ਕੇਜਰੀਵਾਲ ਅੱਜ ਲੁਧਿਆਣਾ ਦੌਰੇ ‘ਤੇ, ਸੰਜੀਵ ਅਰੋੜਾ ਦੀ ਟੀਮ ਨਾਲ ਕਰਨਗੇ ਮੀਟਿੰਗ; ਕੱਲ੍ਹ ਮੋਗਾ ‘ਚ ਹੋਵੇਗੀ ‘ਖੁਸ਼ਹਾਲ ਪੰਜਾਬ ਰੈਲੀ’

Updated On: 

25 Nov 2026 12:20 PM IST

ਕੇਜਰੀਵਾਲ ਤੇ ਭਗਵੰਤ ਮਾਨ ਦੀ ਲੁਧਿਆਣਾ 'ਚ ਹੋਣ ਵਾਲੀ ਇਹ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਇਸ ਦੌਰਾਨ ਸੰਜੀਵ ਅਰੋੜਾ ਦੀ ਟੀਮ ਨਾਲ ਇਲਾਕੇ ਦੇ ਸਿਆਸੀ ਹਾਲਾਤ ਤੇ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਭੂਮਿਕਾ ਬਾਰੇ ਚਰਚਾ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਲੀਡਰਸ਼ਿਪ ਦਾ ਧਿਆਨ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਸਰਗਰਮ ਕਰਨ 'ਤੇ ਹੈ।

ਕੇਜਰੀਵਾਲ ਅੱਜ ਲੁਧਿਆਣਾ ਦੌਰੇ ਤੇ, ਸੰਜੀਵ ਅਰੋੜਾ ਦੀ ਟੀਮ ਨਾਲ ਕਰਨਗੇ ਮੀਟਿੰਗ; ਕੱਲ੍ਹ ਮੋਗਾ ਚ ਹੋਵੇਗੀ ਖੁਸ਼ਹਾਲ ਪੰਜਾਬ ਰੈਲੀ

ਕੇਜਰੀਵਾਲ ਅੱਜ ਲੁਧਿਆਣਾ ਦੌਰੇ 'ਤੇ, ਕੱਲ੍ਹ ਮੋਗਾ 'ਚ ਹੋਵੇਗੀ ਖੁਸ਼ਹਾਲ ਪੰਜਾਬ ਰੈਲੀ

ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਆਮ ਆਦਮੀ ਪਾਰਟੀ ਨੇ ਵੀ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਪਹੁੰਚ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਲੁਧਿਆਣਾ ਦੌਰੇ ਦੌਰਾਨ ਦੋਵੇਂ ਆਗੂ ਸੰਜੀਵ ਅਰੋੜਾ ਦੇ ਪਰਿਵਾਰ ਤੇ ਉਨ੍ਹਾਂ ਦੀ ਟੀਮ ਨਾਲ ਅਹਿਮ ਮੀਟਿੰਗ ਕਰਨਗੇ। ਇਸ ਬੈਠਕ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ, ਸਥਾਨਕ ਸਿਆਸੀ ਸਮੀਕਰਨਾਂ ਤੇ ਪਾਰਟੀ ਦੀਆਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।

ਲੁਧਿਆਣਾ ਤੋਂ ਚੋਣ ਤਿਆਰੀਆਂ ਨੂੰ ਮਿਲੇਗੀ ਰਫ਼ਤਾਰ

ਕੇਜਰੀਵਾਲ ਤੇ ਭਗਵੰਤ ਮਾਨ ਦੀ ਲੁਧਿਆਣਾ ‘ਚ ਹੋਣ ਵਾਲੀ ਇਹ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਇਸ ਦੌਰਾਨ ਸੰਜੀਵ ਅਰੋੜਾ ਦੀ ਟੀਮ ਨਾਲ ਇਲਾਕੇ ਦੇ ਸਿਆਸੀ ਹਾਲਾਤ ਤੇ ਆਉਣ ਵਾਲੀਆਂ ਚੋਣਾਂ ‘ਚ ਪਾਰਟੀ ਦੀ ਭੂਮਿਕਾ ਬਾਰੇ ਚਰਚਾ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਲੀਡਰਸ਼ਿਪ ਦਾ ਧਿਆਨ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਸਰਗਰਮ ਕਰਨ ‘ਤੇ ਹੈ।

26 ਨਵੰਬਰ ਨੂੰ ਮੋਗਾ ‘ਚ ਹੋਵੇਗੀ ‘ਖੁਸ਼ਹਾਲ ਪੰਜਾਬ ਮਹਾ ਰੈਲੀ’

