ਕਾਂਗਰਸ ਦੇ ਕਲੇਸ਼ ਵਿਚਾਲੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ, ਚੰਨੀ ਨੇ ਬੁਲਾਈ ਬੈਠਕ

Updated On: 

03 Jul 2026 12:29 PM IST

Punjab Congress Controversy: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਹੋ ਸਕਦੀ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੇ ਬਰਕਰਾਰ ਰੱਖੇ ਜਾਣ ਦੇ ਹਾਈ ਕਮਾਂਡ ਦੇ ਫੈਸਲੇ ਤੋਂ ਨਰਾਜ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵਰਗ੍ਹੇ ਵੱਡੇ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਖਬਰ ਹੈ ਕਿ ਸੁਖੀ ਰੰਧਾਵਾ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਹਨ। ਉੱਧਰ ਚੰਨੀ ਵੀ ਅੱਜ ਆਪਣੇ ਸਮਰਥਕਾਂ ਨਾਲ ਬੈਠਕ ਤੋਂ ਬਾਅਦ ਵੱਡਾ ਫੈਸਲਾ ਲੈ ਸਕਦੇ ਹਨ।

ਕਾਂਗਰਸ ਦੇ ਕਲੇਸ਼ ਵਿਚਾਲੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ, ਚੰਨੀ ਨੇ ਬੁਲਾਈ ਬੈਠਕ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਹੋ ਸਕਦੀ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਬਣਾਏ ਰੱਖਣ ਨਾਲ ਸੀਨੀਅਰ ਆਗੂਆਂ ਵਿੱਚ ਭਾਰੀ ਨਰਾਜਗੀ ਹੈ। ਇੱਕ ਪਾਸੇ, ਕਾਂਗਰਸ ਹਾਈਕਮਾਨ ਦੇ ਫੈਸਲੇ ਤੋਂ ਨਾਰਾਜ਼ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਗੁਪਤ ਰੂਪ ਵਿੱਚ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਪਾਰਟੀ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਬਜਾਏ ਉਨ੍ਹਾਂ ਨੂੰ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਦੂਜੇ ਪਾਸੇ, ਸੂਬਾ ਪ੍ਰਧਾਨ ਨਾ ਨਿਯੁਕਤ ਕੀਤੇ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਮੋਰਿੰਡਾ ਸਥਿਤ ਆਪਣੇ ਘਰ ਕਾਂਗਰਸ ਆਗੂਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਤਿੰਨ ਸੰਸਦ ਮੈਂਬਰਾਂ, 12 ਵਿਧਾਇਕਾਂ ਅਤੇ 2022 ਦੀਆਂ ਚੋਣਾਂ ਹਾਰਨ ਵਾਲੇ ਲਗਭਗ 40 ਸਾਬਕਾ ਵਿਧਾਇਕਾਂ ਅਤੇ ਆਗੂਆਂ ਨੂੰ ਸੱਦਾ ਦਿੱਤਾ ਹੈ।

ਚੰਨੀ ਦੇ ਸੱਦੇ ‘ਤੇ, ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਵੀ ਮੀਟਿੰਗ ਵਿੱਚ ਪਹੁੰਚੇ ਹਨ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ, ਲਖਬੀਰ ਲੱਖਾ, ਤਰਸੇਮ ਡੀ.ਸੀ., ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਮਦਨ ਲਾਲ ਜਲਾਲਪੁਰ, ਸਾਬਕਾ ਐਮ.ਪੀ.ਕਮਿੰਦਰ ਸਿੰਘ ਕੜਵਲਪੁਰ, ਕਾਮਰੇਡ ਸਾਬਕਾ ਐਮ.ਪੀ. ਸਾਦਿਕ ਚੰਨੀ ਵੀ ਪਹੁੰਚੇ ਹੋਏ ਹਨ। ਖਬਰ ਲਿੱਖੇ ਜਾਣ ਤੱਕ ਹੋਰ ਕਈ ਆਗੂਆਂ ਵੀ ਲਗਾਤਾਰ ਮੀਟਿੰਗ ਲਈ ਪਹੁੰਚ ਰਹੇ ਸਨ।

