ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੈਸਲਾ, ਪਰਿਵਾਰਵਾਦ ਨਹੀਂ ਸਗੋਂ ਜਿੱਤਣ ਦੀ ਸਮਰੱਥਾ ਬਣੇਗੀ ਟਿਕਟ ਦਾ ਆਧਾਰ
ਕਾਂਗਰਸ ਅਜਿਹੀ ਰਣਨੀਤੀ ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਸਿਆਸੀ ਸੀਨੀਅਰਤਾ ਜਾਂ ਸੰਗਠਨ ਵਿੱਚ ਅਹੁਦੇ ਦੀ ਬਜਾਏ ਸਰਵੇਖਣ ਦੇ ਨਤੀਜਿਆਂ, ਲੋਕਾਂ ਵਿੱਚ ਆਗੂ ਦੀ ਛਵੀ, ਜ਼ਮੀਨੀ ਪੱਧਰ ਤੇ ਪਕੜ ਅਤੇ ਚੋਣ ਜਿੱਤਣ ਦੀ ਸਮਰੱਥਾ ਨੂੰ ਪਹਿਲ ਦਿੱਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ ‘ਚ ਰੁਝੀਆਂ ਹੋਈਆਂ ਹਨ। ਕਾਂਗਰਸ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਮੰਗਲਵਾਰ (24 ਨਵੰਬਰ) ਨੂੰ ਚੰਡੀਗੜ੍ਹ ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਦਫ਼ਤਰ ‘ਚ ਚੋਣ ਰਣਨੀਤੀ ਤੈਅ ਕਰਨ ਲਈ ਨਵੀਂ ਬਣਾਈ ਗਈ 42 ਮੈਂਬਰੀ ਪ੍ਰਦੇਸ਼ ਚੋਣ ਕਮੇਟੀ (PEC) ਦੀ ਪਹਿਲੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਤੇ ਸੂਬਾ ਪ੍ਰਧਾਨ ਪਰਗਟ ਸਿੰਘ ਮੌਜੂਦ ਰਹੇ।
ਮੀਟਿੰਗ ‘ਚ ਸ਼ਾਮਲ ਕਈ ਸੀਨੀਅਰ ਆਗੂਆਂ ਨੇ ਸੁਝਾਅ ਦਿੱਤਾ ਕਿ ਉਮੀਦਵਾਰਾਂ ਦਾ ਐਲਾਨ ਜਿੰਨੀ ਜਲਦੀ ਹੋ ਸਕੇ ਕਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਉਮੀਦਵਾਰਾਂ ਨੂੰ ਆਪਣੇ ਵਿਧਾਨ ਸਭਾ ਹਲਕਿਆਂ ‘ਚ ਚੋਣ ਤਿਆਰੀ ਲਈ ਪੂਰਾ ਸਮਾਂ ਮਿਲ ਸਕੇ। ਹਾਲਾਂਕਿ, ਕਮੇਟੀ ਦੇ ਕੁਝ ਮੈਂਬਰਾਂ ਨੇ ਇਹ ਵੀ ਸਲਾਹ ਦਿੱਤੀ ਕਿ ਟਿਕਟਾਂ ਦੇ ਐਲਾਨ ‘ਚ ਜਲਦਬਾਜ਼ੀ ਕਰਨ ਦੀ ਬਜਾਏ ਕੁਝ ਹੋਰ ਸਮਾਂ ਲਿਆ ਜਾਵੇ ਤੇ ਜ਼ਮੀਨੀ ਸਿਆਸੀ ਸਮੀਕਰਨਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੀ ਰਣਨੀਤੀ ਨੂੰ ਵੀ ਚੰਗੀ ਤਰ੍ਹਾਂ ਸਮਝਿਆ ਜਾਵੇ।
ਮੌਜੂਦਾ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ‘ਚ ਉਤਾਰਨ ਬਾਰੇ ਵੀ ਚਰਚਾ
ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਲੜਵਾਉਣ ਦੇ ਮੁੱਦੇ ਤੇ ਵੀ ਆਗੂਆਂ ਦੇ ਇੱਕ ਧੜੇ ਨੇ ਇਸ ਦਾ ਸਮਰਥਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਪਾਰਟੀ ਦੀ ਪਹਿਲੀ ਤਰਜੀਹ ਹੈ। ਜੇਕਰ ਇਸ ਮਕਸਦ ਲਈ ਮੌਜੂਦਾ ਸੰਸਦ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਜਿੱਤਣ ਦੀ ਸਮਰੱਥਾ ਦੇ ਆਧਾਰ ਤੇ ਚੋਣ ਮੈਦਾਨ ‘ਚ ਉਤਾਰਨਾ ਪਵੇ ਤਾਂ ਹਾਈਕਮਾਂਡ ਨੂੰ ਅਜਿਹਾ ਫੈਸਲਾ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਹਾਲਾਂਕਿ, ਸਾਰੇ ਆਗੂਆਂ ਨੇ ਇਸ ਮਾਮਲੇ ‘ਚ ਹਾਈਕਮਾਂਡ ਦੇ ਫੈਸਲੇ ਨੂੰ ਹੀ ਅੰਤਿਮ ਮੰਨਣ ਤੇ ਸਹਿਮਤੀ ਜਤਾਈ।
