ਲੁਧਿਆਣਾ ‘ਚ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ, ਪੀੜਤਾ ਬੋਲੀ- ਪਤੀ ਨੇ ਖ਼ੁਦ ਨੂੰ ਜੱਟ ਸਿੱਖ ਦੱਸ ਕੇ ਕਰਵਾਇਆ ਵਿਆਹ
ਲੜਕੀ ਦਾ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਛੱਤ 'ਤੇ ਬਣੇ ਸਵਿਮਿੰਗ ਪੂਲ 'ਚ ਡੁਬਕੀ ਲਗਵਾ ਕੇ ਧਰਮ ਪਰਿਵਰਤਨ ਕਰਵਾਇਆ। ਇਸ ਤੋਂ ਇਲਾਵਾ, ਜਦੋਂ ਉਹ ਆਪਣੇ ਪਤੀ ਨਾਲ ਕਮਰੇ 'ਚ ਗਈ ਤਾਂ ਪਤੀ ਦੀ ਛਾਤੀ 'ਤੇ 'ਨੰਨੂ' ਨਾਂ ਦਾ ਟੈਟੂ ਦੇਖਿਆ। ਬਾਅਦ 'ਚ ਉਸ ਨੂੰ ਪਤਾ ਲੱਗਿਆ ਕਿ ਇਹ ਨਾਂ ਉਸ ਦੇ ਪਤੀ ਦੀ ਪਹਿਲੀ ਪ੍ਰੇਮਿਕਾ ਦਾ ਹੈ।
ਲੁਧਿਆਣਾ ‘ਚ ਇੱਕ ਲੜਕੀ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ‘ਤੇ ਧੋਖੇ ਨਾਲ ਵਿਆਹ ਕਰਵਾਉਣ, ਧਰਮ ਪਰਿਵਰਤਨ ਲਈ ਦਬਾਅ ਪਾਉਣ, ਦਾਜ ਦੀ ਮੰਗ ਕਰਨ ਤੇ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤਾ ਮੁਤਾਬਕ, ਉਸ ਦੇ ਪਤੀ ਨੇ ਆਪਣਾ ਧਰਮ ਲੁਕਾ ਕੇ ਉਸ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਜਦੋਂ ਉਹ ਸਹੁਰੇ ਘਰ ਪਹੁੰਚੀ ਤਾਂ ਸਹੁਰੇ ਨੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪਹਿਲਾਂ ਉਸ ਨੂੰ ਇਸਾਈ ਧਰਮ ਅਪਣਾਉਣਾ ਪਵੇਗਾ।
ਲੜਕੀ ਦਾ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਛੱਤ ‘ਤੇ ਬਣੇ ਸਵਿਮਿੰਗ ਪੂਲ ‘ਚ ਡੁਬਕੀ ਲਗਵਾ ਕੇ ਧਰਮ ਪਰਿਵਰਤਨ ਕਰਵਾਇਆ। ਇਸ ਤੋਂ ਇਲਾਵਾ, ਜਦੋਂ ਉਹ ਆਪਣੇ ਪਤੀ ਨਾਲ ਕਮਰੇ ‘ਚ ਗਈ ਤਾਂ ਪਤੀ ਦੀ ਛਾਤੀ ‘ਤੇ ‘ਨੰਨੂ’ ਨਾਂ ਦਾ ਟੈਟੂ ਦੇਖਿਆ। ਬਾਅਦ ‘ਚ ਉਸ ਨੂੰ ਪਤਾ ਲੱਗਿਆ ਕਿ ਇਹ ਨਾਂ ਉਸ ਦੇ ਪਤੀ ਦੀ ਪਹਿਲੀ ਪ੍ਰੇਮਿਕਾ ਦਾ ਹੈ। ਪੀੜਤਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਈਕ ਰਾਈਡਿੰਗ ਦੌਰਾਨ ਹੋਈ ਸੀ ਮੁਲਾਕਾਤ
