ਇੱਕ ਪਾਸੇ ਗੱਠਜੋੜ, ਦੂਜੇ ਪਾਸੇ ਵਿਦੇਸ਼ ਜਾਣ ਦੀ ਇਜਾਜ਼ਤ… ਮਜੀਠੀਆ ਨੂੰ ਲੈ ਕੇ ਪੰਜਾਬ ‘ਚ ਕਾਂਗਰਸ ਤੇ AAP ਨੇ ਘੇਰੀ BJP
ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋਣ ਕਾਰਨ ਹੀ ਮਜੀਠੀਆ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲੀ ਹੈ। ਹਾਲਾਂਕਿ, ਅਕਾਲੀ ਦਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਵਿਦੇਸ਼ ਜਾਣ ਦੀ ਇਜਾਜ਼ਤ ਅਦਾਲਤ ਵੱਲੋਂ ਦਿੱਤੀ ਗਈ ਹੈ ਤੇ ਇਸ ਨੂੰ ਸਿਆਸੀ ਗੱਠਜੋੜ ਨਾਲ ਜੋੜਨਾ ਗਲਤ ਹੈ।
ਕਰੀਬ 6 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁੜ ਇਕੱਠੇ ਆ ਗਏ ਹਨ। ਦੋਵਾਂ ਪਾਰਟੀਆਂ ਵੱਲੋਂ ਗੱਠਜੋੜ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਸੂਬੇ ਦੀ ਸਿਆਸਤ ‘ਚ ਨਵੀਂ ਚਰਚਾ ਛਿੜ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ‘ਤੇ ਸਵਾਲ ਖੜ੍ਹੇ ਕੀਤੇ ਹਨ।
ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋਣ ਕਾਰਨ ਹੀ ਮਜੀਠੀਆ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲੀ ਹੈ। ਹਾਲਾਂਕਿ, ਅਕਾਲੀ ਦਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਵਿਦੇਸ਼ ਜਾਣ ਦੀ ਇਜਾਜ਼ਤ ਅਦਾਲਤ ਵੱਲੋਂ ਦਿੱਤੀ ਗਈ ਹੈ ਤੇ ਇਸ ਨੂੰ ਸਿਆਸੀ ਗੱਠਜੋੜ ਨਾਲ ਜੋੜਨਾ ਗਲਤ ਹੈ।
ਗੱਠਜੋੜ ਤੋਂ ਪਹਿਲਾਂ ਮਜੀਠੀਆ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ
24 ਨਵੰਬਰ 2026 ਨੂੰ ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਆਗੂ ਅਮਿਤ ਸ਼ਾਹ ਤੇ ਨਿਤਿਨ ਨਬੀਨ ਨੇ ਗੱਠਜੋੜ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਇਸੇ ਦੌਰਾਨ ਗੱਠਜੋੜ ਦੇ ਐਲਾਨ ਤੋਂ ਕਰੀਬ 24 ਘੰਟੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਪਰਿਵਾਰ ਸਮੇਤ ਵਿਦੇਸ਼ ਜਾਣ ਦੀ ਸ਼ਰਤਾਂ ਸਹਿਤ ਇਜਾਜ਼ਤ ਦਿੱਤੀ ਗਈ। ਮਜੀਠੀਆ 18 ਦਸੰਬਰ 2026 ਤੋਂ 6 ਜਨਵਰੀ 2027 ਤੱਕ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਦੇਸ਼ ਜਾ ਸਕਣਗੇ।
