ਬਠਿੰਡਾ ‘ਚ ਦੁਕਾਨ ਤੋਂ ਗਹਿਣੇ ਤੇ ਨਕਦੀ ਲੈ ਉੱਡੇ 3 ਨਕਾਬਪੋਸ਼ ਚੋਰ, ਗੈਸ ਕਟਰ ਨਾਲ ਕੱਟਿਆ ਸ਼ਟਰ ਤੇ ਤਿਜੋਰੀ
ਬਠਿੰਡਾ ਦੇ ਭਗਤਾ ਭਾਈਕਾ ਇਲਾਕੇ ਵਿੱਚ ਸਥਿਤ 'ਗੁਰਮੇਲ ਜਿਊਲਰਜ਼' ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਤਿੰਨ ਨਕਾਬਪੋਸ਼ ਨੌਜਵਾਨ ਦੁਕਾਨ ਦੇ ਕੋਲ ਪਹੁੰਚਦੇ, ਪੌੜੀਆਂ ਰਾਹੀਂ ਛੱਤ 'ਤੇ ਜਾਂਦੇ ਅਤੇ ਗੈਸ ਕਟਰ ਨਾਲ ਸ਼ਟਰ ਕੱਟ ਕੇ ਅੰਦਰ ਦਾਖ਼ਲ ਹੁੰਦੇ ਸਾਫ਼ ਦਿਖਾਈ ਦੇ ਰਹੇ ਹਨ।
ਬਠਿੰਡਾ ਦੇ ਭਗਤਾ ਭਾਈਕਾ ਇਲਾਕੇ ਵਿੱਚ ਸਥਿਤ ‘ਗੁਰਮੇਲ ਜਿਊਲਰਜ਼’ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਤਿੰਨ ਨਕਾਬਪੋਸ਼ ਨੌਜਵਾਨ ਦੁਕਾਨ ਦੇ ਕੋਲ ਪਹੁੰਚਦੇ, ਪੌੜੀਆਂ ਰਾਹੀਂ ਛੱਤ ‘ਤੇ ਜਾਂਦੇ ਅਤੇ ਗੈਸ ਕਟਰ ਨਾਲ ਸ਼ਟਰ ਕੱਟ ਕੇ ਅੰਦਰ ਦਾਖ਼ਲ ਹੁੰਦੇ ਸਾਫ਼ ਦਿਖਾਈ ਦੇ ਰਹੇ ਹਨ।
ਮੁਲਜ਼ਮਾਂ ਨੇ ਦੁਕਾਨ ਦੇ ਅੰਦਰ ਰੱਖੀ ਤਿਜੋਰੀ ਨੂੰ ਵੀ ਗੈਸ ਕਟਰ ਨਾਲ ਦੋ ਥਾਵਾਂ ਤੋਂ ਕੱਟਿਆ ਅਤੇ ਕੀਮਤੀ ਗਹਿਣੇ ਸਮੇਤ ਨਕਦੀ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨੂੰ ਦੇਖਦਿਆਂ ਪੁਲਿਸ ਅਤੇ ਵਪਾਰੀਆਂ ਨੂੰ ਸ਼ੱਕ ਹੈ ਕਿ ਚੋਰ ਕੋਈ ‘ਭੇਤੀ’ ਸਨ, ਜਿਨ੍ਹਾਂ ਨੂੰ ਦੁਕਾਨ ਦੇ ਚੱਪੇ-ਚੱਪੇ ਦੀ ਪੂਰੀ ਜਾਣਕਾਰੀ ਸੀ। ਪੁਲਿਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਚੋਰਾਂ ਨੂੰ ਇਹ ਕਿਵੇਂ ਪਤਾ ਸੀ ਕਿ ਨਾਲ ਲੱਗਦੀ ਉਸਾਰੀ ਅਧੀਨ ਇਮਾਰਤ ਤੋਂ ਛੱਤ ‘ਤੇ ਜਾਣ ਦਾ ਰਸਤਾ ਹੈ ਅਤੇ ਚੁਬਾਰੇ ਵਿੱਚ ਲੋਹੇ ਦਾ ਸ਼ਟਰ ਲੱਗਿਆ ਹੋਇਆ ਹੈ। ਤਿਜੋਰੀ ਕੱਟਣ ਲਈ ਗੈਸ ਕਟਰ ਨਾਲ ਲੈ ਕੇ ਆਉਣਾ ਵੀ ਪੂਰੀ ਰੇਕੀ ਅਤੇ ਸੋਚੀ-ਸਮਝੀ ਤਿਆਰੀ ਵੱਲ ਇਸ਼ਾਰਾ ਕਰਦਾ ਹੈ।
ਸਵਾ ਦੋ ਘੰਟੇ ਤੱਕ ਦੁਕਾਨ ਦੇ ਅੰਦਰ ਚੱਲਦੀ ਰਹੀ ਚੋਰੀ
