ਤਰਨਤਾਰਨ ‘ਚ ਸਿਹਤ ਵਿਭਾਗ ਤੇ ਪੁਲਿਸ ਦਾ ਵੱਡਾ ਐਕਸ਼ਨ, ਹਰੀਕੇ ਤੇ ਘਰਿਆਲਾ ਦੇ ਮੈਡੀਕਲ ਸਟੋਰਾਂ ‘ਤੇ ਅਚਨਚੇਤ ਛਾਪੇਮਾਰੀ

Published: 

25 Oct 2026 16:15 PM IST

ਤਰਨਤਾਰਨ ਅਧੀਨ ਪੈਂਦੇ ਕਸਬਾ ਹਰੀਕੇ ਪੱਤਣ ਅਤੇ ਘਰਿਆਲਾ ਵਿਖੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਟੀਮ ਨੇ ਇਲਾਕੇ ਦੇ 3 ਵੱਖ-ਵੱਖ ਮੈਡੀਕਲ ਸਟੋਰਾਂ 'ਤੇ ਅਚਨਚੇਤ ਛਾਪੇਮਾਰੀ ਕਰਕੇ ਉੱਥੇ ਮੌਜੂਦ ਦਵਾਈਆਂ ਦੇ ਸਟਾਕ ਅਤੇ ਰਿਕਾਰਡ ਦੀ ਬਾਰੀਕੀ ਨਾਲ ਪੜਤਾਲ ਕੀਤੀ।

ਤਰਨਤਾਰਨ ਚ ਸਿਹਤ ਵਿਭਾਗ ਤੇ ਪੁਲਿਸ ਦਾ ਵੱਡਾ ਐਕਸ਼ਨ, ਹਰੀਕੇ ਤੇ ਘਰਿਆਲਾ ਦੇ ਮੈਡੀਕਲ ਸਟੋਰਾਂ ਤੇ ਅਚਨਚੇਤ ਛਾਪੇਮਾਰੀ

ਸੰਕੇਤਕ ਤਸਵੀਰ

ਤਰਨਤਾਰਨ ਅਧੀਨ ਪੈਂਦੇ ਕਸਬਾ ਹਰੀਕੇ ਪੱਤਣ ਅਤੇ ਘਰਿਆਲਾ ਵਿਖੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਟੀਮ ਨੇ ਇਲਾਕੇ ਦੇ 3 ਵੱਖ-ਵੱਖ ਮੈਡੀਕਲ ਸਟੋਰਾਂ ‘ਤੇ ਅਚਨਚੇਤ ਛਾਪੇਮਾਰੀ ਕਰਕੇ ਉੱਥੇ ਮੌਜੂਦ ਦਵਾਈਆਂ ਦੇ ਸਟਾਕ ਅਤੇ ਰਿਕਾਰਡ ਦੀ ਬਾਰੀਕੀ ਨਾਲ ਪੜਤਾਲ ਕੀਤੀ। ਰਾਹਤ ਦੀ ਗੱਲ ਇਹ ਰਹੀ ਕਿ ਜਾਂਚ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਪਾਬੰਦੀਸ਼ੁਦਾ ਜਾਂ ਇਤਰਾਜ਼ਯੋਗ ਨਸ਼ੀਲੀ ਦਵਾਈ ਬਰਾਮਦ ਨਹੀਂ ਹੋਈ। ਟੀਮ ਨੇ ਦੁਕਾਨਦਾਰਾਂ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।

ਇਸ ਸਾਂਝੀ ਜਾਂਚ ਮੁਹਿੰਮ ਦੀ ਅਗਵਾਈ ਡਰੱਗ ਕੰਟਰੋਲ ਅਫ਼ਸਰ ਹਰਪ੍ਰੀਤ ਸਿੰਘ ਅਤੇ ਥਾਣਾ ਹਰੀਕੇ ਪੱਤਣ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ। ਅਧਿਕਾਰੀਆਂ ਨੇ ਮੈਡੀਕਲ ਸਟੋਰਾਂ ਵਿੱਚ ਉਪਲਬਧ ਦਵਾਈਆਂ ਦੇ ਬੈਚ ਨੰਬਰ, ਖ਼ਰੀਦ-ਵੇਚ ਦੇ ਬਿੱਲ ਅਤੇ ਵਿਕਰੀ ਨਾਲ ਸਬੰਧਤ ਸਰਕਾਰੀ ਰਜਿਸਟਰਾਂ ਦਾ ਨਿਰੀਖਣ ਕੀਤਾ। ਸਿਹਤ ਵਿਭਾਗ ਅਨੁਸਾਰ ਇਸ ਮੁਹਿੰਮ ਦਾ ਮੁੱਖ ਮੰਤਵ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣਾ ਅਤੇ ਕੈਮਿਸਟਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਲਈ ਪਾਬੰਦ ਕਰਨਾ ਹੈ।

ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ‘ਤੇ ਪੂਰਨ ਰੋਕ

ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਰੱਗ ਕੰਟਰੋਲ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਸੰਚਾਲਕਾਂ ਨੂੰ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਦਾ ਮੁਕੰਮਲ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਰਜਿਸਟਰਡ ਡਾਕਟਰ ਦੀ ਲਿਖਤੀ ਪਰਚੀ ਤੋਂ ਬਿਨਾਂ ਆਦਤ ਬਣਾਉਣ ਵਾਲੀਆਂ ਜਾਂ ਸ਼ਡਿਊਲਡ ਸ਼੍ਰੇਣੀ ਦੀਆਂ ਪਾਬੰਦੀਸ਼ੁਦਾ ਦਵਾਈਆਂ ਨਾ ਵੇਚੀਆਂ ਜਾਣ। ਉਨ੍ਹਾਂ ਕਿਹਾ ਕਿ ਕੈਮਿਸਟਾਂ ਨੂੰ ਡਰੱਗਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਅਣਜਾਣੇ ਵਿੱਚ ਕਾਨੂੰਨ ਦੀ ਉਲੰਘਣਾ ਨਾ ਕਰੇ।

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਡਰੱਗ ਕੰਟਰੋਲ ਅਫ਼ਸਰ ਨੇ ਤਾੜਨਾ ਕਰਦਿਆਂ ਕਿਹਾ ਕਿ ਦਵਾਈਆਂ ਦੀ ਕਾਲਾਬਾਜ਼ਾਰੀ ਅਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਸਪਲਾਈ ਨੂੰ ਰੋਕਣ ਲਈ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਮੈਡੀਕਲ ਸਟੋਰ ‘ਤੇ ਕੋਈ ਬੇਨਿਯਮੀ, ਬਿਨਾਂ ਬਿੱਲ ਤੋਂ ਸਟਾਕ ਜਾਂ ਪਾਬੰਦੀਸ਼ੁਦਾ ਦਵਾਈਆਂ ਪਾਈਆਂ ਗਈਆਂ ਤਾਂ ਦੋਸ਼ੀ ਸੰਚਾਲਕਾਂ ਵਿਰੁੱਧ ਕਾਨੂੰਨ ਅਨੁਸਾਰ ਲਾਇਸੈਂਸ ਰੱਦ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਸਿਹਤ ਵਿਭਾਗ ਵੱਲੋਂ ਸਮੂਹ ਕੈਮਿਸਟ ਐਸੋਸੀਏਸ਼ਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ।

Loading...
Unable to load recommendations.
Follow Us