ਪੀੜਤਾ ਲੜਕੀ ਤੇ ਕਰਨਵੀਰ ਦੋਵੇਂ ਬਾਈਕਰ ਹਨ ਤੇ ਉਨ੍ਹਾਂ ਕੋਲ ਆਪਣੀਆਂ-ਆਪਣੀਆਂ ਮੋਟਰਸਾਈਕਲਾਂ ਸਨ। ਬਾਈਕ ਰਾਈਡਿੰਗ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਤੇ ਹੌਲੀ-ਹੌਲੀ ਉਨ੍ਹਾਂ ਦੀ ਜਾਣ-ਪਛਾਣ ਵਧ ਗਈ। ਇਸੇ ਦੌਰਾਨ ਕਰਨਵੀਰ ਲੜਕੀ ਨੂੰ ਪਸੰਦ ਕਰਨ ਲੱਗਾ। ਲਰਕੀ ਇੱਕ ਐਪਲ ਸਟੋਰ ‘ਚ ਕੰਮ ਕਰਦੀ ਹੈ। ਜਦੋਂ ਕਰਨਵੀਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਵੱਖ-ਵੱਖ ਕੰਮਾਂ ਦੇ ਬਹਾਨੇ ਸਟੋਰ ‘ਤੇ ਆਉਣ ਲੱਗਾ। ਇਸੇ ਦੌਰਾਨ ਉਸ ਨੇ ਲੜਕੀ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਦੋਵਾਂ ਵਿਚਕਾਰ ਰਿਸ਼ਤਾ ਬਣ ਗਿਆ।
ਆਪਣੇ ਆਪ ਨੂੰ ਜੱਟ ਸਿੱਖ ਦੱਸਣ ਦਾ ਇਲਜ਼ਾਮ
ਲੜਕੀ ਦੇ ਪਿਤਾ ਵਿਪਨ ਕੁਮਾਰ ਵਰਮਾ ਨੇ ਦੱਸਿਆ ਕਿ ਕਰਨਵੀਰ ਨੇ ਉਨ੍ਹਾਂ ਦੀ ਧੀ ਨੂੰ ਆਪਣਾ ਪੂਰਾ ਨਾਂ ਕਰਨਵੀਰ ਸਿੰਘ ਸਿੱਧੂ ਦੱਸਿਆ ਸੀ ਤੇ ਆਪਣੇ ਆਪ ਨੂੰ ਜੱਟ ਸਿੱਖ ਦੱਸਿਆ ਸੀ। ਉਨ੍ਹਾਂ ਦੀ ਧੀ ਨੇ ਉਸ ਦੀ ਗੱਲ ‘ਤੇ ਭਰੋਸਾ ਕਰ ਲਿਆ। ਵਿਪਨ ਕੁਮਾਰ ਮੁਤਾਬਕ, ਉਨ੍ਹਾਂ ਦੀ ਪਤਨੀ ਦੇ ਜਨਮਦਿਨ ਮੌਕੇ ਲੜਕੀ ਨੇ ਕਰਨਵੀਰ ਨੂੰ ਘਰ ਬੁਲਾ ਕੇ ਆਪਣੀ ਮਾਂ ਨਾਲ ਮਿਲਵਾਇਆ। ਇਸੇ ਦੌਰਾਨ ਵਿਆਹ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਪਰਿਵਾਰ ਨੇ ਆਪਣੀ ਧੀ ਦੇ ਕਹਿਣ ‘ਤੇ ਕਰਨਵੀਰ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਵੀ ਦੱਸਿਆ ਕਿ ਉਹ ਕਰਨਵੀਰ ਨੂੰ ਜਾਣਦਾ ਹੈ ਤੇ ਦੋਵਾਂ ਦਾ ਰਿਸ਼ਤਾ ਤੈਅ ਹੋ ਗਿਆ।
2 ਸਤੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਵਿਆਹ
ਪੀੜਤਾ ਦੇ ਪਿਤਾ ਨੇ ਦੱਸਿਆ ਕਿ 2 ਸਤੰਬਰ 2026 ਨੂੰ ਲੁਧਿਆਣਾ ਦੇ ਸੰਤ ਵਿਹਾਰ ਸਥਿਤ ਸ਼ਨੀ ਸ਼ਿਵ ਮੰਦਰ ‘ਚ ਹਿੰਦੂ ਰੀਤੀ-ਰਿਵਾਜਾਂ ਤੇ ਧਾਰਮਿਕ ਮਾਨਤਾਵਾਂ ਅਨੁਸਾਰ ਦੋਵਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਮੁਤਾਬਕ, ਵਿਆਹ ਦੌਰਾਨ ਕਰਨਵੀਰ ਨੇ ਸਾਰੇ ਹਿੰਦੂ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ, ਜਦਕਿ ਉਸ ਦਾ ਵੱਡਾ ਭਰਾ ਇਨ੍ਹਾਂ ਰਸਮਾਂ ਤੋਂ ਦੂਰ ਰਿਹਾ। ਵਿਆਹ ਤੋਂ ਬਾਅਦ ਲੜਕੀ ਤਿੰਨ ਦਿਨ ਆਪਣੇ ਪੇਕੇ ਘਰ ਰਹੀ। ਇਸ ਤੋਂ ਬਾਅਦ 5 ਸਤੰਬਰ ਨੂੰ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਧੀ ਨੂੰ ਵਿਦਾ ਕਰ ਦਿੱਤਾ।
ਇਹ ਵੀ ਪੜ੍ਹੋ
ਸਹੁਰੇ ਘਰ ਪਹੁੰਚਣ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਇਲਜ਼ਾਮ
ਵਿਪਨ ਕੁਮਾਰ ਵਰਮਾ ਨੇ ਦੱਸਿਆ ਕਿ ਜਦੋਂ 5 ਅਕਤੂਬਰ ਨੂੰ ਲੜਕੀ ਆਪਣੇ ਸਹੁਰੇ ਘਰ ਪਹੁੰਚੀ ਤਾਂ ਉੱਥੋਂ ਦਾ ਮਾਹੌਲ ਦੇਖ ਕੇ ਉਹ ਘਬਰਾ ਗਈ। ਘਰ ਦੇ ਹੇਠਲੇ ਹਿੱਸੇ ‘ਚ ਇੱਕ ਵੱਡਾ ਹਾਲ ਬਣਿਆ ਹੋਇਆ ਸੀ, ਜਿਸ ਨੂੰ ਚਰਚ ਦਾ ਰੂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਮੁਲਜ਼ਮ ਪਰਿਵਾਰ ਪਹਿਲਾਂ ਹੀ ਇਸਾਈ ਧਰਮ ਅਪਣਾ ਚੁੱਕਾ ਸੀ। ਉਨ੍ਹਾਂ ਦੇ ਇਲਜ਼ਾਮ ਮੁਤਾਬਕ, ਜਦੋਂ ਲੜਕੀ ਸਹੁਰੇ ਘਰ ਪਹੁੰਚੀ ਤਾਂ ਉਸ ਦੇ ਸਹੁਰੇ ਨੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪਹਿਲਾਂ ਉਸ ਨੂੰ ਇਸਾਈ ਧਰਮ ਅਪਣਾਉਣਾ ਪਵੇਗਾ, ਜਿਸ ਤੋਂ ਬਾਅਦ ਹੀ ਵਿਆਹ ਨੂੰ ਸਵੀਕਾਰ ਕੀਤਾ ਜਾਵੇਗਾ।
ਪੀੜਤਾ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਲੜਕੀ ਨੂੰ ਉਹ ਤੀਜੀ ਮੰਜ਼ਿਲ ‘ਤੇ ਬਣੇ ਸਵਿਮਿੰਗ ਪੂਲ ਕੋਲ ਲਿਜਾਇਆ ਗਿਆ। ਉੱਥੇ ਧਰਮ ਪਰਿਵਰਤਨ ਦੀ ਪ੍ਰਕਿਰਿਆ ਦੇ ਨਾਂ ‘ਤੇ ਉਸ ਨੂੰ ਪਾਣੀ ‘ਚ ਬਿਠਾ ਕੇ ਡੁਬਕੀਆਂ ਲਗਵਾਈਆਂ ਗਈਆਂ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਲੜਕੀ ਦੇ ਸਿਰ, ਪਿੱਠ ਤੇ ਸਰੀਰ ਨੂੰ ਗਲਤ ਨੀਅਤ ਨਾਲ ਛੂਹ ਕੇ ਉਸ ਦੀ ਇੱਜ਼ਤ ਭੰਗ ਕੀਤੀ ਤੇ ਇਸ ਦੀ ਵੀਡੀਓ ਵੀ ਬਣਾਈ। ਇਸ ਤੋਂ ਇਲਾਵਾ, ਹਿੰਦੂ ਦੇਵੀ-ਦੇਵਤਿਆਂ ਬਾਰੇ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ।