ਲੁਧਿਆਣਾ ਦੌਰੇ ਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਕੱਲ੍ਹ (26 ਨਵੰਬਰ) ਨੂੰ ਮੋਗਾ ਦੇ ਪਿੰਡ ਮਟਵਾਣੀ ਵਿਖੇ ਹੋਣ ਵਾਲੀ ‘ਖੁਸ਼ਹਾਲ ਪੰਜਾਬ ਮਹਾ ਰੈਲੀ’ ‘ਚ ਸ਼ਾਮਲ ਹੋਣਗੇ। ਇਹ ਰੈਲੀ ਆਮ ਆਦਮੀ ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਕਰਵਾਈ ਜਾ ਰਹੀ ਹੈ। ਇਸ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਰੈਲੀ ਲਈ ਪਿੰਡ ਮਟਵਾਣੀ ‘ਚ ਕਰੀਬ 116 ਏਕੜ ਜ਼ਮੀਨ ‘ਤੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਪਾਰਟੀ ਆਗੂਆਂ ਮੁਤਾਬਕ ਇਸ ਸਮਾਗਮ ‘ਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਦਕਿ ਕੁਝ ਆਗੂਆਂ ਨੇ ਇਹ ਗਿਣਤੀ ਡੇਢ ਲੱਖ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਹੈ। ਰੈਲੀ ‘ਚ ਪੰਜਾਬ ਭਰ ਤੋਂ ਪਾਰਟੀ ਵਰਕਰਾਂ, ਆਗੂਆਂ ਤੇ ਸਮਰਥਕ ਸ਼ਾਮਲ ਹੋਣਗੇ।

71 ਉਮੀਦਵਾਰਾਂ ਨਾਲ ਚੋਣ ਮੁਹਿੰਮ ਦਾ ਹੋਵੇਗਾ ਆਗਾਜ਼

ਇਸ ਰੈਲੀ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਹੁਣ ਤੱਕ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ 71 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਉਮੀਦਵਾਰਾਂ ਦੀ ਮੌਜੂਦਗੀ ਵੀ ਰੈਲੀ ‘ਚ ਰਹਿਣ ਦੀ ਉਮੀਦ ਹੈ। ਪਾਰਟੀ ਇਸ ਮੰਚ ਤੋਂ ਆਪਣੀ ਸਰਕਾਰ ਦੇ ਕਰੀਬ ਪੰਜ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖਣ ਦੇ ਨਾਲ ਪੰਜਾਬ ਦੇ ਭਵਿੱਖੀ ਵਿਕਾਸ ਲਈ ਆਪਣਾ ਰੋਡਮੈਪ ਵੀ ਪੇਸ਼ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕਾਰਜਾਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਜਾ ਸਕਦਾ ਹੈ। ਇਸ ਦੌਰਾਨ ਉਹ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨੇ ‘ਤੇ ਲੈਣਗੇ।

ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਵੀ ਹੋਵੇਗੀ

ਇਸ ਰੈਲੀ ਨੂੰ ਲੈ ਕੇ ਇੱਕ ਹੋਰ ਅਹਿਮ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਕਾਰਡਾਂ ਦੀ ਵੰਡ ਸ਼ੁਰੂ ਕੀਤੇ ਜਾਣ ਦੀ ਵੀ ਤਿਆਰੀ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਤੇ ਡੀਜੀਪੀ ਗੌਰਵ ਯਾਦਵ ਨੇ ਮੋਗਾ ਪਹੁੰਚ ਕੇ ਸੁਰੱਖਿਆ, ਪਾਰਕਿੰਗ, ਆਵਾਜਾਈ ਅਤੇ ਭੀੜ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਰੈਲੀ ਵਾਲੀ ਥਾਂ ‘ਤੇ ਪੀਣ ਵਾਲੇ ਪਾਣੀ, ਖਾਣੇ, ਬੈਠਣ ਤੇ ਪਖਾਨਿਆਂ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮੋਗਾ ਪੁਲਿਸ ਵੱਲੋਂ ਰੈਲੀ ਵਾਲੇ ਦਿਨ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਬਦਲਵੇਂ ਰਸਤੇ ਵੀ ਨਿਰਧਾਰਤ ਕੀਤੇ ਗਏ ਹਨ।

Loading...
Unable to load recommendations.
Follow Us