ਆਮਦਨ ਤੋਂ ਵੱਧ ਜਾਇਦਾਦ ਤੇ ਡਰੱਗ ਮਨੀ ਨਾਲ ਜੁੜੇ ਮਾਮਲੇ ‘ਚ ਜ਼ਮਾਨਤ ‘ਤੇ ਚੱਲ ਰਹੇ ਮਜੀਠੀਆ ਨੂੰ 30 ਲੱਖ ਰੁਪਏ ਦੀ ਬੈਂਕ ਗਾਰੰਟੀ ਤੇ ਇੰਨੀ ਹੀ ਰਕਮ ਦਾ ਬਾਂਡ ਜਮ੍ਹਾਂ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਦੇਸ਼ ‘ਚ ਰਹਿਣ ਦਾ ਪੂਰਾ ਪਤਾ ਤੇ ਯਾਤਰਾ ਨਾਲ ਜੁੜੀ ਜਾਣਕਾਰੀ ਵੀ ਦੇਣੀ ਹੋਵੇਗੀ।
ਮਜੀਠੀਆ ਖ਼ਿਲਾਫ਼ 40 ਹਜ਼ਾਰ ਪੰਨਿਆਂ ਤੋਂ ਵੱਧ ਦੀ ਚਾਰਜਸ਼ੀਟ
ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 40 ਹਜ਼ਾਰ ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਅਦਾਲਤ ‘ਚ ਦਾਖ਼ਲ ਕੀਤੀ ਗਈ ਹੈ। ਮਾਮਲੇ ਦੀ ਸਮਾਂ-ਰੇਖਾ ਮੁਤਾਬਕ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕਰਕੇ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਗਈ। 26 ਅਗਸਤ 2025 ਨੂੰ ਵਿਜੀਲੈਂਸ ਨੇ ਮਾਮਲੇ ‘ਚ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ। ਇਸ ਤੋਂ ਬਾਅਦ 2 ਫਰਵਰੀ 2026 ਨੂੰ ਕਰੀਬ ਸੱਤ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ।
ਇਹ ਵੀ ਪੜ੍ਹੋ
28 ਅਕਤੂਬਰ 2026 ਨੂੰ ਵਿਜੀਲੈਂਸ ਨੇ ਜਾਂਚ ਪੂਰੀ ਕਰਕੇ ਲਗਭਗ 40 ਹਜ਼ਾਰ ਪੰਨਿਆਂ ਦੀ ਵਿਸਤ੍ਰਿਤ ਸਪਲੀਮੈਂਟਰੀ ਚਾਰਜਸ਼ੀਟ ਅਦਾਲਤ ‘ਚ ਜਮ੍ਹਾਂ ਕਰਵਾਈ। ਇਸ ਮਾਮਲੇ ‘ਚ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਵੀ ਜਾਂਚ ਅੱਗੇ ਵਧਾਉਣ ਲਈ ਲਿਖਿਆ ਗਿਆ ਸੀ।
ਗੱਠਜੋੜ ਦੇ ਫਾਇਦੇ ਨਾਲ ਮਿਲੀ ਰਾਹਤ ਜਾਂ ਸਿਆਸੀ ਬਚਾਅ ਦੀ ਕੋਸ਼ਿਸ਼? ‘ਆਪ’ ਨੇ ਚੁੱਕੇ ਸਵਾਲ
ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਭਾਜਪਾ ਤੇ ਅਕਾਲੀ ਦਲ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਤੇ ਮਨੀ ਲਾਂਡਰਿੰਗ ਨਾਲ ਸਬੰਧਤ ਕਈ ਸਬੂਤ ਹਨ ਤੇ ਇਸ ਸਬੰਧੀ ਚਾਰਜਸ਼ੀਟ ਵੀ ਅਦਾਲਤ ਵਿੱਚ ਦਾਖ਼ਲ ਕੀਤੀ ਜਾ ਚੁੱਕੀ ਹੈ।
ਪੰਨੂ ਨੇ ਸਵਾਲ ਕੀਤਾ ਕਿ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਜਾਂਚ ਲਈ ਲਿਖੇ ਜਾਣ ਦੇ ਬਾਵਜੂਦ ਕੇਂਦਰੀ ਏਜੰਸੀ ਨੇ ਮਜੀਠੀਆ ਦੇ ਮਾਮਲੇ ‘ਚ ਹੁਣ ਤੱਕ ਕੋਈ ਜਾਂਚ ਕਿਉਂ ਸ਼ੁਰੂ ਨਹੀਂ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਈਡੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਜਾਂਚ ਕਰ ਰਹੀ ਹੈ, ਜਦਕਿ ਮਜੀਠੀਆ ਦੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਹੁਣ ਇਹ ਗੱਠਜੋੜ ਦਾ ਫਾਇਦਾ ਹੈ ਜਾਂ ਨਹੀਂ, ਪਰ ਮਜੀਠੀਆ ਨੂੰ ਅਦਾਲਤ ਤੋਂ ਵੀ ਵੱਡੀ ਰਾਹਤ ਮਿਲੀ ਹੈ। ਪੰਨੂ ਮੁਤਾਬਕ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੂੰ ਪਤਾ ਹੈ ਕਿ ਉਨ੍ਹਾਂ ਖ਼ਿਲਾਫ਼ ਪੰਜਾਬ ‘ਚ ਕਈ ਮਾਮਲੇ ਚੱਲ ਰਹੇ ਹਨ, ਜਿਸ ਕਾਰਨ ਉਹ ਭਾਜਪਾ ਨਾਲ ਮਿਲ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਕਾਲੀ-ਭਾਜਪਾ ਗੱਠਜੋੜ ਹੀ ਪੰਜਾਬ ‘ਚ ਚਿੱਟਾ ਲੈ ਕੇ ਆਇਆ: ਰਾਜਾ ਵੜਿੰਗ
ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਗੱਠਜੋੜ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ‘ਚ ਸਿੰਥੈਟਿਕ ਨਸ਼ਾ ਤੇ ਚਿੱਟਾ ਲਿਆਉਣ ਲਈ ਅਕਾਲੀ-ਭਾਜਪਾ ਗੱਠਜੋੜ ਜ਼ਿੰਮੇਵਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਕਿਉਂ ਹੋ ਰਹੀਆਂ ਹਨ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਇਸ ਗੱਠਜੋੜ ਦੀ ਅਸਲੀਅਤ ਤੋਂ ਜਾਣੂ ਹਨ ਤੇ ਇਸ ਦੇ ਸਿਆਸੀ ਦਾਅਵਿਆਂ ਦੇ ਝਾਂਸੇ ‘ਚ ਨਹੀਂ ਆਉਣਗੇ।
ਅਕਾਲੀ ਦਲ ਨੇ ਇਲਜ਼ਾਮਾਂ ਨੂੰ ਦੱਸਿਆ ਬੇਤੁਕਾ
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ ਤੇ ਗੱਠਜੋੜ ਦੇ ਐਲਾਨ ਵਿਚਾਲੇ ਸਬੰਧ ਜੋੜਨ ਵਾਲੇ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਅਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਦੇਸ਼ ‘ਚ ਸੰਵਿਧਾਨ ਅਤੇ ਕਾਨੂੰਨ ਵਿਵਸਥਾ ਹੈ। ਬਿਕਰਮ ਸਿੰਘ ਮਜੀਠੀਆ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਅਦਾਲਤ ਨੇ ਦਿੱਤੀ ਹੈ। ਇਸ ਨੂੰ ਕੇਂਦਰ ਸਰਕਾਰ ਜਾਂ ਸਿਆਸੀ ਗੱਠਜੋੜ ਨਾਲ ਜੋੜ ਕੇ ਦੇਖਣਾ ਹਾਸੋਹੀਣਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਈਡੀ ਪਹਿਲਾਂ ਵੀ ਮਜੀਠੀਆ ਖ਼ਿਲਾਫ਼ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਚੁੱਕੀ ਹੈ, ਪਰ ਉਸ ਨੂੰ ਕੁਝ ਹਾਸਲ ਨਹੀਂ ਹੋਇਆ। ਉਨ੍ਹਾਂ ਮੁਤਾਬਕ ਪੰਜਾਬ ਵਿਜੀਲੈਂਸ ਦੀ ਕਹਾਣੀ ਬੇਬੁਨਿਆਦ ਹੋਣ ਕਾਰਨ ਈਡੀ ਇਸ ਮਾਮਲੇ ‘ਚ ਅੱਗੇ ਕਾਰਵਾਈ ਨਹੀਂ ਕਰ ਰਹੀ। ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੱਠਜੋੜ ਦੇ ਐਲਾਨ ਤੋਂ ਘਬਰਾਈ ਹੋਈ ਹੈ ਤੇ ਇਸੇ ਕਾਰਨ ਅਜਿਹੇ ਬਿਆਨ ਦੇ ਰਹੀ ਹੈ।
ਮਜੀਠੀਆ ਨਾਲ ਮੰਚ ਸਾਂਝਾ ਕਰਨ ਬਾਰੇ ਭਾਜਪਾ ਨੇ ਕੀ ਕਿਹਾ?