ਚੋਣ ਪ੍ਰਚਾਰ ਤੇ ਚੋਣ ਮਨੋਰਥ ਪੱਤਰ ਬਾਰੇ ਵੀ ਹੋਈ ਚਰਚਾ
ਇਸ ਮੀਟਿੰਗ ‘ਚ ਸਿਰਫ਼ ਟਿਕਟਾਂ ਦੀ ਵੰਡ ਹੀ ਨਹੀਂ, ਸਗੋਂ ਚੋਣ ਪ੍ਰਚਾਰ ਮੁਹਿੰਮ ਤੇ ਪਾਰਟੀ ਦੇ ਚੋਣ ਮਨੋਰਥ ਪੱਤਰ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ 20 ਦਸੰਬਰ 2026 ਤੱਕ ਅੰਤਿਮ ਰੂਪ ਦੇਣ ਦਾ ਟੀਚਾ ਰੱਖਿਆ ਹੈ।
ਮੀਟਿੰਗ ਦੌਰਾਨ ਵੱਖ-ਵੱਖ ਵਿਧਾਨ ਸਭਾ ਹਲਕਿਆਂ’ਚ ਮੌਜੂਦਾ ਵਿਧਾਇਕਾਂ ਤੇ ਟਿਕਟ ਦੇ ਦਾਅਵੇਦਾਰਾਂ ਦੀ ਜ਼ਮੀਨੀ ਸਰਗਰਮੀ ਤੇ ਸੰਗਠਨ ‘ਚ ਉਨ੍ਹਾਂ ਦੀ ਪਕੜ ਦਾ ਜਾਇਜ਼ਾ ਵੀ ਲਿਆ ਗਿਆ। ਇਸ ਦੌਰਾਨ ਲਗਭਗ 35 ਤੋਂ 40 ਅਜਿਹੀਆਂ ਵਿਧਾਨ ਸਭਾ ਸੀਟਾਂ ਬਾਰੇ ਚਰਚਾ ਹੋਈ, ਜਿੱਥੇ ਸੰਭਾਵੀ ਉਮੀਦਵਾਰਾਂ ਦੀ ਗਿਣਤੀ ਸਿਰਫ਼ ਇੱਕ ਜਾਂ ਦੋ ਹੀ ਹੈ। ਹੁਣ ਇਨ੍ਹਾਂ ਨਾਵਾਂ ਨੂੰ ਅਗਲੀ ਜਾਂਚ ਲਈ ਸਕ੍ਰੀਨਿੰਗ ਕਮੇਟੀ ਕੋਲ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ
ਹਾਈਕਮਾਂਡ ਦੇ ਫੈਸਲੇ ਦਾ ਕੀਤਾ ਜਾਵੇਗਾ ਸਨਮਾਨ
ਮੀਟਿੰਗ ‘ਚ ਇਸ ਗੱਲ ਤੇ ਸਹਿਮਤੀ ਬਣੀ ਕਿ ਸਰਵੇਖਣ ਰਿਪੋਰਟ ਦੇ ਆਧਾਰ ਤੇ ਚੋਣ ਜਿੱਤਣ ਦੀ ਸਮਰੱਥਾ ਹੀ ਟਿਕਟ ਦੇਣ ਲਈ ਸਭ ਤੋਂ ਅਹਿਮ ਮਾਪਦੰਡ ਹੋਵੇਗੀ। ਭਾਈ-ਭਤੀਜਾਵਾਦ ਜਾਂ ਪਰਿਵਾਰਵਾਦ ਦੀ ਬਜਾਏ ਸਰਵੇਖਣ ਰਿਪੋਰਟ ਤੇ ਉਮੀਦਵਾਰ ਦੀ ਜਿੱਤਣ ਦੀ ਯੋਗਤਾ ਨੂੰ ਤਰਜੀਹ ਦਿੱਤੀ ਜਾਵੇਗੀ।
ਸਕ੍ਰੀਨਿੰਗ ਕਮੇਟੀ ਵੱਲੋਂ ਚੁਣੇ ਗਏ ਨਾਵਾਂ ਦੇ ਆਧਾਰ ਤੇ ਹਾਈਕਮਾਂਡ ਵੱਲੋਂ ਜਿਹੜੇ ਵੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਕੇ ਸੂਚੀ ਜਾਰੀ ਕੀਤੀ ਜਾਵੇਗੀ, ਉਸ ਦਾ ਸਾਰੇ ਆਗੂ ਸਨਮਾਨ ਕਰਨਗੇ। ਸੀਨੀਅਰ ਆਗੂਆਂ ਨੇ ਇਹ ਵੀ ਸਹਿਮਤੀ ਜਤਾਈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਧੜੇਬੰਦੀ ‘ਚ ਨਹੀਂ ਪੈਣਗੇ ਤੇ ਹਾਈਕਮਾਂਡ ਦੇ ਫੈਸਲੇ ਨੂੰ ਸਵੀਕਾਰ ਕਰਨਗੇ।
ਇਸ ਮੀਟਿੰਗ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸੂਬਾ ਪ੍ਰਧਾਨ ਪਰਗਟ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਚੋਣ ਪ੍ਰਚਾਰ ਕਮੇਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।
