦਾ ਦਾਅਵਾ ਮੁਲਜ਼ਮ ਦਾ ਆਪਣਾ ਪੱਖ ਹੈ। ਪੁਲਿਸ ਵੱਲੋਂ ਹਾਲੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀਬਾਰੀ ਪਿੱਛੇ ਅਸਲ ਕਾਰਨ ਕੀ ਸੀ ਤੇ ਕੀ ਇਸ ਦਾ ਸਬੰਧ ਕਿਸੇ ਪੁਰਾਣੀ ਰੰਜਿਸ਼, ਨਿੱਜੀ ਵਿਵਾਦ ਜਾਂ ਕਿਸੇ ਹੋਰ ਮਾਮਲੇ ਨਾਲ ਹੈ।
ਕੈਮਰੇ ‘ਚ ਕੈਦ ਹੋਈ ਘਟਨਾ
ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਇਸ ਮਾਮਲੇ ਨੂੰ ਸਿਰਫ਼ ਗੈਂਗਸਟਰਾਂ ਵੱਲੋਂ ਮਿਲੀਆਂ ਧਮਕੀਆਂ ਨਾਲ ਜੋੜ ਕੇ ਨਹੀਂ ਦੇਖ ਰਹੀ ਹੈ। ਜਾਂਚ ਦੌਰਾਨ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਵਿਵਾਦ ਦਾ ਪਹਿਲੂ ਵੀ ਸਾਹਮਣੇ ਆਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਆਪਸੀ ਵਿਵਾਦ ਕਾਰਨ ਤਾਂ ਗੋਲੀਬਾਰੀ ਨਹੀਂ ਕੀਤੀ ਗਈ ਤੇ ਬਾਅਦ ‘ਚ ਇਸ ਘਟਨਾ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਨਾਲ ਜੋੜਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ।
ਪੁਲਿਸ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤੇਜ਼ਧਾਰ ਹਥਿਆਰਾਂ ਨਾਲ ਮਾਰਕੁੱਟ ਹੋਈ ਸੀ। ਅਜਿਹੇ ‘ਚ ਪੁਲਿਸ ਗੈਂਗਸਟਰਾਂ ਦੀਆਂ ਧਮਕੀਆਂ ਤੇ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਵਿਵਾਦ, ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