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਤੋਂ ਇਹ ਸਵਾਲ ਕਰ ਰਹੀਆਂ ਹਨ ਕਿ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਤੇ ਡਰੱਗ ਮਨੀ ਰਾਹੀਂ ਜਾਇਦਾਦ ਬਣਾਉਣ ਵਰਗੇ ਦੋਸ਼ਾਂ ਦੇ ਬਾਵਜੂਦ ਭਾਜਪਾ ਉਨ੍ਹਾਂ ਨਾਲ ਸਿਆਸੀ ਮੰਚ ਕਿਵੇਂ ਸਾਂਝਾ ਕਰੇਗੀ। ਇਸ ਸਬੰਧੀ ਪੰਜਾਬ ਭਾਜਪਾ ਦੇ ਸੂਬਾ ਇੰਚਾਰਜ ਸਤੀਸ਼ ਪੂਨੀਆ ਨੇ TV9 ਭਾਰਤਵਰਸ਼ ਦੇ ਪੰਜਾਬ ਸੱਤਾ ਸੰਮੇਲਨ ‘ਚ ਕਿਹਾ ਸੀ ਕਿ ਜਦੋਂ ਗੱਠਜੋੜ ਤੇ ਇਸ ਤਰ੍ਹਾਂ ਦੀ ਸਥਿਤੀ ਬਣੇਗੀ, ਉਦੋਂ ਇਸ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਸਮੇਂ ਹੀ ਇਸ ਬਾਰੇ ਕੋਈ ਜਵਾਬ ਦਿੱਤਾ ਜਾ ਸਕੇਗਾ।
8 ਦਸੰਬਰ ਨੂੰ ਮੋਗਾ ‘ਚ ਹੋਵੇਗੀ ਐਨਡੀਏ ਦੀ ਸਾਂਝੀ ਰੈਲੀ
ਇਸ ਸਭ ਦੇ ਵਿਚਕਾਰ ਅਕਾਲੀ ਦਲ ਤੇ ਭਾਜਪਾ ਨੇ ਮੁੜ ਇਕੱਠੇ ਹੋ ਕੇ ਚੋਣ ਮੈਦਾਨ ‘ਚ ਉਤਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੋਵੇਂ ਪਾਰਟੀਆਂ ਵੱਲੋਂ 8 ਦਸੰਬਰ ਨੂੰ ਪੰਜਾਬ ਦੇ ਮੋਗਾ ‘ਚ ਐਨਡੀਏ ਦੀ ਸਾਂਝੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਯੰਤੀ ਮੌਕੇ ਹੋਵੇਗੀ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੀਟਾਂ ਦੀ ਵੰਡ ਦੇ ਸੰਭਾਵੀ ਫਾਰਮੂਲੇ ਮੁਤਾਬਕ ਭਾਜਪਾ 47 ਤੋਂ 48 ਸੀਟਾਂ ਅਤੇ ਅਕਾਲੀ ਦਲ 69 ਤੋਂ 70 ਸੀਟਾਂ ‘ਤੇ ਚੋਣ ਲੜ ਸਕਦਾ ਹੈ।
31 ਫ਼ੀਸਦੀ ਸਾਂਝੇ ਵੋਟ ਸ਼ੇਅਰ ਦੇ ਸਹਾਰੇ ਸੱਤਾ ਦੀ ਉਮੀਦ
2024 ਦੀਆਂ ਲੋਕ ਸਭਾ ਚੋਣਾਂ ਦੇ ਵਿਧਾਨ ਸਭਾ ਹਲਕਿਆਂ ਅਨੁਸਾਰ ਨਤੀਜਿਆਂ ਨੂੰ ਦੇਖੀਏ ਤਾਂ ਭਾਜਪਾ ਨੇ ਕਰੀਬ 23 ਸੀਟਾਂ ‘ਤੇ ਬੜ੍ਹਤ ਬਣਾਈ ਸੀ, ਜਦਕਿ 7 ਸੀਟਾਂ ‘ਤੇ ਦੂਜੇ ਨੰਬਰ ‘ਤੇ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਨੇ 9 ਸੀਟਾਂ ‘ਤੇ ਬੜ੍ਹਤ ਹਾਸਲ ਕੀਤੀ ਸੀ। ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਭਾਜਪਾ ਨੂੰ 18 ਫ਼ੀਸਦੀ ਤੇ ਅਕਾਲੀ ਦਲ ਨੂੰ 13 ਫ਼ੀਸਦੀ ਵੋਟਾਂ ਮਿਲੀਆਂ ਸਨ। ਦੋਵਾਂ ਪਾਰਟੀਆਂ ਦਾ ਸਾਂਝਾ ਵੋਟ ਸ਼ੇਅਰ 31 ਫ਼ੀਸਦੀ ਬਣਦਾ ਹੈ। ਇਸੇ ਵੋਟ ਆਧਾਰ ਦੇ ਸਹਾਰੇ ਐਨਡੀਏ ਪੰਜਾਬ ‘ਚ ਮੁੜ ਸੱਤਾ ਹਾਸਲ ਕਰਨ ਦੀ ਉਮੀਦ ਲਗਾ ਰਿਹਾ ਹੈ।