ਪੀੜਤਾ ਦੇ ਪਰਿਵਾਰ ਮੁਤਾਬਕ, ਰਾਤ ਨੂੰ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਤੇ ਕਿਹਾ ਗਿਆ ਕਿ ਅਗਲੇ ਦਿਨ ਉਸ ਨੂੰ ਲੈ ਕੇ ਜਾ ਕੇ ਆਪਣੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਜਾਵੇਗਾ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਅਗਲੇ ਦਿਨ ਕਰਨਵੀਰ ਲੜਕੀ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਦਾ ਵਿਆਹ ਕਰਵਾਇਆ।
10 ਲੱਖ ਰੁਪਏ ਦੀ ਮੰਗ ਤੇ ਘਰੋਂ ਕੱਢਣ ਦਾ ਇਲਜ਼ਾਮ
ਲੜਕੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਨੂੰ ਬੇਦਖ਼ਲ ਕਰ ਦਿੱਤਾ ਹੈ ਤੇ ਲੜਕੀ ਨੂੰ ਘਰ ‘ਚ ਸਿਰਫ਼ ਇੱਕ ਕਮਰਾ ਦਿੱਤਾ ਜਾਵੇਗਾ। ਪਰਿਵਾਰ ਮੁਤਾਬਕ, ਅਗਲੇ ਦਿਨ ਉਨ੍ਹਾਂ ਨੇ ਧੀ ਨੂੰ ਲੋੜੀਂਦਾ ਸਾਮਾਨ ਦਿੱਤਾ, ਜਿਸ ਤੋਂ ਬਾਅਦ ਲੜਕੀ ਤੇ ਕਰਨਵੀਰ ਉੱਥੇ ਰਹਿਣ ਲੱਗੇ। ਪਰਿਵਾਰ ਦਾ ਇਲਜ਼ਾਮ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਪਤੀ-ਪਤਨੀ ਵਿਚਕਾਰ ਅਕਸਰ ਝਗੜੇ ਹੋਣ ਲੱਗੇ। ਸਹੁਰੇ ਪਰਿਵਾਰ ਨੇ 10 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ‘ਤੇ ਲੜਕੀ ਨੂੰ ਘਰੋਂ ਕੱਢ ਦਿੱਤਾ।
ਇਸ ਤੋਂ ਬਾਅਦ ਲੜਕੀ ਨੇ ਮਜਬੂਰੀ ‘ਚ ਹੈਬੋਵਾਲ ਦੇ ਜੋਗਿੰਦਰ ਨਗਰ ‘ਚ ਕਿਰਾਏ ‘ਤੇ ਮਕਾਨ ਲਿਆ। ਪੀੜਤਾ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਉੱਥੇ ਵੀ ਕਦੇ-ਕਦਾਈਂ ਆਉਂਦਾ ਸੀ ਤੇ ਉਸ ਨਾਲ ਕੁੱਟਮਾਰ ਕਰਦਾ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ
ਇਸ ਮਾਮਲੇ ਸਬੰਧੀ ਥਾਣਾ ਹੈਬੋਵਾਲ ਦੀ ਪੁਲਿਸ ਨੇ ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਹੈਬੋਵਾਲ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲੜਕੀ ਨਾਲ ਕੁੱਟਮਾਰ ਕਰਨ ਤੇ ਧਰਮ ਪਰਿਵਰਤਨ ਕਰਵਾਉਣ ਸਬੰਧੀ ਸ਼ਿਕਾਇਤ ਮਿਲੀ ਸੀ। ਇਸ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