ਸੀਸੀਟੀਵੀ ਫੁਟੇਜ ਮੁਤਾਬਕ ਐਤਵਾਰ ਦੇਰ ਰਾਤ 1:14 ਮਿੰਟ ‘ਤੇ ਤਿੰਨ ਨੌਜਵਾਨ ਦੁਕਾਨ ਦੇ ਨੇੜੇ ਪਹੁੰਚੇ, ਜਿਨ੍ਹਾਂ ਨੇ ਆਪਣੀ ਪਛਾਣ ਛੁਪਾਉਣ ਲਈ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ। ਚੋਰਾਂ ਨੇ ਨਾਲ ਲੱਗਦੀ ਇੱਕ ਉਸਾਰੀ ਅਧੀਨ ਇਮਾਰਤ ਦੀਆਂ ਪੌੜੀਆਂ ਦੀ ਵਰਤੋਂ ਕੀਤੀ ਅਤੇ ਦੁਕਾਨ ਦੀ ਛੱਤ ‘ਤੇ ਪਹੁੰਚ ਕੇ ਗੈਸ ਕਟਰ ਨਾਲ ਸ਼ਟਰ ਕੱਟ ਕੇ ਅੰਦਰ ਦਾਖ਼ਲ ਹੋ ਗਏ। ਦੁਕਾਨ ਦੇ ਅੰਦਰ ਵੜਨ ਤੋਂ ਬਾਅਦ ਮੁਲਜ਼ਮਾਂ ਨੇ ਤਿਜੋਰੀ ਨੂੰ ਨਿਸ਼ਾਨਾ ਬਣਾਇਆ ਅਤੇ ਗੈਸ ਕਟਰ ਦੀ ਮਦਦ ਨਾਲ ਤਿਜੋਰੀ ਨੂੰ ਪਿੱਛੋਂ ਦੋ ਥਾਵਾਂ ਤੋਂ ਕੱਟ ਕੇ ਉਸ ਵਿੱਚ ਰੱਖੇ ਕੀਮਤੀ ਗਹਿਣੇ ਸਮੇਤ ਗੱਲੇ ਵਿੱਚ ਪਈ ਨਕਦੀ ਕੱਢ ਲਈ।
ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਰਾਤ 3:47 ਮਿੰਟ ‘ਤੇ ਦੁਕਾਨ ਵਿੱਚੋਂ ਬਾਹਰ ਨਿਕਲੇ ਅਤੇ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਰਾਤ 1:14 ਤੋਂ 3:47 ਵਜੇ ਤੱਕ ਯਾਨੀ ਕਰੀਬ ਸਵਾ ਦੋ ਘੰਟੇ ਤੱਕ ਬੇਖ਼ੌਫ਼ ਹੋ ਕੇ ਦੁਕਾਨ ਦੇ ਅੰਦਰ ਚੋਰੀ ਕਰਦੇ ਰਹੇ।
ਸਵੇਰੇ ਦੁਕਾਨ ਖੋਲ੍ਹਣ ‘ਤੇ ਉੱਡੇ ਮਾਲਕ ਦੇ ਹੋਸ਼
ਸੋਮਵਾਰ ਸਵੇਰੇ ਕਰੀਬ 9 ਵਜੇ ਜਦੋਂ ਦੁਕਾਨ ਮਾਲਕ ਸੁਖਵਿੰਦਰ ਸਿੰਘ ਉਰਫ਼ ਕਾਕਾ ਦੁਕਾਨ ਖੋਲ੍ਹਣ ਪਹੁੰਚੇ, ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਤਿਜੋਰੀ ਕੱਟੀ ਹੋਈ ਸੀ। ਜਦੋਂ ਉਨ੍ਹਾਂ ਨੇ ਉੱਪਰ ਛੱਤ ‘ਤੇ ਜਾ ਕੇ ਦੇਖਿਆ ਤਾਂ ਚੁਬਾਰੇ ਦਾ ਸ਼ਟਰ ਵੀ ਕੱਟਿਆ ਹੋਇਆ ਮਿਲਿਆ। ਮਾਲਕ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੁਖਵਿੰਦਰ ਸਿੰਘ ਮੁਤਾਬਕ, ਦੁਕਾਨ ਵਿੱਚੋਂ ਕਰੀਬ 20 ਤੋਲੇ (ਲਗਭਗ 205 ਗ੍ਰਾਮ) ਸੋਨੇ ਦੇ ਗਹਿਣੇ, 2 ਕਿਲੋ ਚਾਂਦੀ ਅਤੇ ਗੱਲੇ ਵਿੱਚ ਰੱਖੇ 5 ਹਜ਼ਾਰ ਰੁਪਏ ਨਕਦ ਚੋਰੀ ਹੋਏ ਹਨ, ਜਿਸ ਨਾਲ ਉਨ੍ਹਾਂ ਦਾ ਲਗਭਗ 30 ਤੋਂ 32 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ
ਪੁਲਿਸ, CIA ਅਤੇ ਫੋਰੈਂਸਿਕ ਟੀਮਾਂ ਵੱਲੋਂ ਜਾਂਚ ਤੇਜ਼
ਡੀ.ਐੱਸ.ਪੀ. (ਫੂਲ) ਮਨੋਜ ਕੁਮਾਰ ਅਤੇ ਥਾਣਾ ਦਿਆਲਪੁਰਾ (ਭਗਤਾ ਭਾਈਕਾ) ਦੇ ਐੱਸ.ਐੱਚ.ਓ. ਪਰਬਤ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਦੀ ਸ਼ਿਕਾਇਤ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਮੌਕੇ ‘ਤੇ ਬਠਿੰਡਾ ਤੋਂ ਸੀ.ਆਈ.ਏ. (CIA) ਸਟਾਫ਼-1 ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਫੋਰੈਂਸਿਕ ਮਾਹਿਰਾਂ ਨੇ ਦੁਕਾਨ ਅਤੇ ਕੱਟੀ ਹੋਈ ਤਿਜੋਰੀ ਤੋਂ ਫਿੰਗਰਪ੍ਰਿੰਟ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਦੁਕਾਨ ਅਤੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਮੁਲਜ਼ਮਾਂ ਦੇ ਭੱਜਣ ਵਾਲੇ ਰੂਟ ਦਾ ਪਤਾ ਲਗਾਇਆ ਜਾ ਰਿਹਾ ਹੈ।
ਸਵਰਨਕਾਰ ਸੰਘ ਨੇ ਜਤਾਇਆ ਰੋਸ
ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਈ ਇਸ ਵੱਡੀ ਚੋਰੀ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਅਤੇ ਰੋਸ ਪਾਇਆ ਜਾ ਰਿਹਾ ਹੈ। ਮੌਕੇ ‘ਤੇ ਪਹੁੰਚੇ ਗੋਲਡ ਸਮਿਥ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਨੇ ਪੀੜਤ ਦੁਕਾਨਦਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪੂਰੀ ਯੂਨੀਅਨ ਇਸ ਔਖੀ ਘੜੀ ਵਿੱਚ ਸੁਖਵਿੰਦਰ ਸਿੰਘ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਬਾਜ਼ਾਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।