ਹਾਈਕਮਾਂਡ ਨੂੰ ਤਾਕਤ ਦਿਖਾਉਣਾ ਚਾਹੁੰਦੇ ਹਨ ਚੰਨੀ

ਚੰਨੀ ਆਪਣੇ ਸਮਰਥਕ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਮੀਟਿੰਗ ਵਿੱਚ ਸ਼ਾਮਲ ਸਾਬਕਾ ਵਿਧਾਇਕ ਦਰਸ਼ਨ ਬਰਾੜ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਚੰਨੀ ਨੂੰ ਪਾਰਟੀ ਪ੍ਰਧਾਨ ਨਹੀਂ ਬਣਾਇਆ ਜਾਂਦਾ, ਤਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ। ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚਰਨਜੀਤ ਚੰਨੀ ਦਾ ਨਾਮ ਫਾਈਨਲ ਕੀਤਾ ਗਿਆ ਸੀ, ਪਰ ਇਸ ਨੂੰ ਅਚਾਨਕ ਬਦਲ ਕੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਦਾ ਅਹੁਦਾ ਬਰਕਰਾਰ ਰਿਹਾ।

ਕਾਂਗਰਸ ਵੱਲੋਂ ਜਾਰੀ ਲਿਸਟ ਵਿੱਚ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਰ, ਚੰਨੀ ਇਸ ਤੋਂ ਨਾਰਾਜ਼ ਸਨ ਅਤੇ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਵੀ ਨਹੀਂ ਕੀਤਾ। ਚੰਨੀ ਦੇ ਇੱਕ ਕਰੀਬੀ ਸਾਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, “ਚੰਨੀ ਪਾਰਟੀ ਪ੍ਰਧਾਨ ਨਾ ਬਣਾਏ ਜਾਣ ਤੋਂ ਬਹੁਤ ਨਾਰਾਜ਼ ਹਨ ਅਤੇ ਹੁਣ ਉਨ੍ਹਾਂ ਨੇ ਅੰਤ ਤੱਕ ਲੜਨ ਦਾ ਫੈਸਲਾ ਕੀਤਾ ਹੈ। ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਹਾਈ ਕਮਾਂਡ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ।”

ਮਨੀਸ਼ ਤਿਵਾਰੀ ਵੀ ਜਤਾ ਚੁੱਕੇ ਹਨ ਨਰਾਜਗੀ

ਉੱਧਰ, ਚੰਡੀਗੜ੍ਹ ਤੋਂ ਕਾਂਗਰਸ ਦੇ ਲੋਕਸਭਾ ਐਮਪੀ ਮਨੀਸ਼ ਤਿਵਾੜੀ ਵੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਆਪਣੀ ਨਰਾਜਗੀ ਜਤਾ ਚੁੱਕੇ ਹਨ। ਬੀਤੇ ਦਿਨ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ, “ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਸੁਰੱਖਿਆ (ਹੀਣਭਾਵਨਾ) ਦਾ ਕੋਈ ਪ੍ਰਤੀਰੋਧਕ (ਐਂਟੀਡੋਟ) ਹੁੰਦਾ।”

ਹਾਲਾਂਕਿ, ਇੰਡੀਅਨ ਨੈਸ਼ਨਲ ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਬਹੁਤ ਕੁਝ ਦਿੱਤਾ ਹੈ, ਅਤੇ ਮੈਂ ਆਪਣੀ ਜਵਾਨੀ ਦੇ ਦਹਾਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੇਵਾ ਲਈ ਸਮਰਪਿਤ ਕੀਤੇ ਹਨ। ਜੋ ਹੋਵੇਗਾ, ਸੋ ਹੋਵੇਗਾ…

Follow Us