ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਫੁੱਲਾਂ ਦੀ ਸਜਾਵਟ
ਇਸ ਸੇਵਾ ਦੌਰਾਨ ਦੇਸ਼-ਵਿਦੇਸ਼ ਤੋਂ ਲਿਆਂਦੀਆਂ 25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੇਵਾਦਾਰਾਂ, ਸ਼ਰਧਾਲੂਆਂ ਤੇ ਦਿੱਲੀ ਤੇ ਕਲਕੱਤਾ ਤੋਂ ਪਹੁੰਚੇ ਕਾਰੀਗਰਾਂ ਵੱਲੋਂ ਮਿਲ ਕੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਇਸ ਸੇਵਾ ਰਾਹੀਂ ਹਵਾਈ ਅੱਡੇ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਫੁੱਲਾਂ ਦੀ ਮਹਿਕ ਤੇ ਮਨਮੋਹਕ ਸਜਾਵਟ ਨਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫੁੱਲਾਂ ਦੀ ਸਜਾਵਟ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਤੇ ਯਾਤਰੀਆਂ ਦਾ ਨਿੱਘਾ ਸੁਆਗਤ ਕਰਨਾ ਹੈ।
ਸੇਵਾਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹਵਾਈ ਅੱਡੇ ਦੇ ਅਰਾਈਵਲ ਤੇ ਡਿਪਾਰਚਰ ਖੇਤਰਾਂ ਸਮੇਤ ਵੱਖ-ਵੱਖ ਹਿੱਸਿਆਂ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਕਾਊਂਟਰਾਂ ਤੇ ਹੋਰ ਪ੍ਰਮੁੱਖ ਥਾਵਾਂ ਤੇ ਵੀ ਵਿਸ਼ੇਸ਼ ਸਜਾਵਟ ਕੀਤੀ ਜਾ ਰਹੀ ਹੈ। ਹਵਾਈ ਅੱਡੇ ਤੇ ਗੁਰੂ ਸਾਹਿਬਾਨ ਦੇ ਸਰੂਪ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ਾਲ ਮਾਡਲ ਵੀ ਸੁਸ਼ੋਭਿਤ ਕੀਤਾ ਗਿਆ ਹੈ, ਜੋ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗਾ।
25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ
ਇਸ ਸੇਵਾ ਦੌਰਾਨ ਦੇਸ਼-ਵਿਦੇਸ਼ ਤੋਂ ਲਿਆਂਦੀਆਂ 25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੇਵਾਦਾਰਾਂ, ਸ਼ਰਧਾਲੂਆਂ ਤੇ ਦਿੱਲੀ ਤੇ ਕਲਕੱਤਾ ਤੋਂ ਪਹੁੰਚੇ ਕਾਰੀਗਰਾਂ ਵੱਲੋਂ ਮਿਲ ਕੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਇਸ ਸੇਵਾ ਰਾਹੀਂ ਹਵਾਈ ਅੱਡੇ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਫੁੱਲਾਂ ਦੀ ਮਹਿਕ ਤੇ ਮਨਮੋਹਕ ਸਜਾਵਟ ਨਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸੇਵਾਦਾਰਾਂ ਅਨੁਸਾਰ, ਇਹ ਸੇਵਾ ਸਿਰਫ਼ ਹਵਾਈ ਅੱਡੇ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਫੁੱਲਾਂ ਦੀ ਸਜਾਵਟ ਕੀਤੀ ਜਾਵੇਗੀ। ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਕੀਰਤਨ ਤੇ ਮੁੱਖ ਸਮਾਗਮਾਂ ਤੱਕ ਇਸ ਸੇਵਾ ਨੂੰ ਜਾਰੀ ਰੱਖਣ ਦੀ ਯੋਜਨਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਉਪਰਾਲਾ ਗੁਰੂ ਸਾਹਿਬ ਪ੍ਰਤੀ ਸੰਗਤਾਂ ਦੀ ਸ਼ਰਧਾ ਅਤੇ ਅੰਮ੍ਰਿਤਸਰ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਸੁਆਗਤ ਦੀ ਭਾਵਨਾ ਨੂੰ ਦਰਸਾਉਂਦਾ ਹੈ।
